ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਵਿਕਸਿਤ ਭਾਰਤ ਲਈ ਅੱਜ ਨਿਰਮਾਣ ਨੂੰ ਹੁਲਾਰਾ ਦੇਣ ਲਈ ਕਈ ਉਪਾਵਾਂ ਦਾ ਐਲਾਨ ਕੀਤਾ, ਆਲਮੀ ਡੇਟਾ ਕੇਂਦਰਾਂ ਲਈ ਟੈਕਸ ਛੋਟ ਦਿੱਤੀ ਅਤੇ ਖੇਤੀ ਤੇ ਸੈਰ-ਸਪਾਟਾ ਖੇਤਰਾਂ ਲਈ ਪ੍ਰੋਤਸਾਹਨ ਦਾ ਐਲਾਨ ਕੀਤਾ। ਉਨ੍ਹਾਂ 53.5 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਜਿਸ ਨੂੰ ਵਧਦੇ ਆਲਮੀ ਜੋਖ਼ਮਾਂ ਵਿਚਾਲੇ ਵਿਕਾਸ ਬਰਕਰਾਰ ਰੱਖਣ ਲਈ ਲੰਮੇ ਸਮੇਂ ਦੇ ਖਾਕੇ ਵਜੋਂ ਦੇਖਿਆ ਜਾ ਰਿਹਾ ਹੈ। ਪੱਛਮੀ ਬੰਗਾਲ ਅਤੇ ਤਾਮਿਲਨਾਡੂ ਸਮੇਤ ਪੰਜ ਰਾਜਾਂ ’ਚ ਚੋਣਾਂ ਹੋਣ ਵਾਲੀਆਂ ਹਨ। ਇਸ ਦੇ ਬਾਵਜੂਦ ਲੋਕ ਲੁਭਾਊ ਐਲਾਨਾਂ ਤੋਂ ਪ੍ਰਹੇਜ਼ ਕਰਦਿਆਂ ਵਿੱਤੀ ਮਜ਼ਬੂਤੀਕਰਨ ਤੇ ਬੁਨਿਆਦੀ ਢਾਂਚੇ ’ਤੇ ਖਰਚ ਜਾਰੀ ਰੱਖਣ ਦਾ ਸੰਕੇਤ ਦਿੱਤਾ ਗਿਆ।
ਲੋਕ ਸਭਾ ’ਚ ਲਗਾਤਾਰ 9ਵਾਂ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਸੀਤਾਰਾਮਨ ਨੇ ਤਕਰੀਬਨ 90 ਮਿੰਟ ਦੇ ਭਾਸ਼ਣ ਵਿੱਚ ‘ਵਿਕਸਿਤ ਭਾਰਤ’ ਬਣਾਉਣ ਲਈ ਪ੍ਰਮੁੱਖ ਯੋਜਨਾਵਾਂ ਜਿਵੇਂ ਰੁਜ਼ਗਾਰ ਨੂੰ ਹੁਲਾਰਾ ਦੇਣ ਦੇ ਨਾਲ ਨਾਲ ਭਵਿੱਖ ਦੀਆਂ ਤਕਨੀਕਾਂ ਨੂੰ ਰਵਾਇਤੀ ਉਦਯੋਗਾਂ ਨਾਲ ਏਕੀਕ੍ਰਿਤ ਕਰਨ, ਦਾ ਐਲਾਨ ਕੀਤਾ। ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਜ਼ੋਰ ਦਿੰਦਿਆਂ ਪੂੰਜੀਗਤ ਖਰਚਾ ਵਿੱਤੀ ਸਾਲ 2026 ’ਚ ਪਹਿਲਾਂ ਤੋਂ ਹੀ ਰਿਕਾਰਡ 11.2 ਲੱਖ ਕਰੋੜ ਰੁਪਏ ਤੋਂ ਵਧਾ ਕੇ ਅਗਲੇ ਸਾਲ ਲਈ 12.2 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਮੰਤਰੀ ਵੱਲੋਂ ਐਨਾਨੇ ਕਈ ਬੁਨਿਆਦੀ ਢਾਂਚਾ ਪ੍ਰਾਜੈਕਟਾਂ ’ਚ 7 ਉੱਚ ਰਫ਼ਤਾਰ ਵਾਲੇ ਰੇਲ ਕਾਰੀਡੋਰ ਬਣਾਉਣ ਦੀ ਯੋਜਨਾ ਵੀ ਸ਼ਾਮਲ ਹੈ; ਰੱਖਿਆ ਖਰਚ ’ਚ ਪਿਛਲੇ ਸਾਲ ਮੁਕਾਬਲੇ ਤਕਰੀਬਨ 5ਵਾਂ ਹਿੱਸਾ ਵਾਧਾ ਹੋਇਆ ਹੈ।
ਆਲਮੀ ਪੱਧਰ ’ਤੇ ਭੂ-ਰਾਜਨੀਤਕ ਚਿੰਤਾਵਾਂ, ਖੜੌਤ ਅਤੇ ਵਿੱਤੀ ਜੋਖ਼ਮਾਂ ਦਰਮਿਆਨ ਵਿੱਤ ਮੰਤਰੀ ਨੇ ਕਿਹਾ ਕਿ ਰੁਜ਼ਗਾਰ ਦੇ ਮੌਕਿਆਂ ਤੇ ਤਕਨੀਕ ਆਧਾਰਿਤ ਵਿਕਾਸ ’ਤੇ ਜ਼ੋਰ ਦੇਣ ਦੇ ਨਾਲ ਹੀ ਸੱਤ ਤਰਜੀਹੀ ਖੇਤਰਾਂ ਫਾਰਮਾਸਿਊਟੀਕਲ, ਦੁਰਲੱਭ ਖਣਿਜਾਂ, ਸੈਮੀਕੰਡਕਟਰ, ਰਸਾਇਣ, ਪੂੰਜੀਗਤ ਸਾਮਾਨ, ਕੱਪੜੇ ਤੇ ਖੇਡਾਂ ਦੇ ਸਾਮਾਨ ’ਚ ਨਿਰਮਾਣ ਵਧਾਇਆ ਜਾਵੇਗਾ। ਬਜਟ ’ਚ ਵਿਅਕਤੀਗਤ ਆਮਦਨ ਕਰ ਸ਼੍ਰੇਣੀਆਂ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ ਪਰ ਸਰਕਾਰ ਨੇ ਉਦਯੋਗ ’ਚ ਨਿਵੇਸ਼ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਟੈਕਸ ਤੇ ਪ੍ਰੋਤਸਾਹਨ ਉਪਾਵਾਂ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨੇ ਜੈਵਿਕ-ਦਵਾਈ ਨਿਰਮਾਣ ਕੇਂਦਰ, ਟੈਕਸਟਾਈਲ ਪਾਰਕਾਂ, ਕੰਟੇਨਰ ਨਿਰਮਾਣ ਨੂੰ ਹੁਲਾਰਾ ਦੇਣ ਵਾਲੇ ਖੇਤਰਾਂ ਲਈ 10 ਹਜ਼ਾਰ ਕਰੋੜ ਰੁਪਏ ਦਾ ਐਲਾਨ ਕੀਤਾ ਹੈ। ਇਕ ਅਹਿਮ ਐਲਾਨ ’ਚ ਭਾਰਤ ਤੋਂ ਆਲਮੀ ਡੇਟਾ ਸੈਂਟਰ ਸੇਵਾਵਾਂ ਮੁਹੱਈਆ ਕਰਨ ਵਾਲੀਆਂ ਕੰਪਨੀਆਂ ਲਈ 20 ਸਾਲ ਦੀ ਟੈਕਸ ਛੋਟ ਅਤੇ ਵਿਦੇਸ਼ੀ ਕਲਾਊਡ ਕੰਪਨੀਆਂ ਨਾਲ ਸਬੰਧਤ ਸੰਸਥਾਵਾਂ ਵੱਲੋਂ ਮੁਹੱਈਆ ਕੀਤੀਆਂ ਜਾਣ ਵਾਲੀਆਂ ਡੇਟਾ ਸੈਂਟਰ ਸੇਵਾਵਾਂ ਦੀ ਲਾਗਤ ’ਤੇ 15 ਫੀਸਦ ਦੀ ਛੋਟ ਦਿੱਤੀ ਗਈ ਹੈ। ਬਜਟ ’ਚ ਕਸਟਮਜ਼ ਪ੍ਰਬੰਧ ਨੂੰ ਸਰਲ ਕੀਤਾ ਗਿਆ ਹੈ, ਛੋਟਾਂ ਤਰਕਸੰਗਤ ਕੀਤੀਆਂ ਗਈਆਂ ਹਨ, ਕੈਂਸਰ ਦੇ ਇਲਾਜ ਲਈ 17 ਦਵਾਈਆਂ ਟੈਕਸ ਮੁਕਤ ਕੀਤੀਆਂ ਗਈਆਂ। ਸਾਮਾਨ ਸਬੰਧੀ ਨੇਮਾਂ ’ਚ ਢਿੱਲ ਦਿੱਤੀ ਗਈ ਅਤੇ ਨਿੱਜੀ ਦਰਾਮਦ ’ਤੇ ਟੈਕਸ ਘਟਾ ਕੇ 10 ਫੀਸਦ ਕਰ ਦਿੱਤਾ ਗਿਆ ਹੈ। ਪਸ਼ੂ ਪਾਲਣ, ਮੱਛੀ ਪਾਲਣ, ਉੱਚ ਮੁੱਲ ਵਾਲੀ ਖੇਤੀ ਅਤੇ ਕੱਪੜਿਆਂ ਲਈ ਹਮਾਇਤ ਦਾ ਐਲਾਨ ਕੀਤਾ ਗਿਆ। ਸੈਰ ਸਪਾਟੇ ਸਬੰਧੀ ਤਜਵੀਜ਼ਾਂ ’ਚ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਉੱਤਰਾਖੰਡ ਦੇ ਪਰਬਤੀ ਮਾਰਗਾਂ ਤੇ 15 ਪੁਰਾਤੱਤਵ ਥਾਵਾਂ ਦਾ ਵਿਕਾਸ ਸ਼ਾਮਲ ਹੈ। ਛੋਟੇ ਕਾਰੋਬਾਰੀਆਂ ਲਈ ਸਰਕਾਰ ਨੇ 10 ਹਜ਼ਾਰ ਕਰੋੜ ਰੁਪਏ ਦੇ ਫੰਡ ਰੱਖੇ ਹਨ। ਵਿੱਤੀ ਮੋਰਚੇ ’ਤੇ ਸਰਕਾਰ ਦਾ ਟੀਚਾ ਕਰਜ਼-ਜੀ ਡੀ ਪੀ ਅਨੁਪਾਤ 56.1 ਫੀਸਦ ਤੋਂ ਘਟਾ ਕੇ 55.6 ਫੀਸਦ ਕਰਨਾ ਅਤੇ ਵਿੱਤੀ ਘਾਟਾ 4.4 ਫੀਸਦ ਤੋਂ ਘਟਾ ਕੇ 4.3 ਫੀਸਦ ਕਰਨਾ ਹੈ। ਸਰਕਾਰ ਬਾਂਡ ਬਾਜ਼ਾਰਾਂ ਤੋਂ 17.2 ਲੱਖ ਕਰੋੜ ਰੁਪਏ ਉਧਾਰ ਲੈਣ ਦੀ ਯੋਜਨਾ ਬਣਾ ਰਹੀ ਹੈ।
ਰੱਖਿਆ ਲਈ 7.84 ਲੱਖ ਕਰੋੜ ਰੁਪਏ ਦਾ ਬਜਟ
ਨਵੀਂ ਦਿੱਲੀ: ਗੁਆਂਢੀ ਦੇਸ਼ਾਂ ਵੱਲੋਂ ਮਿਲ ਰਹੀਆਂ ਸੁਰੱਖਿਆ ਚੁਣੌਤੀਆਂ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਵਿੱਤੀ ਵਰ੍ਹੇ 2026-27 ਲਈ ਰੱਖਿਆ ਬਜਟ ਵਿੱਚ 15 ਫੀਸਦ ਦਾ ਵੱਡਾ ਵਾਧਾ ਕਰਦਿਆਂ 7,84,678 ਕਰੋੜ ਰੁਪਏ ਅਲਾਟ ਕੀਤੇ ਹਨ; ਪਿਛਲੇ ਸਾਲ ਇਹ ਰਾਸ਼ੀ 6,81,210 ਕਰੋੜ ਰੁਪਏ ਸੀ। ਨਵੇਂ ਹਥਿਆਰਾਂ ਅਤੇ ਸਾਜ਼ੋ-ਸਾਮਾਨ ਦੀ ਖਰੀਦ ਲਈ 2,19,306 ਕਰੋੜ ਰੁਪਏ ਰੱਖੇ ਗਏ ਹਨ। ਰੋਜ਼ਾਨਾ ਦੇ ਖਰਚਿਆਂ ਲਈ 5,53,668 ਕਰੋੜ ਰੁਪਏ ਰੱਖੇ ਗਏ ਹਨ, ਜਿਨ੍ਹਾਂ ਵਿੱਚ 1,71,338 ਕਰੋੜ ਰੁਪਏ ਪੈਨਸ਼ਨਾਂ ਲਈ ਹਨ। ਵਿੱਤੀ ਵਰ੍ਹੇ 2026-27 ਲਈ ਰੱਖਿਆ ਬਜਟ ਦਾ ਪੂੰਜੀਗਤ ਹਿੱਸਾ 2025-26 ਦੇ ਬਜਟ ਅਨੁਮਾਨਾਂ ਦੇ ਮੁਕਾਬਲੇ 21.84 ਫੀਸਦੀ ਵੱਧ ਰੱਖਿਆ ਗਿਆ ਹੈ। ਪੂੰਜੀਗਤ ਖਰਚੇ ਤਹਿਤ, ਹਵਾਈ ਜਹਾਜ਼ਾਂ ਅਤੇ ਇੰਜਣਾਂ ਲਈ 63,733 ਕਰੋੜ ਰੁਪਏ ਜਦਕਿ ਜਲ ਸੈਨਾ ਦੇ ਬੇੜੇ ਲਈ 25,023 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇਸ ਸਾਲ ਦਾ ਕੁੱਲ ਪੂੰਜੀਗਤ ਖਰਚਾ ਮੌਜੂਦਾ ਵਿੱਤੀ ਵਰ੍ਹੇ ਦੇ ਬਜਟ ਅਨੁਮਾਨ 1.80 ਲੱਖ ਕਰੋੜ ਨਾਲੋਂ 39,000 ਕਰੋੜ ਤੋਂ ਵੀ ਜ਼ਿਆਦਾ ਹੈ। ਪੂੰਜੀਗਤ ਖਰੀਦ ਬਜਟ ਦਾ 75 ਫੀਸਦ ਹਿੱਸਾ, ਮਤਲਬ 1.39 ਲੱਖ ਕਰੋੜ ਵਿੱਤੀ ਵਰ੍ਹੇ 2026-27 ਦੌਰਾਨ ਸਿਰਫ਼ ਘਰੇਲੂ ਉਦਯੋਗਾਂ ਰਾਹੀਂ ਖਰੀਦਦਾਰੀ ਲਈ ਰਾਖਵਾਂ ਰੱਖੇ ਗਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਨਾਗਰਿਕ, ਸਿਖਲਾਈ ਅਤੇ ਹੋਰ ਹਵਾਈ ਜਹਾਜ਼ਾਂ ਦੇ ਨਿਰਮਾਣ ਲਈ ਲੋੜੀਂਦੇ ਪੁਰਜ਼ਿਆਂ ਅਤੇ ਹਿੱਸਿਆਂ ’ਤੇ ਬੇਸਿਕ ਕਸਟਮ ਡਿਊਟੀ ਤੋਂ ਛੋਟ ਦੇਣ ਦੀ ਤਜਵੀਜ਼ ਪੇਸ਼ ਕੀਤੀ ਹੈ। ਉਨ੍ਹਾਂ ਨੇ ਰੱਖਿਆ ਖੇਤਰ ਦੀਆਂ ਇਕਾਈਆਂ ਵਿੱਚ ਹਵਾਈ ਜਹਾਜ਼ਾਂ ਦੀ ਸਾਂਭ-ਸੰਭਾਲ, ਮੁਰੰਮਤ ਜ਼ਰੂਰਤਾਂ ਲਈ ਵਰਤੇ ਜਾਣ ਵਾਲੇ ਪੁਰਜ਼ੇ ਬਣਾਉਣ ਲਈ ਦਰਾਮਦ ਕੀਤੇ ਜਾਣ ਵਾਲੇ ਕੱਚੇ ਮਾਲ ’ਤੇ ਵੀ ਬੇਸਿਕ ਕਸਟਮ ਡਿਊਟੀ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਹੈ।
ਸ਼ਾਹਰਾਹ ਮੰਤਰਾਲੇ ਲਈ 3.09 ਲੱਖ ਕਰੋੜ ਅਲਾਟ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਵਿੱਤੀ ਵਰ੍ਹੇ 2026-27 ਲਈ ਸੜਕੀ ਆਵਾਜਾਈ ਅਤੇ ਸ਼ਾਹਰਾਹ ਮੰਤਰਾਲੇ ਲਈ 3.09 ਲੱਖ ਕਰੋੜ ਰੁਪਏ ਰੱਖਣ ਦਾ ਐਲਾਨ ਕੀਤਾ ਹੈ। ਇਹ ਮੌਜੂਦਾ ਵਿੱਤੀ ਵਰ੍ਹੇ ਦੇ 2.87 ਲੱਖ ਕਰੋੜ ਰੁਪਏ ਦੇ ਬਜਟ ਨਾਲੋਂ ਲਗਪਗ 8 ਫੀਸਦ ਵੱਧ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕੌਮੀ ਸ਼ਾਹਰਾਹ ਅਥਾਰਿਟੀ ਲਈ ਅਲਾਟਮੈਂਟ ਨੂੰ ਵੀ ਪਿਛਲੇ ਸਾਲ ਦੇ 1.70 ਲੱਖ ਕਰੋੜ ਰੁਪਏ ਤੋਂ ਵਧਾ ਕੇ 1.87 ਲੱਖ ਕਰੋੜ ਰੁਪਏ ਕਰਨ ਦੀ ਤਜਵੀਜ਼ ਰੱਖੀ ਹੈ। ਇੱਕ ਸੀਨੀਅਰ ਸਰਕਾਰੀ ਅਧਿਕਾਰੀ ਅਨੁਸਾਰ, ਕੌਮੀ ਸ਼ਾਹਰਾਹ ਅਥਾਰਿਟੀ ਮਾਰਚ ਵਿੱਚ ਖ਼ਤਮ ਹੋਣ ਵਾਲੇ ਮੌਜੂਦਾ ਵਿੱਤੀ ਵਰ੍ਹੇ ’ਚ ਆਪਣੇ ਕਰਜ਼ੇ ਨੂੰ 2 ਲੱਖ ਕਰੋੜ ਰੁਪਏ ਤੋਂ ਹੇਠਾਂ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਅਥਾਰਿਟੀ ਦਾ ਕਰਜ਼ਾ 31 ਦਸੰਬਰ 2025 ਤੱਕ ਘੱਟ ਕੇ 2.35 ਲੱਖ ਕਰੋੜ ਰੁਪਏ ਰਹਿ ਗਿਆ ਹੈ।
ਕੇਂਦਰੀ ਟੈਕਸਾਂ ’ਚ ਸੂਬਿਆਂ ਦੀ 41 ਫੀਸਦ ਹਿੱਸੇਦਾਰੀ ਦੀ ਸਿਫਾਰਸ਼
ਨੀਤੀ ਆਯੋਗ ਦੇ ਸਾਬਕਾ ਉਪ ਚੇਅਰਮੈਨ ਅਰਵਿੰਦ ਪਨਗੜੀਆ ਦੀ ਅਗਵਾਈ ਹੇਠਲੇ 16ਵੇਂ ਵਿੱਤ ਕਮਿਸ਼ਨ ਨੇ 1 ਅਪਰੈਲ 2026 ਤੋਂ ਸ਼ੁਰੂ ਹੋਣ ਵਾਲੀ ਪੰਜ ਸਾਲਾ ਮਿਆਦ ਲਈ ਕੇਂਦਰੀ ਟੈਕਸਾਂ ’ਚ ਸੂਬਿਆਂ ਦੀ ਹਿੱਸੇਦਾਰੀ 41 ਫੀਸਦ ਕਾਇਮ ਰੱਖਣ ਦੀ ਸਿਫਾਰਸ਼ ਕੀਤੀ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਲੋਕ ਸਭਾ ’ਚ 2026-31 ਲਈ ਕੇਂਦਰ ਤੇ ਸੂਬਿਆਂ ਵਿਚਾਲੇ ਟੈਕਸ ਤਬਾਦਲੇ ਬਾਰੇ 16ਵੇਂ ਵਿੱਤ ਕਮਿਸ਼ਨ ਦੀ ਰਿਪੋਰਟ ਪੇਸ਼ ਕੀਤੀ। ਵਿੱਤ ਮੰਤਰੀ ਨੇ ਕਿਹਾ, ‘‘ਸਰਕਾਰ ਨੇ ਕੇਂਦਰੀ ਟੈਕਸਾਂ ’ਚ ਸੂਬਿਆਂ ਦੀ ਹਿੱਸੇਦਾਰੀ 41 ਫੀਸਦ ਰੱਖਣ ਸਬੰਧੀ ਕਮਿਸ਼ਨ ਦੀ ਸਿਫਾਰਸ਼ ਸਵੀਕਾਰ ਕਰ ਲਈ ਹੈ।’’ ਕੇਂਦਰ ਸਰਕਾਰ ਨੇ ਵਿੱਤ ਕਮਿਸ਼ਨ ਦੀਆਂ ਗਰਾਂਟਾਂ ਵਜੋਂ ਵਿੱਤੀ ਸਾਲ 2026-27 ਲਈ ਰਾਜਾਂ ਨੂੰ 1.4 ਲੱਖ ਕਰੋੜ ਰੁਪਏ ਮੁਹੱਈਆ ਕੀਤੇ ਹਨ। ਇਨ੍ਹਾਂ ’ਚ ਪੇਂਡੂ ਤੇ ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਆਫ਼ਤ ਪ੍ਰਬੰਧਨ ਗਰਾਂਟਾਂ ਸ਼ਾਮਲ ਹਨ। ਸੰਵਿਧਾਨ ਤਹਿਤ ਗਠਿਤ ਵਿੱਤ ਕਮਿਸ਼ਨ ਕੇਂਦਰ ਤੇ ਰਾਜਾਂ ਵਿਚਾਲੇ ਟੈਕਸਾਂ ਦੀ ਵੰਡ ਬਾਰੇ ਫਾਰਮੂਲਾ ਦਿੰਦਾ ਹੈ। ਕੇਂਦਰ ਵੱਲੋਂ ਲਾਏ ਗਏ ਉਪ ਟੈਕਸ ਅਤੇ ਸਰਚਾਰਜ ਇਸ ਵੰਡ ਸਬੰਧੀ ਪੂਲ ਦਾ ਹਿੱਸਾ ਨਹੀਂ ਹੁੰਦੇ। 16ਵਾਂ ਵਿੱਤ ਕਮਿਸ਼ਨ 31 ਦਸੰਬਰ 2023 ਨੂੰ ਗਠਿਤ ਕੀਤਾ ਗਿਆ ਸੀ। ਸ੍ਰੀ ਪਨਗੜੀਆ ਦੀ ਅਗਵਾਈ ਹੇਠਲੇ ਕਮਿਸ਼ਨ ਦੇ ਮੈਂਬਰਾਂ ’ਚ ਸੇਵਾਮੁਕਤ ਨੌਕਰਸ਼ਾਹ ਐਨੀ ਜੌਰਜ ਮੈਥਿਊ, ਅਰਥ ਸ਼ਾਸਤਰੀ ਮਨੋਜ ਪਾਂਡਾ, ਐੱਬ ਸੀ ਆਈ ਸਮੂਹ ਦੇ ਮੁੱਖ ਆਰਥਿਕ ਸਲਾਹਕਾਰ ਸੌਮਿਆ ਕਾਂਤੀ ਘੋਸ਼ ਅਤੇ ਆਰ ਬੀ ਆਈ ਦੇ ਡਿਪਟੀ ਗਵਰਨਰ ਟੀ ਰਵੀ ਸ਼ਾਮਲ ਸ਼ਾਮਲ ਹਨ। ਕਮਿਸ਼ਨ ਦੇ ਸਕੱਤਰ ਰਿਤਵਿਕ ਪਾਂਡੇ ਨੇ 17 ਨਵੰਬਰ 2025 ਨੂੰ ਆਪਣੀ ਰਿਪੋਰਟ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਸੌਂਪੀ ਸੀ।
ਸਿਹਤ ਬਜਟ ਵਿੱਚ 10 ਫੀਸਦੀ ਇਜ਼ਾਫਾ
ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੂੰ 2026-27 ਦੇ ਬਜਟ ਵਿੱਚ 1,06,530.42 ਕਰੋੜ ਰੁਪਏ ਅਲਾਟ ਕੀਤੇ ਗਏ ਹਨ, ਜੋ 2025-26 ਨਾਲੋਂ 10 ਫੀਸਦੀ ਵਧ ਹਨ। ਮੰਤਰੀ ਨੇ ਕਿਹਾ ਕਿ ਸਹਿਯੋਗੀ ਸਿਹਤ ਸੰਭਾਲ ਪੇਸ਼ੇਵਰਾਂ (ਏ ਐੱਚ ਪੀ) ਲਈ ਮੌਜੂਦਾ ਸੰਸਥਾਵਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ ਅਤੇ ਨਿੱਜੀ ਅਤੇ ਸਰਕਾਰੀ ਖੇਤਰਾਂ ਵਿੱਚ ਨਵੀਆਂ ਏ ਐੱਚ ਪੀ ਸੰਸਥਾਵਾਂ ਸਥਾਪਤ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚ 10 ਖੇਤਰਾਂ ਨੂੰ ਸ਼ਾਮਲ ਕੀਤਾ ਜਾਵੇਗਾ, ਜਿਸ ਵਿੱਚ ਔਪਟੋਮਿਟਰੀ, ਰੇਡੀਓਲੋਜੀ, ਐਨਸਥੀਸੀਆ, ਓ ਟੀ ਤਕਨਾਲੋਜੀ, ਅਪਲਾਈਡ ਸਾਇਕਾਲੋਜੀ ਅਤੇ ਵਿਵਹਾਰਕ ਸਿਹਤ ਸ਼ਾਮਲ ਹੈ ਅਤੇ ਅਗਲੇ 5 ਸਾਲਾਂ ਵਿੱਚ 1,00,000 ਏ ਐੱਚ ਪੀ ਇਸ ਵਿੱਚ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਬਜ਼ੁਰਗਾਂ ਅਤੇ ਸਹਾਇਕ ਦੇਖਭਾਲ ਸੇਵਾਵਾਂ ਲਈ ਮਜ਼ਬੂਤ ਸੰਭਾਲ ਪ੍ਰਣਾਲੀ ਬਣਾਈ ਜਾਵੇਗੀ।
ਸ਼ੇਅਰ ਬਾਜ਼ਾਰ ਧੜੰਮ ਡਿੱਗਿਆ
ਮੁੰਬਈ: ਕੇਂਦਰੀ ਬਜਟ ਵਿੱਚ ਐੱਫ ਐਂਡ ਓ (ਭਵਿੱਖੀ ਅਤੇ ਚੋਣਵੇਂ ਸਟਾਕ) ਵਰਗ ਵਿੱਚ ਲੈਣ ਦੇਣ ’ਤੇ ਟੈਕਸ (ਐੱਸ ਐੱਸ ਟੀ) ਵਧਾਉਣ ਦਾ ਐਲਾਨ ਹੋਣ ਬਾਅਦ ਐਤਵਾਰ ਨੂੰ ਸੈਂਸੈਕਸ ਅਤੇ ਨਿਫਟੀ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਮੁੰਬਈ ਸਟਾਕ ਐਕਚੇਂਜ ਦਾ 30 ਸ਼ੇਅਰਾਂ ’ਤੇ ਆਧਾਰਿਤ ਸੈਂਸੈਕਸ 2370.36 ਅੰਕਾਂ ਦੀ ਗਿਰਾਵਟ ਨਾਲ 80,000 ਤੋਂ ਹੇਠਾਂ 79,899.42 ਅੰਕਾਂ ’ਤੇ ਆ ਗਿਆ; ਹਾਲਾਂਕਿ ਬਾਅਦ ਵਿੱਚ ਇਸ ਵਿੱਚ ਕੁਝ ਸੁਧਾਰ ਹੋਇਆ ਤੇ ਇਹ 1546.84 ਅੰਕਾਂ ਦੀ ਗਿਰਾਵਟ ਨਾਲ 80,722.94 ’ਤੇ ਬੰਦ ਹੋਇਆ। ਨਿਫਟੀ ਵੀ 495.20 ਅੰਕ ਡਿੱਗ ਕੇ 24,825.45 ’ਤੇ ਬੰਦ ਹੋਇਆ। ਇਕ ਸਮੇਂ ਨਿਫਟੀ 748.9 ਅੰਕ ਡਿੱਗ ਕੇ 24,571.75 ਅੰਕਾਂ ਦੇ ਹੇਠਲੇ ਪੱਧਰ ’ਤੇ ਪਹੁੰਚ ਗਿਆ ਸੀ। ਇਸ ਗਿਰਾਵਟ ਲਈ ਐੱਸ ਐੱਸ ਟੀ ਦੀ ਦਰ 0.02 ਫੀਸਦੀ ਤੋਂ ਵਧਾ ਕੇ 0.05 ਫੀਸਦੀ ਕਰਨ ਦੇ ਐਲਾਨ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਮਾਹਿਰਾਂ ਅਨੁਸਾਰ ਇਸ ਕਾਰਨ ਬਾਜ਼ਾਰਜ ’ਤੇ ਦਬਾਅ ਵਧਿਆ ਹੈ। ਅੱਜ ਐੱਸ ਬੀ ਆਈ ਦੇ ਸ਼ੇਅਰ ਸਭ ਤੋਂ ਵਧ 5.61 ਫੀਸਦੀ ਜਦੋਂ ਕਿ ਅਡਾਨੀ ਪੋਰਟਸ ਦੇ ਸ਼ੇਅਰਾਂ ਵਿੱਚ 5.53 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਇਲਾਵਾ ਭਾਰਤ ਇਲੈਕਟ੍ਰਾਨਿਕਸ, ਆਈਟੀਸੀ, ਟਾਟਾ ਸਟੀਲ, ਅਲਟਰਾ ਟੈੱਕ ਸੀਮਿੰਟ ਅਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ।
ਰੇਲਵੇ ਨੂੰ 2.77 ਲੱਖ ਕਰੋੜ ਮਿਲੇ
ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕੇਂਦਰੀ ਬਜਟ ਵਿਚ ਵਿੱਤੀ ਸਾਲ 2026-27 ਲਈ ਪੂੰਜੀਗਤ ਖਰਚੇ ਵਾਸਤੇ ਰੇਲ ਮੰਤਰਾਲੇ ਨੂੰ 2,77,830 ਕਰੋੜ ਰੁਪਏ ਅਲਾਟ ਕੀਤੇ ਹਨ। ਇਹ ਰਾਸ਼ੀ ਨਵੇਂ ਰੇਲਵੇ ਲਾਈਨਾਂ ਦੇ ਨਿਰਮਾਣ ਅਤੇ ਲੋਕੋਮੋਟਿਵਾਂ, ਵੈਗਨਾਂ ਤੇ ਕੋਚਾਂ ਦੀ ਖਰੀਦ ਸਣੇ ਹੋਰਨਾਂ ਕੰਮਾਂ ’ਤੇ ਖਰਚੀ ਜਾਵੇਗੀ। ਬਜਟ ਵਿਚ ਸੱਤ ਹਾਈ ਸਪੀਡ ਰੇਲ ਗਲਿਆਰੇ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਰੇਲ ਮੰਤਰਾਲੇ ਨੂੰ ਪਿਛਲੇ ਵਿੱਤੀ ਸਾਲ (2025-26) ਵਿਚ 2,52,000 ਕਰੋੜ ਰੁਪਏ ਮਿਲੇ ਸਨ। ਅਲਾਟ ਕੀਤਾ ਮੌਜੂਦਾ ਫੰਡ ਪਿਛਲੇ ਵਿੱਤੀ ਸਾਲ ਨਾਲੋਂ 10.25 ਫੀਸਦ ਵੱਧ ਹੈ, ਜੋ ਹੁਣ ਤੱਕ ਦੀ ਸਭ ਤੋਂ ਵੱਡੀ ਰਾਸ਼ੀ ਹੈ। ਬਜਟ ਦਸਤਾਵੇਜ਼ਾਂ ਮੁਤਾਬਕ ਮੰਤਰਾਲੇ ਨੂੰ ਬਜਟ ਵਿਚਲੇ ਵਾਧੂ ਵਸੀਲਿਆਂ ਤੋਂ 15000 ਕਰੋੜ ਰੁਪਏ ਮਿਲਣਗੇ। ਬਜਟ ਦਸਤਾਵੇਜ਼ ਅਨੁਸਾਰ ਰੇਲਵੇ ਦੀ ਕੁੱਲ ਕਮਾਈ 3,85,733.33 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ, ਜਦੋਂ ਕਿ ਖਰਚ 3,82,186.01 ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ, ਜਿਸ ਦੇ ਨਤੀਜੇ ਵਜੋਂ ਵਿੱਤੀ ਸਾਲ ਦੇ ਅੰਤ ਤੱਕ 3,547.32 ਕਰੋੜ ਰੁਪਏ ਦਾ ਸਰਪਲੱਸ ਹੋਵੇਗਾ। ਇਕ ਰੇਲਵੇ ਅਧਿਕਾਰੀ ਨੇ ਕਿਹਾ, ‘‘ਮੰਤਰਾਲੇ ਨੂੰ ਨਵੀਆਂ ਲਾਈਨਾਂ ਵਿਛਾਉਣ, ਨੈਰੋ ਗੇਜ ਨੂੰ ਬ੍ਰੌਡ ਗੇਜ ਵਿੱਚ ਬਦਲਣ ਅਤੇ ਸਿੰਗਲ-ਲਾਈਨ ਰੂਟਾਂ ’ਤੇ ਡਬਲ ਲਾਈਨਾਂ ਬਣਾਉਣ ਵਰਗੀਆਂ ਸਰਗਰਮੀਆਂ ਲਈ 2,77,830 ਕਰੋੜ ਰੁਪਏ ਅਲਾਟ ਕੀਤੇ ਗਏ ਹਨ।’’ ਰੇਲਵੇ ਨੂੰ ਅਲਾਟ ਕੀਤੀ ਕੁੱਲ ਰਕਮ ’ਚੋਂ 36,721.55 ਕਰੋੜ ਨਵੀਆਂ ਲਾਈਨਾਂ, 4600 ਕਰੋੜ ਗੇਜ ਬਦਲੀ, 37,750 ਕਰੋੜ ਸਿੰਗਲ ਲਾਈਨਾਂ ਨੂੰ ਡਬਲ ਕਰਨ, 52,108.73 ਕਰੋੜ ਰੋਲਿੰਗ ਸਟਾਕ (ਲੋਕੋਮੋਟਿਵਾਂ, ਵੈਗਨਾਂ ਆਦਿ) ਤੇ 7500 ਕਰੋੜ ਰੁਪਏ ਸਿਗਲਿੰਗ ਤੇ ਟੈਲੀਕਾਮ ਸਣੇ ਹੋਰਨਾਂ ਕੰਮਾਂ ’ਤੇ ਖਰਚੇ ਜਾਣਗੇ।
ਮਹਿੰਗੇ ਹੋਏ
ਘੱਟ ਕੀਮਤ ਵਾਲੀਆਂ ਦਰਾਮਦ ਛਤਰੀਆਂ
ਪੋਟਾਸ਼ੀਅਮ ਹਾਈਡਰੋਕਸਾਈਡ
ਏ ਟੀ ਐੱਮ/ਕੈਸ਼ ਡਿਸਪੈਂਸਰ ਮਸ਼ੀਨ ਤੇ ਪੁਰਜ਼ੇ
ਵਿਦੇਸ਼ੀਆਂ ਲਈ ਫਿਲਮਾਂ ਤੇ ਪ੍ਰਸਾਰਨ ਉਪਕਰਨ
ਚਿੜੀਆਘਰ ’ਚ ਬਾਹਰੋਂ ਜਾਨਵਰ ਜਾਂ ਪੰਛੀ ਲਿਆਉਣਾ
ਅਮੋਨੀਅਮ ਫਾਸਫੇਟ/ਨਾਈਟ੍ਰੋ-ਫਾਸਫੇਟ ਖਾਦ ਅਤੇ ਨੈਫਥਾ ਜਿਹੀਆਂ ਖਾਦਾਂ
ਸਸਤੇ ਹੋਏ
ਕੈਂਸਰ ਦੀਆਂ ਦਵਾਈਆਂ
ਨਿੱਜੀ ਵਰਤੋਂ ਲਈ ਦਰਾਮਦ ਦਵਾਈਆਂ
ਮਾਈਕਰੋਵੇਵ ਓਵਨ ਦੇ ਪੁਰਜ਼ੇ
ਜਹਾਜ਼ ਦੇ ਇੰਜਣ ਸਮੇਤ ਪੁਰਜ਼ੇ
ਸੋਲਰ ਗਲਾਸ ਦੇ ਪੁਰਜ਼ੇ
ਪਰਮਾਣੂ ਪ੍ਰਾਜੈਕਟਾਂ ਲਈ ਦਰਾਮਦ ਸਾਮਾਨ
ਅਹਿਮ ਖਣਿਜਾਂ ਵਾਲੀਆਂ ਵਸਤਾਂ

