ਪੰਚਾਇਤ ਸਮਿਤੀਆਂ ਦੇ ਚੇਅਰਮੈਨਾਂ ਲਈ ਰਾਖਵਾਂਕਰਨ ਜਾਰੀ

ਪੰਚਾਇਤ ਸਮਿਤੀਆਂ ਦੇ ਚੇਅਰਮੈਨਾਂ ਲਈ ਰਾਖਵਾਂਕਰਨ ਜਾਰੀ

ਚੰਡੀਗਡ਼੍ਹ: ਪੰਜਾਬ ਸਰਕਾਰ ਨੇ ਚੋਣ ਨਤੀਜਿਆਂ ਤੋਂ ਦੋ ਮਹੀਨੇ ਬਾਅਦ ਪੰਚਾਇਤ ਸਮਿਤੀਆਂ ਦੇ ਚੇਅਰਮੈਨਾਂ ਅਤੇ ਵਾਈਸ ਚੇਅਰਮੈਨਾਂ ਦਾ ਰਾਖਵਾਂਕਰਨ ਜਾਰੀ ਕਰ ਦਿੱਤਾ ਹੈ; ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨਾਂ ਅਤੇ ਵਾਈਸ ਚੇਅਰਮੈਨਾਂ ਦਾ ਰਾਖਵਾਂਕਰਨ ਅਗਲੇ ਹਫ਼ਤੇ ਐਲਾਨੇ ਜਾਣ ਦੀ ਸੰਭਾਵਨਾ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ 154 ਪੰਚਾਇਤ ਸਮਿਤੀਆਂ ਦੇ ਚੇਅਰਮੈਨਾਂ ਅਤੇ ਵਾਈਸ ਚੇਅਰਮੈਨਾਂ ਦੇ ਰਾਖਵੇਂਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਦੇ ਨਾਲ ਹੀ ਹੁਣ ਚੇਅਰਮੈਨੀ ਦੇ ਚਾਹਵਾਨਾਂ ਲਈ ਰਾਹ ਖੁੱਲ੍ਹ ਗਿਆ ਹੈ।

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 35 ਪੰਚਾਇਤ ਸਮਿਤੀਆਂ ਦੀ ਚੇਅਰਮੈਨੀ ਐੱਸ ਸੀ ਵਰਗ ਲਈ ਅਤੇ 22 ਸਮਿਤੀਆਂ ਦੀ ਚੇਅਰਮੈਨੀ ਐੱਸ ਸੀ (ਔਰਤਾਂ) ਲਈ ਰਾਖਵੀਂ ਕੀਤੀ ਗਈ ਹੈ। ਇਸੇ ਤਰ੍ਹਾਂ 47 ਸਮਿਤੀਆਂ ਦੀ ਚੇਅਰਮੈਨੀ ਜਨਰਲ ਵਰਗ ਲਈ ਅਤੇ 50 ਸਮਿਤੀਆਂ ਦੀ ਚੇਅਰਮੈਨੀ ਜਨਰਲ (ਔਰਤਾਂ) ਲਈ ਰਾਖਵੀਂ ਹੋਵੇਗੀ। ਇਸ ਲਿਹਾਜ਼ ਨਾਲ 72 ਸਮਿਤੀਆਂ ਦੀ ਚੇਅਰਮੈਨੀ ਦੀ ਕੁਰਸੀ ’ਤੇ ਔਰਤਾਂ ਬੈਠਣਗੀਆਂ। ਪੰਚਾਇਤ ਵਿਭਾਗ ਨੇ ਵਾਈਸ ਚੇਅਰਮੈਨੀ ਲਈ ਵੀ ਰਾਖਵਾਂਕਰਨ ਜਾਰੀ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਐਤਕੀਂ ਬਲਾਕਾਂ ਦਾ ਪੁਨਰਗਠਨ ਕੀਤਾ ਗਿਆ ਸੀ ਅਤੇ ਜ਼ਿਆਦਾ ਬਲਾਕ ਵਿਧਾਨ ਸਭਾ ਹਲਕਾ ਵਾਈਜ਼ ਬਣ ਗਏ ਹਨ। ਜਦੋਂ ਬਲਾਕਾਂ ਦਾ ਪੁਨਰਗਠਨ ਹੋ ਗਿਆ ਹੈ ਤਾਂ ਸੂਬਾ ਸਰਕਾਰ ਨੂੰ ਸਮਿਤੀਆਂ ਦੇ ਚੇਅਰਮੈਨਾਂ ਦਾ ਰਾਖਵਾਂਕਰਨ ਨਵੇਂ ਸਿਰਿਓ ਕਰਨ ਦਾ ਮੌਕਾ ਮਿਲ ਗਿਆ ਹੈ। ਇਸ ਦੇ ਨਾਲ ਹੀ ਚੇਅਰਮੈਨੀ ਲਈ ਰੋਟੇਸ਼ਨ ਦਾ ਸਿਧਾਂਤ ਅਪਨਾਉਣ ਦੀ ਕਾਨੂੰਨੀ ਬੰਦਿਸ਼ ਵੀ ਖ਼ਤਮ ਹੋ ਗਈ ਹੈ।

ਪੰਜਾਬ ਸਰਕਾਰ ਨੇ ਆਪਣੇ ਸਿਆਸੀ ਲਾਹੇ ਦੇ ਲਿਹਾਜ਼ ਨਾਲ ਸਮਿਤੀਆਂ ਦੀ ਚੇਅਰਮੈਨੀ ਦਾ ਰਾਖਵਾਂਕਰਨ ਕੀਤਾ ਹੈ। ਰਾਖਵੇਂਕਰਨ ਨਾਲ ਚਾਹਵਾਨਾਂ ਦੇ ਸਿਰ ਚੇਅਰਮੈਨੀ ਦਾ ਤਾਜ ਸਜਣ ਦਾ ਰਸਤਾ ਖੁੱਲ੍ਹ ਗਿਆ ਹੈ। ਪੰਜਾਬ ਦੇ ਵੀ ਆਈ ਪੀ ਹਲਕਿਆਂ ਦੀ ਚੇਅਰਮੈਨੀ ਨੂੰ ਐੱਸ ਸੀ ਵਰਗ ਲਈ ਰਾਖਵਾਂ ਕੀਤਾ ਗਿਆ ਹੈ।

ਬਠਿੰਡਾ ’ਚ ਐੱਸ ਸੀ (ਪੁਰਸ਼) ਲਈ ਮੌੜ ਤੇ ਤਲਵੰਡੀ ਸਾਬੋ, ਐੱਸ ਸੀ (ਔਰਤ) ਲਈ ਨਥਾਣਾ, ਜਨਰਲ ਵਰਗ ਦੀ ਔਰਤ ਲਈ ਬਠਿੰਡਾ, ਸੰਗਤ ਤੇ ਗੋਨਿਆਣਾ ਅਤੇ ਜਨਰਲ ਵਰਗ ਦੇ ਪੁਰਸ਼ ਲਈ ਫੂਲ ਤੇ ਰਾਮਪੁਰਾ ਸਮਿਤੀ ਦੀ ਚੇਅਰਮੈਨੀ ਜਨਰਲ ਰੱਖੀ ਗਈ ਹੈ। ਮਾਨਸਾ ’ਚ ਐੱਸ ਸੀ (ਪੁਰਸ਼) ਲਈ ਝੁਨੀਰ, ਜਨਰਲ ਵਰਗ (ਮਹਿਲਾ) ਲਈ ਮਾਨਸਾ ਤੇ ਸਰਦੂਲਗੜ੍ਹ ਅਤੇ ਜਨਰਲ ਵਰਗ (ਪੁਰਸ਼) ਲਈ ਬੁਢਲਾਡਾ ਸਮਿਤੀ ਦੀ ਚੇਅਰਮੈਨੀ ਜਨਰਲ ਰੱਖੀ ਗਈ ਹੈ।

ਮੋਗਾ ’ਚ ਐੱਸ ਸੀ (ਪੁਰਸ਼) ਲਈ ਕੋਟ ਈਸੇ ਖਾਂ, ਐੱਸ ਸੀ (ਔਰਤ) ਲਈ ਬਾਘਾ ਪੁਰਾਣਾ, ਅਤੇ ਜਨਰਲ ਵਰਗ (ਪੁਰਸ਼) ਲਈ ਨਿਹਾਲ ਸਿੰਘ ਵਾਲਾ ਤੇ ਧਰਮਕੋਟ ਸਮਿਤੀ ਦੀ ਚੇਅਰਮੈਨੀ ਜਨਰਲ ਰੱਖੀ ਗਈ ਹੈ। ਫ਼ਾਜ਼ਿਲਕਾ ’ਚ ਐੱਸ ਸੀ (ਪੁਰਸ਼) ਲਈ ਜਲਾਲਾਬਾਦ, ਐੱਸ ਸੀ (ਔਰਤ) ਲਈ ਫ਼ਾਜ਼ਿਲਕਾ, ਜਨਰਲ ਵਰਗ (ਮਹਿਲਾ) ਲਈ ਅਰਨੀਵਾਲਾ ਅਤੇ ਜਨਰਲ ਵਰਗ (ਪੁਰਸ਼) ਲਈ ਬੱਲੂਆਣਾ ਤੇ ਖੂਹੀਆਂ ਸਰਵਰ ਸਮਿਤੀ ਦੀ ਚੇਅਰਮੈਨੀ ਜਨਰਲ ਰੱਖੀ ਗਈ ਹੈ। ਫ਼ਰੀਦਕੋਟ ’ਚ ਐੱਸ ਸੀ (ਪੁਰਸ਼) ਲਈ ਕੋਟਕਪੂਰਾ, ਜਨਰਲ ਵਰਗ (ਮਹਿਲਾ) ਲਈ ਜੈਤੋ ਅਤੇ ਜਨਰਲ ਵਰਗ (ਪੁਰਸ਼) ਲਈ ਫ਼ਰੀਦਕੋਟ ਸਮਿਤੀ ਦੀ ਚੇਅਰਮੈਨੀ ਜਨਰਲ ਰੱਖੀ ਗਈ ਹੈ। ਫ਼ਿਰੋਜ਼ਪੁਰ ’ਚ ਐੱਸ ਸੀ (ਪੁਰਸ਼) ਲਈ ਘੱਲ ਖ਼ੁਰਦ ਤੇ ਮਮਦੋਟ, ਐੱਸ ਸੀ (ਔਰਤ) ਲਈ ਗੁਰੂ ਹਰਸਹਾਏ, ਜਨਰਲ ਵਰਗ (ਮਹਿਲਾ) ਲਈ ਜ਼ੀਰਾ ਤੇ ਮੱਖੂ ਅਤੇ ਜਨਰਲ ਵਰਗ (ਪੁਰਸ਼) ਲਈ ਫ਼ਿਰੋਜ਼ਪੁਰ ਸਮਿਤੀ ਦੀ ਚੇਅਰਮੈਨੀ ਜਨਰਲ ਰੱਖੀ ਗਈ ਹੈ। ਬਰਨਾਲਾ ’ਚ ਐੱਸ ਸੀ (ਪੁਰਸ਼) ਲਈ ਮਹਿਲ ਕਲਾਂ, ਜਨਰਲ ਵਰਗ (ਮਹਿਲਾ) ਲਈ ਸ਼ਹਿਣਾ ਅਤੇ ਜਨਰਲ ਵਰਗ (ਪੁਰਸ਼) ਲਈ ਬਰਨਾਲਾ ਸਮਿਤੀ ਦੀ ਚੇਅਰਮੈਨੀ ਜਨਰਲ ਰੱਖੀ ਗਈ ਹੈ।

ਮੁਕਤਸਰ ਵਿੱਚ ਐੱਸ ਸੀ (ਪੁਰਸ਼) ਲਈ ਮੁਕਤਸਰ, ਐੱਸ ਸੀ (ਔਰਤ) ਲਈ ਲੰਬੀ, ਜਨਰਲ ਵਰਗ (ਮਹਿਲਾ) ਲਈ ਗਿੱਦੜਬਾਹਾ ਅਤੇ ਜਨਰਲ ਵਰਗ (ਪੁਰਸ਼) ਲਈ ਮਲੋਟ ਸਮਿਤੀ ਦੀ ਚੇਅਰਮੈਨੀ ਜਨਰਲ ਰੱਖੀ ਗਈ ਹੈ। ਪਟਿਆਲਾ ’ਚ ਐੱਸ ਸੀ (ਪੁਰਸ਼) ਲਈ ਰਾਜਪੁਰਾ ਤੇ ਭੁਨਰਹੇੜੀ, ਐੱਸ ਸੀ (ਔਰਤ) ਲਈ ਪਾਤੜਾਂ, ਜਨਰਲ ਵਰਗ (ਮਹਿਲਾ) ਲਈ ਪਟਿਆਲਾ, ਸ਼ੰਭੂ ਕਲਾਂ, ਨਾਭਾ, ਘਨੌਰ ਅਤੇ ਜਨਰਲ ਵਰਗ (ਪੁਰਸ਼) ਲਈ ਸਮਾਣਾ, ਪਟਿਆਲਾ ਦਿਹਾਤੀ ਤੇ ਸਨੌਰ ਸਮਿਤੀ ਦੀ ਚੇਅਰਮੈਨੀ ਜਨਰਲ ਰੱਖੀ ਗਈ ਹੈ। ਸੰਗਰੂਰ ’ਚ ਐੱਸ ਸੀ (ਪੁਰਸ਼) ਲਈ ਸ਼ੇਰਪੁਰ ਤੇ ਲਹਿਰਾਗਾਗਾ, ਐੱਸ ਸੀ (ਔਰਤ) ਲਈ ਦਿੜ੍ਹਬਾ, ਜਨਰਲ ਵਰਗ (ਮਹਿਲਾ) ਲਈ ਅਨਦਾਨਾ, ਸੰਗਰੂਰ, ਸੁਨਾਮ ਸ਼ਹੀਦ ਊਧਮ ਸਿੰਘ ਵਾਲਾ -2 ਤੇ ਸੁਨਾਮ ਸ਼ਹੀਦ ਊਧਮ ਸਿੰਘ ਵਾਲਾ, ਅਤੇ ਜਨਰਲ ਵਰਗ (ਪੁਰਸ਼) ਲਈ ਭਵਾਨੀਗੜ੍ਹ, ਧੂਰੀ ਤੇ ਛਾਂਜਲੀ ਸਮਿਤੀ ਦੀ ਚੇਅਰਮੈਨੀ ਜਨਰਲ ਰੱਖੀ ਗਈ ਹੈ।

ਫ਼ਤਿਹਗੜ੍ਹ ਸਾਹਿਬ ’ਚ ਐੱਸ ਸੀ (ਪੁਰਸ਼) ਲਈ ਖਮਾਣੋਂ, ਐੱਸ.ਸੀ (ਔਰਤ) ਲਈ ਸਰਹਿੰਦ, ਜਨਰਲ ਵਰਗ (ਮਹਿਲਾ) ਲਈ ਖੇੜਾ ਅਤੇ ਜਨਰਲ ਵਰਗ (ਪੁਰਸ਼) ਲਈ ਅਮਲੋਹ ਤੇ ਬੱਸੀ ਪਠਾਣਾਂ ਸਮਿਤੀ ਦੀ ਚੇਅਰਮੈਨੀ ਜਨਰਲ ਰੱਖੀ ਗਈ ਹੈ। ਰੋਪੜ ’ਚ ਐੱਸ.ਸੀ (ਪੁਰਸ਼) ਲਈ ਚਮਕੌਰ ਸਾਹਿਬ, ਐੱਸ ਸੀ ਵਰਗ ਔਰਤਾਂ ਲਈ ਅਨੰਦਪੁਰ ਸਾਹਿਬ, ਜਨਰਲ ਵਰਗ (ਮਹਿਲਾ) ਲਈ ਨੂਰਪੁਰ ਬੇਦੀ ਤੇ ਮੋਰਿੰਡਾ ਅਤੇ ਜਨਰਲ ਵਰਗ (ਪੁਰਸ਼) ਲਈ ਨੰਗਲ ਤੇ ਰੋਪੜ ਸਮਿਤੀ ਦੀ ਚੇਅਰਮੈਨੀ ਜਨਰਲ ਰੱਖੀ ਗਈ ਹੈ। ਮੁਹਾਲੀ ’ਚ ਐੱਸ ਸੀ (ਪੁਰਸ਼) ਲਈ ਖਰੜ, ਜਨਰਲ ਵਰਗ (ਮਹਿਲਾ) ਲਈ ਮਾਜਰੀ ਤੇ ਮੁਹਾਲੀ ਅਤੇ ਜਨਰਲ ਵਰਗ (ਪੁਰਸ਼) ਲਈ ਡੇਰਾ ਬੱਸੀ ਸਮਿਤੀ ਦੀ ਚੇਅਰਮੈਨੀ ਜਨਰਲ ਰੱਖੀ ਗਈ ਹੈ।

Share: