ਦੁਬਈ: ਸਪੇਨ ਦੇ ਪ੍ਰਧਾਨ ਮੰਤਰੀ ਪੈਦਰੋ ਸਾਂਚੇਜ਼ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਪਲੈਟਫਾਰਮਾਂ ਦੀ ਵਰਤੋਂ ਕਰਨ ’ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਕਦਮ ਨੂੰ ਅਗਲੇ ਹਫ਼ਤੇ ਸਪੇਨ ਦੇ ਮੰਤਰੀ ਮੰਡਲ ਦੀ ਮਨਜ਼ੂਰੀ ਮਿਲਣ ਦੀ ਆਸ ਹੈ ਅਤੇ ਇਹ ਸੰਸਦ ਵਿੱਚ ਵਿਚਾਰ ਅਧੀਨ ਮੌਜੂਦਾ ਬਿੱਲ ਦੇ ਖਰੜੇ ਵਿੱਚ ਸੋਧ ਕਰੇਗਾ। ‘ਪੋਲੀਟਿਕੋ’ ਦੀ ਰਿਪੋਰਟ ਅਨੁਸਾਰ, ਉਨ੍ਹਾਂ ਨੇ ਇਹ ਕਦਮ ਆਨਲਾਈਨ ਸੁਰੱਖਿਆ ਅਤੇ ਨੁਕਸਾਨਦੇਹ ਡਿਜੀਟਲ ਸਮੱਗਰੀ ਬਾਰੇ ਚਿੰਤਾਵਾਂ ਦੇ ਮੱਦੇਨਜ਼ਰ ਚੁੱਕਿਆ ਹੈ।
ਦੁਬਈ ਵਿੱਚ ‘ਵਿਸ਼ਵ ਸਰਕਾਰ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਪੈਦਰੋ ਸਾਂਚੇਜ਼ ਨੇ ਕਿਹਾ ਕਿ ਸੋਸ਼ਲ ਮੀਡੀਆ ਕੰਪਨੀਆਂ ਲਈ ਇਸ ਪਾਬੰਦੀ ਨੂੰ ਲਾਗੂ ਕਰਨ ਵਾਸਤੇ ਉਮਰ ਦੀ ਪੁਸ਼ਟੀ ਕਰਨ ਵਾਲੀ ਮਜ਼ਬੂਤ ਪ੍ਰਣਾਲੀ ਪੇਸ਼ ਕਰਨੀ ਲਾਜ਼ਮੀ ਹੋਵੇਗੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪਲੈਟਫਾਰਮਾਂ ਨੂੰ ਉਮਰ ਦੀ ਪੁਸ਼ਟੀ ਕਰਨ ਵਾਲੀਆਂ ਪ੍ਰਣਾਲੀਆਂ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਲੋੜ ਹੋਵੇਗੀ। ਮੌਜੂਦਾ ਸਮੇਂ ਵਿੱਚ ਬੱਚੇ ਅਜਿਹੇ ਡਿਜੀਟਲ ਮਾਹੌਲ ਦੇ ਸੰਪਰਕ ਵਿੱਚ ਹਨ ਜਿੱਥੇ ਉਨ੍ਹਾਂ ਨੂੰ ਇਕੱਲੇ ਨਹੀਂ ਵਿਚਰਨਾ ਚਾਹੀਦਾ। ਇਹ ਕਦਮ ਸਪੇਨ ਵਿੱਚ ਡਿਜੀਟਲ ਸੁਧਾਰਾਂ ਅਤੇ ਬੱਚਿਆਂ ਦੀ ਸੁਰੱਖਿਆ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਪੋਲੀਟਿਕੋ’ ਦੀ ਖ਼ਬਰ ਅਨੁਸਾਰ, ਮੌਜੂਦਾ ਕਾਨੂੰਨ ਭਾਵੇਂ ਪਹਿਲਾਂ ਹੀ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਗਾਹਕਾਂ ਤੱਕ ਸੋਸ਼ਲ ਮੀਡੀਆ ਦੀ ਪਹੁੰਚ ਸੀਮਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਇਸ ਸੋਧੀ ਹੋਈ ਤਜਵੀਜ਼ ਵਿੱਚ ਨਾਬਾਲਗਾਂ ਦੇ ਅਜਿਹੇ ਪਲੈਟਫਾਰਮਾਂ ’ਤੇ ਰਜਿਸਟਰ ਕਰਨ ’ਤੇ ਪਾਬੰਦੀ ਲਗਾਈ ਜਾਵੇਗੀ।

