ਨਾਭਾ: ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ (SIR) ਪ੍ਰਕਿਰਿਆ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਤਹਿਤ ਬੀ.ਐੱਲ.ਓਜ਼. ਨੂੰ ਸੂਚੀਆਂ ਵਿੱਚੋਂ ਗੈਰ-ਮਨੁੱਖੀ ਅਤੇ ਬਲੈਕ ਐਂਡ ਵਾਈਟ ਤਸਵੀਰਾਂ ਨੂੰ ਤੁਰੰਤ ਹਟਾ ਕੇ ਰੰਗੀਨ ਤਸਵੀਰਾਂ ਲਗਾਉਣ ਲਈ ਕਿਹਾ ਗਿਆ ਹੈ। ਨਾਭਾ ਵਿੱਚ ਬੀ.ਐੱਲ.ਓਜ਼. ਵੱਲੋਂ ਘਰ-ਘਰ ਜਾ ਕੇ ਵੋਟਰਾਂ ਦੀ ਪਛਾਣ ਅਤੇ ਤਸਵੀਰਾਂ ਲੈਣ ਦਾ ਕੰਮ ਜਾਰੀ ਹੈ।
ਅਧਿਕਾਰੀਆਂ ਅਨੁਸਾਰ, ਜੇਕਰ ਕਿਸੇ ਵੋਟਰ ਦੇ ਨਾਮ, ਉਮਰ, ਪਤਾ ਜਾਂ ਲਿੰਗ ਵਿੱਚ ਕੋਈ ਗਲਤੀ ਹੈ, ਤਾਂ ਉਸ ਨੂੰ ਫਾਰਮ ਨੰਬਰ 8 ਰਾਹੀਂ ਦਰੁਸਤ ਕੀਤਾ ਜਾਵੇਗਾ, ਜਦੋਂਕਿ ਬੇਲੋੜੀਆਂ ਵੋਟਾਂ ਕੱਟਣ ਲਈ ਫਾਰਮ ਨੰਬਰ 7 ਦੀ ਵਰਤੋਂ ਕੀਤੀ ਜਾ ਰਹੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਇਹ ਸਖਤੀ ਬਿਹਾਰ ਵਰਗੇ ਸੂਬਿਆਂ ਵਿੱਚ ਵੋਟਰ ਸੂਚੀਆਂ ਵਿੱਚ ਜਾਨਵਰਾਂ ਜਾਂ ਹੋਰ ਅਜੀਬੋ-ਗਰੀਬ ਤਸਵੀਰਾਂ ਵਾਇਰਲ ਹੋਣ ਵਰਗੀਆਂ ਘਟਨਾਵਾਂ ਤੋਂ ਸਬਕ ਲੈਂਦਿਆਂ ਕੀਤੀ ਗਈ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਤਰਕਹੀਣ ਗਲਤੀ ਦੀ ਗੁੰਜਾਇਸ਼ ਨਾ ਰਹੇ। ਦੂਜੇ ਪਾਸੇ, ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਬੀ.ਐੱਲ.ਓਜ਼. ਨੇ ਆਪਣੀਆਂ ਮੁਸ਼ਕਲਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਦਿਨ ਵੇਲੇ ਚੋਣ ਕਮਿਸ਼ਨ ਦੀ ਅਧਿਕਾਰਤ ਐਪ ਬਹੁਤ ਹੌਲੀ ਚੱਲਦੀ ਹੈ, ਜਿਸ ਕਾਰਨ ਕੰਮ ਵਿੱਚ ਕਾਫੀ ਦਿੱਕਤ ਆਉਂਦੀ ਹੈ। ਤਕਨੀਕੀ ਖ਼ਾਮੀਆਂ ਦੇ ਬਾਵਜੂਦ, ਪ੍ਰਸ਼ਾਸਨ ਵੱਲੋਂ ਇਸ ਕੰਮ ਨੂੰ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਕਰਨ ਦਾ ਭਾਰੀ ਦਬਾਅ ਬਣਾਇਆ ਜਾ ਰਿਹਾ ਹੈ।