ਮਿਨੀਪੋਲਿਸ: ਮਿਨੀਪੋਲਿਸ ਵਿੱਚ ਇਮੀਗ੍ਰੇਸ਼ਨ ਅਧਿਕਾਰੀ ਦੇ ਹੱਥੋਂ ਮਿਨੀਸੋਟਾ ਦੀ ਮਹਿਲਾ ਦੀ ਮੌਤ ਨੂੰ ਮਹੀਨਾ ਪੂਰਾ ਹੋਣ ’ਤੇ ਸ਼ਨਿਚਰਵਾਰ ਨੂੰ ਫੈਡਰਲ ਇਮਾਰਤ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਕਈ ਪ੍ਰਦਰਸ਼ਨਕਾਰੀਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਜ਼ਿਕਰਯੋਗ ਹੈ ਕਿ 7 ਜਨਵਰੀ ਨੂੰ ਰੈਨੀ ਗੁੱਡ ਦੀ ਉਸ ਸਮੇਂ ਮੌਤ ਹੋ ਗਈ ਸੀ ਜਦੋਂ ਉਹ ਮਿਨੀਪੋਲਿਸ ਦੇ ਇੱਕ ਇਲਾਕੇ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਤੋਂ ਬਚ ਕੇ ਆਪਣੀ ਗੱਡੀ ਵਿੱਚ ਜਾ ਰਹੀ ਸੀ। ਉਸ ਦੀ ਮੌਤ ਤੋਂ ਕੁਝ ਹਫ਼ਤਿਆਂ ਬਾਅਦ ਇੱਕ ਹੋਰ ਵਸਨੀਕ ਐਲੇਕਸ ਪ੍ਰੈਟੀ ਦੀ ਮੌਤ ਹੋਣ ਕਾਰਨ ਰਾਸ਼ਟਰਪਤੀ ਡੋਨਲਡ ਟਰੰਪ ਦੀ ਇਮੀਗ੍ਰੇਸ਼ਨ ਸਖ਼ਤੀ ਵਿਰੁੱਧ ਦੇਸ਼ ਭਰ ’ਚ ਰੋਸ ਫੈਲ ਗਿਆ।
ਦੁਪਹਿਰ ਵੇਲੇ ਬਿਸ਼ਪ ਹੈਨਰੀ ਵਿਪਲ ਫੈਡਰਲ ਬਿਲਡਿੰਗ ਦੇ ਸਾਹਮਣੇ ਵੱਡੀ ਗਿਣਤੀ ਪ੍ਰਦਰਸ਼ਨਕਾਰੀ ਇਕੱਠੇ ਹੋਏ। ਉਨ੍ਹਾਂ ਇਮਾਰਤ ਦੀ ਸੁਰੱਖਿਆ ਕਰ ਰਹੇ ਪੁਲੀਸ ਮੁਲਾਜ਼ਮਾਂ ’ਤੇ ਬੋਤਲਾਂ ਅਤੇ ਹੋਰ ਚੀਜ਼ਾਂ ਸੁੱਟੀਆਂ। ਮਿਨੀਸੋਟਾ ਸਟਾਰ ਟ੍ਰਿਬਿਊਨ ਅਨੁਸਾਰ, ਜਦੋਂ ਭੀੜ ਨੇ ਬਰਫ਼ ਦੇ ਟੁਕੜੇ ਸੁੱਟਣੇ ਸ਼ੁਰੂ ਕੀਤੇ ਤਾਂ ਪੁਲੀਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ।

