ਪਟਿਆਲਾ: ਪੰਜਾਬੀ ਯੂਨੀਵਰਸਿਟੀ ਵਿੱਚ ਹੋਈ ਇੱਕ ਖੋਜ ਰਾਹੀਂ ਪੰਜਾਬ ਦੇ ਨੌਜਵਾਨਾਂ ਵਿੱਚ ਵਧ ਰਹੇ ਗੁੱਸੇ (ਅਗਰੈਸ਼ਨ) ਅਤੇ ਇਸ ਦੇ ਕਾਰਨਾਂ ਬਾਰੇ ਵਿਸਥਾਰਪੂਰਵਕ ਅਧਿਐਨ ਕੀਤਾ ਗਿਆ ਹੈ। ਸਿੱਖਿਆ ਅਤੇ ਸੁਮਦਾਇ ਸੇਵਾਵਾਂ ਵਿਭਾਗ ਵਿੱਚ ਖੋਜਾਰਥੀ ਡਾ. ਤਾਜਪ੍ਰੀਤ ਕੌਰ ਨੇ ਇਹ ਖੋਜ ਕਾਰਜ ਨਿਗਰਾਨ ਡਾ. ਕਵਿਤਾ ਮਿੱਤਲ ਦੀ ਅਗਵਾਈ ਵਿੱਚ ਕੀਤਾ।
ਅਧਿਐਨ ਰਾਹੀਂ ਪ੍ਰਾਪਤ ਅੰਕੜਿਆਂ ਦੇ ਵਿਸ਼ਲੇਸ਼ਣ ਅਨੁਸਾਰ ਜ਼ਿਆਦਾਤਰ ਨੌਜਵਾਨਾਂ ਵਿੱਚ ਗੁੱਸੇ ਦਾ ਪੱਧਰ ਔਸਤ ਨਾਲੋਂ ਉੱਚਾ ਦੇਖਿਆ ਗਿਆ ਹੈ। ਲੜਕੀਆਂ ਦੇ ਮੁਕਾਬਲੇ ਲੜਕਿਆਂ ਅਤੇ ਸਾਇੰਸ ਵਿਸ਼ੇ ਦੇ ਮੁਕਾਬਲੇ ਆਰਟਸ ਦੇ ਵਿਦਿਆਰਥੀਆਂ ਵਿੱਚ ਗੁੱਸਾ ਜ਼ਿਆਦਾ ਹੈ। ਸੰਯੁਕਤ ਪਰਿਵਾਰਾਂ ਨਾਲੋਂ ਇਕਹਿਰੇ ਜਾਂ ਛੋਟੇ ਪਰਿਵਾਰਾਂ ਨਾਲ਼ ਸਬੰਧਤ ਬੱਚੇ ਵਧੇਰੇ ਗੁੱਸੇਖੋਰ ਦੇਖੇ ਗਏ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬੱਚਿਆਂ ਵਿੱਚ ਭਾਵਨਾਤਮਕ ਬੁੱਧੀ ਦਾ ਪੱਧਰ ਵੀ ਔਸਤ ਨਾਲ਼ੋਂ ਘੱਟ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਸਰਕਾਰੀ/ਪ੍ਰਾਈਵੇਟ ਸਕੂਲ ਜਾਂ ਸ਼ਹਿਰੀ/ਪੇਂਡੂ ਪਿਛੋਕੜ ਦਾ ਵਿਦਿਆਰਥੀਆਂ ਦੇ ਗੁੱਸੇ ’ਤੇ ਕੋਈ ਖ਼ਾਸ ਫ਼ਰਕ ਦੇਖਣ ਨੂੰ ਨਹੀਂ ਮਿਲਿਆ। ਖੋਜਾਰਥੀ ਡਾ. ਤਾਜਪ੍ਰੀਤ ਕੌਰ ਨੇ ਦੱਸਿਆ ਕਿ ਇਸ ਅਧਿਐਨ ਵਿੱਚ ਸ਼ਾਮਲ ਕੀਤੇ ਕਈ ਸਕੂਲਾਂ ਦੇ 11ਵੀਂ ਜਮਾਤ ਦੇ 1200 ਵਿਦਿਆਰਥੀਆਂ ਵਿੱਚ 580 ਲੜਕੇ ਅਤੇ 620 ਲੜਕੀਆਂ ਸ਼ਾਮਲ ਸਨ। ਇਨ੍ਹਾਂ ਦੀ ਸ਼ਖ਼ਸੀਅਤ, ਭਾਵਨਾਤਮਕ ਬੁੱਧੀ ਅਤੇ ਸਕੂਲ ਦੇ ਵਾਤਾਵਰਨ ਦੇ ਉਨ੍ਹਾਂ ਦੇ ਵਿਹਾਰ ’ਤੇ ਪੈਣ ਵਾਲੇ ਪ੍ਰਭਾਵਾਂ ਨੂੰ ਵੀ ਬਰੀਕੀ ਨਾਲ਼ ਘੋਖਿਆ ਗਿਆ। ਇਸ ਖੋਜ ਦੌਰਾਨ ਗੁੱਸੇ ਅਤੇ ਸ਼ਖ਼ਸੀਅਤ ਮਾਪਣ ਦੇ ਵਿਸ਼ੇਸ਼ ਮਿਆਰ ‘ਅਗਰੈਸ਼ਨ ਸਕੇਲ’ ਅਤੇ ‘ਪ੍ਰਸਨੈਲਿਟੀ ਸਕੇਲ’ ਤਿਆਰ ਕੀਤੇ ਗਏ, ਜੋ ਭਵਿੱਖ ਵਿੱਚ ਹੋਰਨਾਂ ਖੋਜਾਰਥੀਆਂ ਲਈ ਮਦਦਗਾਰ ਹੋਣਗੇ।
