ਨਵੀਂ ਦਿੱਲੀ: ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਸੰਸਦ ਭਵਨ ਕੰਪਲੈਕਸ ’ਚ ਕਈ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਅਤੇ ਭਾਰਤ-ਅਮਰੀਕਾ ਅੰਤਰਿਮ ਵਪਾਰ ਸਮਝੌਤੇ ਦਾ ਵਿਰੋਧ ਕਰਨ ਅਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਰੁਜ਼ਗਾਰ ਦੀ ਰਾਖੀ ਲਈ ਕੌਮੀ ਪੱਧਰ ’ਤੇ ਵੱਡੇ ਅੰਦੋਲਨ ਦੀ ਲੋੜ ’ਤੇ ਚਰਚਾ ਕੀਤੀ।
ਕਾਂਗਰਸ ਨੇ ਦੱਸਿਆ ਕਿ ਮੀਟਿੰਗ ਦੌਰਾਨ ਕਿਸਾਨ ਯੂਨੀਅਨ ਦੇ ਆਗੂਆਂ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਕੀਤਾ ਅਤੇ ਮੱਕੀ, ਸੋਇਆਬੀਨ, ਕਪਾਹ, ਫਲ ਤੇ ਮੇਵੇ ਉਗਾਉਣ ਵਾਲੇ ਕਿਸਾਨਾਂ ਦੇ ਰੁਜ਼ਗਾਰ ਨੂੰ ਲੈ ਕੇ ਡੂੰਘੀ ਚਿੰਤਾ ਜ਼ਾਹਿਰ ਕੀਤੀ। ਪਾਰਟੀ ਅਨੁਸਾਰ ਸ੍ਰੀ ਗਾਂਧੀ ਨੇ ਕਿਹਾ ਕਿ ਇਸ ਵਪਾਰ ਸਮਝੌਤੇ ਨੇ ਖੇਤੀ ਉਤਪਾਦਾਂ ਦੀ ਦਰਾਮਦ ਦਾ ਰਾਹ ਖੋਲ੍ਹ ਦਿੱਤਾ ਹੈ ਅਤੇ ਜਲਦੀ ਹੀ ਕਈ ਹੋਰ ਫ਼ਸਲਾਂ ਦੀ ਦਰਾਮਦ ਵੀ ਸ਼ੁਰੂ ਹੋ ਜਾਵੇਗੀ। ਕਿਸਾਨ ਆਗੂਆਂ ਤੇ ਰਾਹੁਲ ਗਾਂਧੀ ਨੇ ਇਸ ਸਮਝੌਤੇ ਦਾ ਵਿਰੋਧ ਕਰਨ ਅਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਰੁਜ਼ਗਾਰ ਦੀ ਰਾਖੀ ਲਈ ਵੱਡੇ ਪੱਧਰ ’ਤੇ ਕੌਮੀ ਅੰਦੋਲਨ ਦੀ ਲੋੜ ’ਤੇ ਚਰਚਾ ਕੀਤੀ।
ਸ੍ਰੀ ਗਾਂਧੀ ਨੂੰ ਮਿਲਣ ਵਾਲੇ ਕਿਸਾਨ ਆਗੂਆਂ ’ਚ ਆਲ ਇੰਡੀਆ ਕਿਸਾਨ ਕਾਂਗਰਸ ਦੇ ਮੁਖੀ ਸੁਖਪਾਲ ਸਿੰਘ ਖਹਿਰਾ, ਭਾਰਤੀ ਕਿਸਾਨ ਮਜ਼ਦੂਰ ਐਸੋਸੀਏਸ਼ਨ ਹਰਿਆਣਾ ਦੇ ਅਸ਼ੋਕ ਬਲਹਾਰਾ, ਬੀ ਕੇ ਯੂ ਕ੍ਰਾਂਤੀਕਾਰੀ ਦੇ ਬਲਦੇਵ ਸਿੰਘ ਜ਼ੀਰਾ, ਪ੍ਰਗਤੀਸ਼ੀਲ ਕਿਸਾਨ ਮੋਰਚਾ ਦੇ ਕੇ ਆਰ ਨੰਦਕੁਮਾਰ, ਬੀ ਕੇ ਯੂ ਸ਼ਹੀਦ ਭਗਤ ਸਿੰਘ ਦੇ ਅਮਰਜੀਤ ਸਿੰਘ ਮੋਹਰੀ, ਕਿਸਾਨ ਮਜ਼ਦੂਰ ਮੋਰਚਾ-ਭਾਰਤ ਦੇ ਗੁਰਮਨੀਤ ਸਿੰਘ ਮਾਂਗਟ ਅਤੇ ਜੰਮੂ ਕਸ਼ਮੀਰ ਜ਼ਿਮੀਂਦਾਰਾ ਫੋਰਮ ਦੇ ਹਮੀਦ ਮਲਿਕ ਸ਼ਾਮਲ ਸਨ। ਇਹ ਮੀਟਿੰਗ ਸ੍ਰੀ ਗਾਂਧੀ ਦੇ ਉਸ ਬਿਆਨ ਤੋਂ ਇਕ ਦਿਨ ਬਾਅਦ ਹੋਈ ਹੈ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਸਰਕਾਰ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਵਾ ਸਕਦੀ ਹੈ ਜਾਂ ਵਿਸ਼ੇਸ਼ ਅਧਿਕਾਰ ਮਤਾ ਲਿਆ ਸਕਦੀ ਹੈ ਪਰ ਉਹ ਕਿਸਾਨਾਂ ਨਾਲ ਡੱਟ ਕੇ ਖੜ੍ਹੇ ਰਹਿਣਗੇ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਕਿਸਾਨ ਵਿਰੋਧੀ ਹੋਣ ਅਤੇ ਭਾਰਤ-ਅਮਰੀਕਾ ਅੰਤਰਿਮ ਵਪਾਰ ਸਮਝੌਤੇ ਰਾਹੀਂ ਦੇਸ਼ ਨੂੰ ਵੇਚਣ ਦਾ ਦੋਸ਼ ਵੀ ਲਾਇਆ ਸੀ।

