ਵਾਰਤਾ ਲਈ ਜਨੇਵਾ ਪੁੱਜੇ ਰੂਸ ਤੇ ਯੂਕਰੇਨ ਦੇ ਅਧਿਕਾਰੀ

ਵਾਰਤਾ ਲਈ ਜਨੇਵਾ ਪੁੱਜੇ ਰੂਸ ਤੇ ਯੂਕਰੇਨ ਦੇ ਅਧਿਕਾਰੀ

ਜਨੇਵਾ: ਰੂਸ-ਯੂਕਰੇਨ ਜੰਗ ਖਤਮ ਕਰਨ ਲਈ ਅਮਰੀਕਾ ਦੀ ਸਾਲਸੀ ਹੇਠ ਇਕ ਹੋਰ ਦੌਰ ਦੀ ਸ਼ਾਂਤੀ ਵਾਰਤਾ ਲਈ ਅੱਜ ਮਾਸਕੋ ਤੇ ਕੀਵ ਦੇ ਵਫ਼ਦ ਜਨੇਵਾ ਪੁੱਜੇ ਹਨ। ਯੂਕਰੇਨ ’ਤੇ ਰੂਸ ਦੇ ਹਮਲੇ ਦੇ ਚਾਰ ਸਾਲ ਪੂਰੇ ਹੋਣ ਤੋਂ ਇਕ ਹਫ਼ਤਾ ਪਹਿਲਾਂ ਇਹ ਵਾਰਤਾ ਹੋ ਰਹੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਵਫ਼ਦ ਸਵਿਟਜ਼ਰਲੈਂਡ ’ਚ ਹੈ। ਰੂਸ ਦੀ ਸਰਕਾਰੀ ਖ਼ਬਰ ਏਜੰਸੀ ‘ਤਾਸ’ ਅਨੁਸਾਰ ਰੂਸੀ ਵਫ਼ਦ ਵੀ ਉੱਥੇ ਪਹੁੰਚ ਗਿਆ ਹੈ। ਦੋ ਰੋਜ਼ਾ ਵਾਰਤਾ ਅੱਜ ਸ਼ੁਰੂ ਹੋਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੂਤ ਸਟੀਵ ਵਿਟਕੌਫ ਤੇ ਜਵਾਈ ਜੈਰੇਡ ਕੁਸ਼ਨਰ ਦੇ ਵਫ਼ਦਾਂ ਨਾਲ ਮੀਟਿੰਗ ਦੌਰਾਨ ਰੂਸੀ ਕਬਜ਼ੇ ਹੇਠਲੇ ਯੂਕਰੇਨੀ ਖੇਤਰ ਦੇ ਭਵਿੱਖ ਬਾਰੇ ਚਰਚਾ ਹੋਣ ਦੀ ਉਮੀਦ ਹੈ। ਰੂਸੀ ਅਧਿਕਾਰੀ ਹੁਣ ਵੀ ਯੂਕਰੇਨ ਤੋਂ ਆਪਣੇ ਪੂਰਬੀ ਡੋਨਬਾਸ ਖੇਤਰ ਦਾ ਕੰਟਰੋਲ ਹਾਸਲ ਕਰਨ ’ਤੇ ਜ਼ੋਰ ਦੇ ਰਹੇ ਹਨ। ਜਨੇਵਾ ’ਚ ਤਿੰਨ ਦੇਸ਼ਾਂ ਦੇ ਫੌਜੀ ਆਗੂ ਇਸ ਗੱਲ ਬਾਰੇ ਚਰਚਾ ਕਰਨਗੇ ਕਿ ਜੰਗਬੰਦੀ ਦੀ ਨਿਗਰਾਨੀ ਕਿਸ ਤਰ੍ਹਾਂ ਕੀਤੀ ਜਾਵੇਗੀ ਅਤੇ ਇਸ ਨੂੰ ਲਾਗੂ ਕਰਨ ਲਈ ਕੀ ਜ਼ਰੂਰੀ ਹੈ। ਅਬੂ ਧਾਬੀ ’ਚ ਹੋਈ ਪਿਛਲੀ ਵਾਰਤਾ ਦੌਰਾਨ ਫੌਜੀ ਆਗੂਆਂ ਨੇ ਇਸ ਗੱਲ ’ਤੇ ਵਿਚਾਰ ਕੀਤਾ ਸੀ ਕਿ ਫੌਜ ਰਹਿਤ ਖੇਤਰ ਦਾ ਪ੍ਰਬੰਧ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਅਤੇ ਤਿੰਨੇ ਮੁਲਕਾਂ ਦੀਆਂ ਸੈਨਾਵਾਂ ਆਪਸ ’ਚ ਕਿਸ ਤਰ੍ਹਾਂ ਸੰਵਾਦ ਕਰ ਸਕਦੀਆਂ ਹਨ। ਨਵੀਂ ਵਾਰਤਾ ’ਚ ਕਿਸੇ ਵੀ ਤਰ੍ਹਾਂ ਦੀ ਕਾਮਯਾਬੀ ਦੀ ਉਮੀਦ ਘੱਟ ਹੈ। ਇਸੇ ਦੌਰਾਨ ਰੂਸੀ ਰੱਖਿਆ ਮੰਤਰਾਲੇ ਦਾ ਹਵਾਲਾ ਦਿੰਦੇ ਹੋਏ ਖ਼ਬਰ ਏਜੰਸੀ ਤਾਸ ਨੇ ਅੱਜ ਦੱਸਿਆ ਕਿ ਹਵਾਈ ਰੱਖਿਆ ਪ੍ਰਣਾਲੀਆਂ ਨੇ ਰਾਤ ਭਰ ’ਚ 15 ਯੂਕਰੇਨੀ ਡਰੋਨ ਹੇਠਾਂ ਸੁੱਟੇ ਹਨ।

Share: