ਕਿਸਾਨਾਂ ਨੂੰ ਬਠਿੰਡਾ ਧਰਨੇ ’ਚ ਪੁੱਜਣ ਤੋਂ ਰੋਕਣ ਲਈ ਪੁਲੀਸ ਪੱਬਾਂ ਭਾਰ

ਕਿਸਾਨਾਂ ਨੂੰ ਬਠਿੰਡਾ ਧਰਨੇ ’ਚ ਪੁੱਜਣ ਤੋਂ ਰੋਕਣ ਲਈ ਪੁਲੀਸ ਪੱਬਾਂ ਭਾਰ

ਬਠਿੰਡਾ: ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਕਿਸਾਨਾਂ ਦੀ ਰਿਹਾਈ ਲਈ ਇੱਥੇ ਮਿੰਨੀ ਸਕੱਤਰੇਤ ਸਾਹਮਣੇ ਲੱਗਣ ਵਾਲੇ ਪ੍ਰਸਤਾਵਿਤ ਧਰਨੇ ਦੇ ਮੱਦੇਨਜ਼ਰ ਪ੍ਰਸ਼ਾਸਨ ਸਖ਼ਤੀ ਦੇ ਮੋਡ ਵਿੱਚ ਹੈ। ਬਠਿਡਾ ਨੂੰ ਜੋੜਦੇ ਸਾਰੇ ਮੁੱਖ ਮਾਰਗਾਂ ’ਤੇ ਵੱਡੇ ਪੱਧਰ ’ਤੇ ਪੁਲੀਸ ਕਰਮੀਆਂ ਤਾਇਨਾਤੀ ਕੀਤੀ ਹੋਈ ਹੈ। ਸੂਤਰਾਂ ਮੁਤਾਬਿਕ ਲੰਘੀ ਰਾਤ ਕਿਸਾਨ ਆਗੂਆਂ ਦੇ ਘਰਾਂ ’ਚ ਪੁਲੀਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁੱਝ ਕਿਸਾਨਾਂ ਨੂੰ ਘਰਾਂ ’ਚ ਨਜ਼ਰਬੰਦ ਕੀਤਾ ਗਿਆ ਹੈ ਅਤੇ ਕੁੱਝ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।

ਗ਼ੌਰਤਲਬ ਹੈ ਕਿ 6 ਫਰਵਰੀ ਨੂੰ ਯੂਨੀਅਨ ਵੱਲੋਂ ਬਠਿੰਡਾ ’ਚ ਡੀ.ਸੀ. ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਾਉਣ ਦੇ ਪ੍ਰੋਗਰਾਮ ਨੂੰ ਪੁਲੀਸ ਪ੍ਰਸ਼ਾਸਨ ਨੇ ਥਾਂ-ਥਾਂ ’ਤੇ ਰੋਕਾਂ ਲਾ ਕੇ ਸਾਬੋਤਾਜ਼ ਕਰ ਦਿੱਤਾ ਸੀ ਅਤੇ ਅੱਗੇ ਵਧਦੇ ਕਿਸਾਨਾਂ ਦੇ ਕਾਫ਼ਲਿਆਂ ਨੂੰ ਰੋਕਣ ਲਈ ਅੱਥਰੂ ਗੈਸ, ਜਲ ਤੋਪਾਂ ਅਤੇ ਹਲਕੇ ਬਲ ਦਾ ਪ੍ਰਯੋਗ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਅੱਜ ਦਾ ਪ੍ਰਦਰਸ਼ਨ ਬਠਿੰਡਾ ਦੀ ਕੇਂਦਰੀ ਜੇਲ੍ਹ ’ਚ ਬੰਦ ਯੂਨੀਅਨ ਨਾਲ ਸਬੰਧਿਤ ਦੋ ਕਿਸਾਨਾਂ ਦੀ ਰਿਹਾਈ ਲਈ ਤੈਅ ਕੀਤਾ ਗਿਆ ਹੈ। ਦੋਵਾਂ ਕਿਸਾਨਾਂ ਨੂੰ ਅਪਰੈਲ-2025 ਵਿੱਚ ਬਠਿੰਡਾ ਜ਼ਿਲ੍ਹੇ ’ਚ ਪੈਂਦੇ ਆਦਰਸ਼ ਸਕੂਲ ਚਾਉਕੇ ਦੇ ਅਧਿਆਪਕ ਅੰਦੋਲਨ ਮੌਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਵਾਂ ’ਤੇ ਇੱਕ ਡੀ ਐੱਸ ਪੀ ’ਤੇ ਕਥਿਤ ਤੌਰ ’ਤੇ ਹਮਲਾ ਕਰਨ ਦੇ ਦੋਸ਼ ਤਹਿਤ ਇਰਾਦਾ ਕਤਲ ਦੀ ਧਾਰਾ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ।
Share: