ਤਰਨ ਤਾਰਨ: ਪੰਜਾਬ ਕਾਲਜ ਆਫ਼ ਲਾਅ, ਉਸਮਾਂ ਦੇ ਵਿਦਿਆਰਥੀ ਪ੍ਰਿੰਸ ਰਾਜ ਸਿੰਘ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ| ਉਸ ਨੂੰ ਕੱਲ੍ਹ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦਾਖਲ ਕਰਾਇਆ ਗਿਆ ਸੀ| ਐਲ ਐਲ ਬੀ ਭਾਗ ਪਹਿਲਾ ਦੇ ਵਿਦਿਆਰਥੀ ਪ੍ਰਿੰਸ ਰਾਜ ਨੇ ਆਪਣੇ ਨਾਲ ਪੜ੍ਹਦੀ ਲੜਕੀ ਸੰਦੀਪ ਕੌਰ (21) ਦੀ ਕਾਲਜ ਵਿਚ ਗੋਲੀ ਮਾਰ ਕੇ ਹੱਤਿਆ ਕਰਨ ਉਪਰੰਤ ਖੁੱਦ ਨੂੰ ਵੀ ਸਿਰ ’ਤੇ ਗੋਲੀ ਮਾਰ ਲਈ ਸੀ| ਇਸ ਸਬੰਧੀ ਥਾਣਾ ਸਰਹਾਲੀ ਦੀ ਪੁਲੀਸ ਨੇ ਬੀ ਐਨ ਐਸ ਦੀ ਦਫਾ 103 ਅਤੇ ਅਸਲਾ ਐਕਟ ਦੀ ਧਾਰਾ 25, 27, 54, 59 ਤਹਿਤ ਇਕ ਕੇਸ ਦਰਜ ਕੀਤਾ ਹੋਇਆ ਹੈ| ਪ੍ਰਿੰਸ ਰਾਜ ਸਿੰਘ ਇਸ ਲੜਕੀ ’ਤੇ ਆਪਣੇ ਨਾਲ ਵਿਆਹ ਕਰਾਉਣ ਲਈ ਦਬਾਅ ਪਾ ਰਿਹਾ ਸੀ ਜਦੋਂਕਿ ਸੰਦੀਪ ਕੌਰ ਦੇ ਪਰਿਵਾਰ ਨੇ ਉਸ ਦੀ ਪਹਿਲਾਂ ਹੀ ਮੰਗਣੀ ਕਿਧਰੇ ਹੋਰ ਕੀਤੀ ਹੋਈ ਸੀ।
ਥਾਣਾ ਸਰਹਾਲੀ ਦੇ ਐਸਐਚਓ ਇੰਸਪੈਕਟਰ ਗੁਰਿੰਦਰ ਸਿੰਘ ਨੇ ਕਿਹਾ ਕਿ ਪ੍ਰਿੰਸ ਰਾਜ ਦੀ ਹਾਲਤ ਗੰਭੀਰ ਬਣੀ ਹੋਈ ਹੈ ਇਸ ਦੇ ਨਾਲ ਕਾਲਜ ਵਿੱਚ ਅਜੇ ਵੀ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ| ਘਟਨਾ ਦੇ ਦੂਸਰੇ ਦਿਨ ਅੱਜ ਕਾਲਜ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਕਾਫੀ ਘੱਟ ਰਹੀ|

