ਪੰਜਾਬ ਨੂੰ ਛੇਤੀ ਮਿਲੇਗਾ ਰੈਗੂਲਰ ਡੀ ਜੀ ਪੀ

ਪੰਜਾਬ ਨੂੰ ਛੇਤੀ ਮਿਲੇਗਾ ਰੈਗੂਲਰ ਡੀ ਜੀ ਪੀ

ਚੰਡੀਗੜ੍ਹ: ਪੰਜਾਬ ਨੂੰ ਅਗਲੇ ਦਿਨਾਂ ਵਿੱਚ ਰੈਗੂਲਰ ਡੀ ਜੀ ਪੀ ਮਿਲਣ ਦੀ ਸੰਭਾਵਨਾ ਹੈ। ਮੌਜੂਦਾ ਸਮੇਂ ਆਈ ਪੀ ਐੱਸ ਅਧਿਕਾਰੀ ਗੌਰਵ ਯਾਦਵ ਕਾਰਜਕਾਰੀ ਡੀ ਜੀ ਪੀ ਵਜੋਂ ਕੰਮ ਕਰ ਰਹੇ ਹਨ। ਕੇਂਦਰੀ ਲੋਕ ਸੇਵਾ ਕਮਿਸ਼ਨ ਨੇ ਰਸਮੀ ਤੌਰ ’ਤੇ ਪੰਜਾਬ ਸਰਕਾਰ ਤੋਂ ਪੱਕਾ ਡੀ ਜੀ ਪੀ ਲਾਉਣ ਲਈ ਯੋਗ ਸੀਨੀਅਰ ਆਈ ਪੀ ਐੱਸ ਅਫਸਰਾਂ ਦੀ ਸੂਚੀ ਵਾਲਾ ਪੈਨਲ ਮੰਗ ਲਿਆ ਹੈ। ਕਮਿਸ਼ਨ ਨੇ ਸੁਪਰੀਮ ਕੋਰਟ ਦੇ 5 ਫਰਵਰੀ ਦੇ ਹੁਕਮ ਦੇ ਹਵਾਲੇ ਨਾਲ ਦਸ ਦਿਨਾਂ ਦੇ ਅੰਦਰ ਪੈਨਲ ਭੇਜਣ ਦੀ ਹਦਾਇਤ ਦਿੱਤੀ ਹੈ। ਪੰਜਾਬ ਸਰਕਾਰ ਨੇ ਗ੍ਰਹਿ ਵਿਭਾਗ ਨੂੰ ਸੀਨੀਅਰ ਅਧਿਕਾਰੀਆਂ ਦੀ ਸੂਚੀ ਵਾਲਾ ਪੈਨਲ ਤਿਆਰ ਕਰਨ ਲਈ ਕਿਹਾ ਹੈ।

ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ 18 ਫਰਵਰੀ ਨੂੰ ਪੱਤਰ ਲਿਖ ਕੇ ਪੈਨਲ ਭੇਜਣ ਲਈ ਕਿਹਾ ਸੀ। ਸੁਪਰੀਮ ਕੋਰਟ ਕੁਝ ਰਾਜਾਂ ਵਿੱਚ ਕਾਰਜਕਾਰੀ ਡੀ ਜੀ ਪੀ ਲਾਏ ਜਾਣ ਤੋਂ ਖ਼ਫ਼ਾ ਹੈ ਅਤੇ ਕਮਿਸ਼ਨ ਨੂੰ ਅਜਿਹੇ ਰਾਜਾਂ ਵਿਰੁੱਧ ਕਾਰਵਾਈ ਦੇ ਹੁਕਮ ਵੀ ਦਿੱਤੇ ਹਨ। ਪੰਜਾਬ ਕੇਡਰ ਦੇ ਆਈ ਪੀ ਐੱਸ ਅਧਿਕਾਰੀ ਗੌਰਵ ਯਾਦਵ 1992 ਬੈਚ ਦੇ ਹਨ। ਉਹ 4 ਜੁਲਾਈ 2022 ਤੋਂ ਕਾਰਜਕਾਰੀ ਡੀ ਜੀ ਪੀ ਵਜੋਂ ਸੇਵਾ ਨਿਭਾ ਰਹੇ ਹਨ। ਪੰਜਾਬ ’ਚ ਇਸ ਵੇਲੇ 17 ਅਧਿਕਾਰੀ ਡੀ ਜੀ ਪੀ ਰੈਂਕ ਦੇ ਹਨ।

ਇਨ੍ਹਾਂ ਵਿੱਚ ਸਭ ਤੋਂ ਸੀਨੀਅਰ ਅਧਿਕਾਰੀ 1989 ਬੈਚ ਦੇ ਆਈ ਪੀ ਐੱਸ ਅਧਿਕਾਰੀ ਸੰਜੀਵ ਕਾਲੜਾ ਹਨ। ਉਨ੍ਹਾਂ ਨੂੰ ਰੈਗੂਲਰ ਡੀ ਜੀ ਪੀ ਵਜੋਂ ਵਿਚਾਰੇ ਜਾਣ ’ਤੇ ਕਾਨੂੰਨੀ ਮੁਸ਼ਕਲਾਂ ਹਨ। ਸੰਜੀਵ ਕਾਲੜਾ 28 ਫਰਵਰੀ 2026 ਨੂੰ ਸੇਵਾ ਮੁਕਤ ਹੋਣ ਵਾਲੇ ਹਨ; ਨਿਯਮਾਂ ਮੁਤਾਬਕ ਸੇਵਾ ਮੁਕਤੀ ’ਚ ਛੇ ਮਹੀਨੇ ਬਾਕੀ ਹੋਣ ’ਤੇ ਹੀ ਉਨ੍ਹਾਂ ਦਾ ਨਾਮ ਵਿਚਾਰਿਆ ਜਾ ਸਕਦਾ ਸੀ। ਸੀਨੀਅਰ ਅਧਿਕਾਰੀ ਪਰਾਗ ਜੈਨ ਕੇਂਦਰੀ ਡੈਪੂਟੇਸ਼ਨ ’ਤੇ ਹਨ ਅਤੇ ਉਨ੍ਹਾਂ ਦੀ ਮੁੜ ਸੂਬੇ ’ਚ ਆਉਣ ਦੀ ਸੰਭਾਵਨਾ ਬਹੁਤ ਘੱਟ ਹੈ।

ਯੂ ਪੀ ਐੱਸ ਸੀ ਦੀ ਇੰਪੈਨਲਮੈਂਟ ਕਮੇਟੀ ਵੱਲੋਂ ਸੀਨੀਆਰਤਾ, ਤਜਰਬੇ ਅਤੇ ਸੇਵਾ ਰਿਕਾਰਡ ਦੇ ਆਧਾਰ ’ਤੇ ਤਿੰਨ ਯੋਗ ਅਧਿਕਾਰੀਆਂ ਸੂਚੀ ਤਿਆਰ ਕੀਤੀ ਜਾਂਦੀ ਹੈ ਜਿਨ੍ਹਾਂ ’ਚੋਂ ਇੱਕ ਅਧਿਕਾਰੀ ਨੂੰ ਪੰਜਾਬ ਸਰਕਾਰ ਰੈਗੂਲਰ ਡੀ ਜੀ ਪੀ ਨਿਯੁਕਤ ਕਰੇਗੀ। ਪੰਜਾਬ ਸਰਕਾਰ ਇੱਕ ਵਾਰ ਸਟੇਟ ਪੁਲੀਸ ਲਾਅ-2023 ਬਣਾ ਕੇ ਖ਼ੁਦ ਹੀ ਰੈਗੂਲਰ ਡੀ ਜੀ ਪੀ ਨਿਯੁਕਤ ਕਰਨ ਦੇ ਰਾਹ ਵੀ ਪਈ ਸੀ।

ਗੌਰਵ ਯਾਦਵ ਦਾ ਨਾਮ ਵੀ ਪੈਨਲ ’ਚ ਸ਼ਾਮਲ ਹੋਣ ਦੀ ਸੰਭਾਵਨਾ

ਮੌਜੂਦਾ ਕਾਰਜਕਾਰੀ ਡੀ ਜੀ ਪੀ ਗੌਰਵ ਯਾਦਵ ਦਾ ਨਾਮ ਵੀ ਪੈਨਲ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। 1992 ਬੈਚ ਦੇ ਆਈ ਪੀ ਐੱਸ ਅਧਿਕਾਰੀ ਸ਼ਰਦ ਸੱਤਿਆ ਚੌਹਾਨ ਦੀ ਸੇਵਾ ਮੁਕਤੀ 31 ਮਾਰਚ 2028 ਨੂੰ ਹੋਣੀ ਹੈ, ਉਹ ਵੀ ਇਸ ਦੌੜ ’ਚ ਸ਼ਾਮਲ ਹਨ। ਉਹ ਇਸ ਵੇਲੇ ਪੰਜਾਬ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਦੇ ਵਿਸ਼ੇਸ਼ ਡੀ ਜੀ ਪੀ ਅਤੇ ਮੈਨੇਜਿੰਗ ਡਾਇਰੈਕਟਰ ਵਜੋਂ ਕੰਮ ਕਰ ਰਹੇ ਹਨ। 1992 ਬੈਚ ਦੇ ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਕੇਂਦਰੀ ਡੈਪੂਟੇਸ਼ਨ ਤੋਂ ਵਾਪਸ ਪਰਤੇ ਹਨ ਅਤੇ ਇਸ ਵੇਲੇ ਉਨ੍ਹਾਂ ਕੋਲ ਕੋਈ ਵਿਭਾਗ ਨਹੀਂ ਹੈ। ਉਨ੍ਹਾਂ ਦੀ ਸੇਵਾ ਮੁਕਤੀ 31 ਮਈ 2027 ਨੂੰ ਹੋਣੀ ਹੈ। 1992 ਬੈਚ ਦੇ ਹੀ ਆਈ ਪੀ ਐੱਸ ਅਧਿਕਾਰੀ ਕੁਲਦੀਪ ਸਿੰਘ ਵੀ ਪੈਨਲ ਦਾ ਹਿੱਸਾ ਬਣ ਸਕਦੇ ਹਨ।

Share: