ਟੰਬਲਰ ਰਿਜ: ਕੈਨੇਡਾ ਦੇ ਪੱਛਮੀ ਤੱਟੀ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ ਪਾਸੇ ਸ਼ਾਂਤ ਖੇਤਰ ਵਜੋਂ ਜਾਣੇ ਜਾਂਦੇ ਇਲਾਕੇ ਦੇ ਹਾਇਰ ਸੈਕੰਡਰੀ ਸਕੂਲ ’ਚ ਬੰਦੂਕਧਾਰੀ ਵਲੋਂ ਕੀਤੀ ਗੋਲੀਬਾਰੀ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀਆਂ ਅਨੁਸਾਰ ਹਮਲਾਵਰ ਬੰਦੂਕਧਾਰੀ ਔਰਤ ਦੀ ਵੀ ਮੌਤ ਹੋ ਗਈ ਹੈ। ਕਰੀਬ 25 ਹੋਰਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ ਹਨ।ਇਸ ਤੋਂ ਪਹਿਲਾਂ ਟੰਬਲਰ ਰਿੱਜ ਪੁਲੀਸ ਵਲੋਂ ਲੋਕਾਂ ਨੂੰ ਜਾਨਾਂ ਬਚਾਉਣ ਲਈ ਘਰਾਂ ਦੇ ਅੰਦਰ ਜਾਂ ਸੁਰੱਖਿਅਤ ਥਾਵਾਂ ਤੇ ਲੁਕੇ ਰਹਿਣ ਬਾਰੇ ਚੌਕਸੀ ਜਾਰੀ ਕੀਤੀ ਗਈ ਸੀ। ਬੀ ਸੀ ਰਾਇਲ ਕੈਨੇਡੀਅਨ ਮਾਂਉਟਿਡ ਪੁਲੀਸ ਅਨੁਸਾਰ ਪੁਲੀਸ ਨੂੰ ਮੰਗਲਵਾਰ ਦੁਪਹਿਰੇ ਡੇਢ ਵਜੇ ਟੰਬਲਰ ਰਿੱਜ ਸਕੂਲ ਵਿੱਚ ਕਿਸੇ ਬੰਦੂਕਧਾਰੀ ਦੇ ਬਾਰੇ ਸੂਚਨਾ ਮਿਲੀ ਸੀ, ਮੌਕੇ ’ਤੇ ਪਹੁੰਚਣ ਤੱਕ 7ਵੀਂ ਤੋਂ 12 ਤੱਕ ਦੇ ਕਈ ਵਿਦਿਆਰਥੀਆਂ ਨੂੰ ਗੋਲੀਆਂ ਲੱਗੀਆਂ ਹੋਈਆਂ ਸੀ, ਜਿੰਨਾਂ ਚੋਂ ਕੁਝ ਦੀ ਮੌਤ ਹੋ ਚੁੱਕੀ ਸੀ।
ਉੱਤਰੀ ਖੇਤਰ ਬੀਸੀ ਦੀ ਪੁਲੀਸ ਦੇ ਸੁਪਰਡੈਂਟ ਕੈਨ ਫਲੌਇਡ ਅਨੁਸਾਰ ਪੁਲੀਸ ਸਕੂਲ ਪਹੁੰਚੀ ਤਾਂ ਉੱਥੇ 6 ਵਿਦਿਆਰਥੀਆਂ ਤੇ ਬੰਦੂਕਧਾਰੀ ਦੀ ਮੌਤ ਹੋ ਚੁੱਕੀ ਸੀ, ਇੱਕ ਜ਼ਖ਼ਮੀ ਮੁਢਲੀ ਡਾਕਟਰੀ ਮਦਦ ਦੌਰਾਨ ਦਮ ਤੋੜ ਗਿਆ, 3 ਗੰਭੀਰ ਜ਼ਖ਼ਮੀਆਂ ਨੂੰ ਹਵਾਈ ਐਂਬਲੈਂਸ ਰਾਹੀਂ ਵੱਡੇ ਹਸਪਤਾਲ ਭੇਜਿਆ ਗਿਆ ਹੈ। ਇਸ ਦੌਰਾਨ ਆਲੇ ਦੁਆਲੇ ਦੇ ਘਰਾਂ ਚੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ। ਅਜੇ ਹੋਰ ਘਰਾਂ ਬਾਰੇ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਬੰਦੂਕਧਾਰੀ ਨੇ ਖੁਦਕੁਸ਼ੀ ਕੀਤੀ ਜਾਂ ਕਿਸੇ ਹੋਰ ਨੇ ਉਸ ਨੂੰ ਮਾਰਿਆ ਹੈ। ਪੁਲੀਸ ਪਹਿਲ ਦੇ ਅਧਾਰ ਤੇ ਜ਼ਖ਼ਮੀ ਲੋਕਾਂ ਦੀ ਮਦਦ ਅਤੇ ਹੋਰ ਜ਼ਖ਼ਮੀਆਂ ਦੀ ਭਾਲ ਨੂੰ ਪਹਿਲ ਦੇ ਰਹੀ ਹੈ।
ਇੱਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਹਮਲਾਵਰ ਕੌਣ ਹੈ ਅਤੇ ਗੋਲੀਬਾਰੀ ਪਿੱਛੇ ਉਸਦਾ ਕੀ ਮਕਸਦ ਸੀ, ਇਸਦਾ ਪਤਾ ਲਾਉਣ ਦੇ ਵੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਬੰਦੂਕਧਾਰੀ ਦੀ ਲਾਸ਼ ਮਿਲਣ ਤੋਂ ਬਾਅਦ ਸ਼ਾਮ 6 ਵਜੇ ਲੋਕਾਂ ਨੂੰ ਸੁਰੱਖਿਆ ਬਾਰੇ ਜਾਰੀ ਕੀਤੀ ਚੌਕਸੀ ਵਾਪਸ ਲੈ ਲਈ ਗਈ ਹੈ ਤੇ ਹੁਣ ਉਹ ਕਿੱਧਰੇ ਵੀ ਆ ਜਾ ਸਕਦੇ ਹਨ। ਪੁਲੀਸ ਨੇ ਅਜੇ ਤੱਕ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਪਛਾਣ ਜਾਰੀ ਨਹੀਂ ਕੀਤੀ ਹੈ। ਕੈਨੇਡਾ ਦੇ ਸਕੂਲ ਵਿੱਚ ਹੋਈ ਗੋਲੀਬਾਰੀ ਦੀ ਗੋਲੀਬਾਰੀ ਦੀ ਇਸ ਘਟਨਾ ਨੇ ਆਮ ਲੋਕਾਂ ਦੀ ਸੁਰੱਖਿਆ ਬਾਰੇ ਵੱਡੀਆਂ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।

