ਲੰਡਨ: ਰੂਸੀ ਅਧਿਕਾਰੀਆਂ ਦੀ ਗੁਆਂਢੀ ਦੇਸ਼ ਯੂਕਰੇਨ ’ਤੇ ਪਿਛਲੇ ਲਗਪਗ ਚਾਰ ਸਾਲਾਂ ਤੋਂ ਜਾਰੀ ਹਮਲੇ ਨੂੰ ਰੋਕਣ ਦੀ ਕੋਈ ਇੱਛਾ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਹ ਜੰਗ ਖ਼ਤਮ ਕਰਨ ਦੇ ਤਰੀਕਿਆਂ ਬਾਰੇ ਵਾਸ਼ਿੰਗਟਨ ਨਾਲ ਹੋਣ ਵਾਲੀ ਗੱਲਬਾਤ ਦੌਰਾਨ ਅਮਰੀਕਾ ਨੂੰ ਮਾਤ ਦੇ ਸਕਦੇ ਹਨ। ਇਹ ਗੱਲ ਯੂਰੋਪੀਅਨ ਖੁਫੀਆ ਸੇਵਾ ਦੇ ਸੀਨੀਅਰ ਅਧਿਕਾਰੀ ਨੇ ਕਹੀ ਹੈ।
ਅਸਤੋਨੀਆ ਦੀ ਵਿਦੇਸ਼ੀ ਖੁਫੀਆ ਸੇਵਾ ਦੇ ਮੁਖੀ ਕੌਪੋ ਰੋਸਿਨ ਨੇ ਕਿਹਾ ਕਿ ਮਾਸਕੋ, ਵਾਸ਼ਿੰਗਟਨ ਨਾਲ ਗੱਲਬਾਤ ਵਿੱਚ ਸਿਰਫ ਸਮਾਂ ਲੰਘਾ ਰਿਹਾ ਹੈ ਅਤੇ ਅਮਰੀਕਾ ਨਾਲ ਅਰਥਪੂਰਨ ਢੰਗ ਨਾਲ ਸਹਿਯੋਗ ਕਰਨ ਬਾਰੇ ਕੋਈ ਚਰਚਾ ਨਹੀਂ ਹੋ ਰਹੀ। ਉਨ੍ਹਾਂ ਅਨੁਸਾਰ, ਇਹ ਜਾਣਕਾਰੀ ਰੂਸ ਦੀਆਂ ਅੰਦਰੂਨੀ ਚਰਚਾਵਾਂ ਤੋਂ ਇਕੱਤਰ ਕੀਤੀ ਗਈ ਹੈ। ਰੂਸੀ ਅਧਿਕਾਰੀ ਜਨਤਕ ਤੌਰ ’ਤੇ ਗੱਲਬਾਤ ਰਾਹੀਂ ਸਮਝੌਤੇ ਦੀ ਗੱਲ ਕਰਦੇ ਹਨ, ਪਰ ਉਹ ਸਮਝੌਤਾ ਕਰਨ ਲਈ ਤਿਆਰ ਨਹੀਂ ਹਨ ਅਤੇ ਆਪਣੀਆਂ ਮੰਗਾਂ ’ਤੇ ਅੜੇ ਹੋਏ ਹਨ। ਰੋਸਿਨ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਜੇ ਵੀ ਇਹ ਸੋਚਦੇ ਹਨ ਕਿ ਉਹ ਕਿਸੇ ਨਾ ਕਿਸੇ ਮੋੜ ’ਤੇ ਯੂਕਰੇਨ ਵਿੱਚ ਫੌਜੀ ਜਿੱਤ ਹਾਸਲ ਕਰ ਸਕਦੇ ਹਨ। ਵ੍ਹਾਈਟ ਹਾਊਸ ਦੇ ਅਧਿਕਾਰੀ ਨੇ ਅਸਤੋਨੀਆ ਦੇ ਖੁਫੀਆ ਮੁਖੀ ਦੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਰਾਸ਼ਟਰਪਤੀ ਦੇ ਵਾਰਤਾਕਾਰਾਂ ਨੇ ਯੂਕਰੇਨ ’ਚ ਜੰਗ ਖ਼ਤਮ ਕਰਨ ਲਈ ਚੱਲ ਰਹੀ ਗੱਲਬਾਤ ’ਚ ਬਹੁਤ ਵੱਡੀ ਪ੍ਰਗਤੀ ਕੀਤੀ ਹੈ।

