AI ਸਮਿਟ ’ਚ ਕਮੀਜ਼ਾਂ ਉਤਾਰ ਕੇ ਪ੍ਰਦਰਸ਼ਨ: ਯੂਥ ਕਾਂਗਰਸ ਦੇ ਪ੍ਰਧਾਨ ਉਦੈ ਭਾਨੂ ਚਿੱਬ ਗ੍ਰਿਫ਼ਤਾਰ

AI ਸਮਿਟ ’ਚ ਕਮੀਜ਼ਾਂ ਉਤਾਰ ਕੇ ਪ੍ਰਦਰਸ਼ਨ: ਯੂਥ ਕਾਂਗਰਸ ਦੇ ਪ੍ਰਧਾਨ ਉਦੈ ਭਾਨੂ ਚਿੱਬ ਗ੍ਰਿਫ਼ਤਾਰ

ਨਵੀਂ ਦਿੱਲੀ:  ਦਿੱਲੀ ਪੁਲੀਸ ਨੇ ਭਾਰਤ ਮੰਡਪਮ ਵਿਖੇ ਹੋਏ ‘AI ਇਮਪੈਕਟ ਸਮਿਟ’ ਦੌਰਾਨ ਬਿਨਾਂ ਕਮੀਜ਼ਾਂ ਤੋਂ ਪ੍ਰਦਰਸ਼ਨ ਕਰਨ ਦੇ ਮਾਮਲੇ ਵਿੱਚ ਭਾਰਤੀ ਯੂਥ ਕਾਂਗਰਸ (IYC) ਦੇ ਪ੍ਰਧਾਨ ਉਦੈ ਭਾਨੂ ਚਿੱਬ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਿਛਲੇ ਸ਼ੁੱਕਰਵਾਰ ਹੋਏ ਇਸ ਪ੍ਰਦਰਸ਼ਨ ਦੇ ਸਬੰਧ ਵਿੱਚ ਹੁਣ ਤੱਕ ਕੁੱਲ ਅੱਠ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਪੁਲੀਸ ਨੇ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਤੋਂ ਕਈ ਕਾਰਕਰਤਾਵਾਂ ਨੂੰ ਹਿਰਾਸਤ ਵਿੱਚ ਲਿਆ ਸੀ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਸਮਿਟ ਦੌਰਾਨ ਆਪਣੀਆਂ ਕਮੀਜ਼ਾਂ ਉਤਾਰ ਕੇ ਸਰਕਾਰ ਅਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਵਿਰੁੱਧ ਨਾਅਰਿਆਂ ਵਾਲੀਆਂ ਟੀ-ਸ਼ਰਟਾਂ ਦਿਖਾਈਆਂ ਸਨ। ਪੁਲੀਸ ਨੇ ਇਸ ਮਾਮਲੇ ਵਿੱਚ ਭਾਰਤੀ ਨਿਆਂ ਸੰਹਿਤਾ (BNS) ਦੀਆਂ ਗੰਭੀਰ ਧਾਰਾਵਾਂ, ਜਿਵੇਂ ਕਿ ਵੱਖ-ਵੱਖ ਸਮੂਹਾਂ ਵਿੱਚ ਦੁਸ਼ਮਣੀ ਵਧਾਉਣਾ ਅਤੇ ਕੌਮੀਂ ਏਕਤਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਦਮ ਚੁੱਕਣ ਦੇ ਦੋਸ਼ ਆਇਦ ਕੀਤੇ ਹਨ। ਜਾਂਚਕਰਤਾ ਇਸ ਗੱਲ ਦੀ ਵੀ ਪੜਤਾਲ ਕਰ ਰਹੇ ਹਨ ਕਿ ਇਸ ਪ੍ਰਦਰਸ਼ਨ ਲਈ ਫੰਡਿੰਗ ਕਿੱਥੋਂ ਹੋਈ ਅਤੇ ਟੀ-ਸ਼ਰਟਾਂ ਕਿਸ ਨੇ ਛਪਵਾਈਆਂ। ਜਿੱਥੇ ਭਾਜਪਾ ਨੇ ਇਸ ਨੂੰ ਕੌਮਾਂਤਰੀ ਪੱਧਰ ’ਤੇ ਭਾਰਤ ਦੇ ਅਕਸ ਨੂੰ ਖ਼ਰਾਬ ਕਰਨ ਵਾਲੀ ਹਰਕਤ ਦੱਸਿਆ ਹੈ, ਉੱਥੇ ਹੀ ਯੂਥ ਕਾਂਗਰਸ ਨੇ ਇਸ ਨੂੰ ਕੌਮੀਂ ਹਿੱਤਾਂ ਦੀ ਰਾਖੀ ਲਈ ਇੱਕ ‘ਸ਼ਾਂਤੀਪੂਰਨ’ ਪ੍ਰਦਰਸ਼ਨ ਕਰਾਰ ਦਿੱਤਾ ਹੈ।

Share: