ਪੁਲੀਸ ਵੱਲੋਂ ਦਹਿਸ਼ਤੀ ਗਰੋਹ ਦੇ 13 ਮੈਂਬਰ ਕਾਬੂ

ਪੁਲੀਸ ਵੱਲੋਂ ਦਹਿਸ਼ਤੀ ਗਰੋਹ ਦੇ 13 ਮੈਂਬਰ ਕਾਬੂ

ਮੋਗਾ: ਮੋਗਾ ਪੁਲੀਸ ਨੇ ਸੂਬੇ ਅੰਦਰ ਪਰਵਾਸੀ ਮਜ਼ਦੂਰਾਂ ਵਿੱਚ ਖੌਫ਼ ਪੈਦਾ ਕਰਨ ਅਤੇ ਫਿਰਕੂ ਮਾਹੌਲ ਖ਼ਰਾਬ ਕਰਨ ਦੀ ਵੱਡੀ ਸਾਜ਼ਿਸ਼ ਨਾਕਾਮ ਕਰਦਿਆਂ ਜੰਮੂ ਕਸ਼ਮੀਰ ਤੋਂ ਲਿਆਂਦੀ ਗਈ ਧਮਾਕਾਖੇਜ਼ ਸਮੱਗਰੀ ਬਰਾਮਦ ਕਰ ਕੇ ਉਸ ਨੂੰ ਨਸ਼ਟ ਕਰਵਾ ਦਿੱਤਾ ਹੈ। ਇਸ ਮਾਮਲੇ ਵਿੱਚ ਦਹਿਸ਼ਤਗਰਦ ਗਰੋਹ ਦੇ ਕੁੱਲ 13 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਮੁਲਜ਼ਮਾਂ ਨੂੰ ਪਨਾਹ ਦੇਣ ਵਾਲੇ ਮਾਂ-ਧੀ ਅਤੇ ਪਿਤਾ ਵੀ ਸ਼ਾਮਲ ਹਨ।

ਫਰੀਦਕੋਟ ਰੇਂਜ ਦੀ ਆਈ ਜੀ ਨਿਲਾਂਬਰੀ ਜਗਦਲੇ ਅਤੇ ਐੱਸ ਐੱਸ ਪੀ ਅਜੈ ਗਾਂਧੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 10 ਫਰਵਰੀ ਨੂੰ ਪਰਵਾਸੀ ਮਜ਼ਦੂਰਾਂ ਦੇ ਗਰੁੱਪ ’ਤੇ ਗੋਲੀਬਾਰੀ ਕੀਤੀ ਗਈ ਸੀ, ਜਿਸ ਵਿੱਚ ਦੋ ਮਜ਼ਦੂਰ ਜ਼ਖ਼ਮੀ ਹੋਏ ਸਨ। ਇਸ ਘਟਨਾ ਨੂੰ ਅੰਜਾਮ ਦੇਣ ਲਈ ਇੱਕ ਦਿਨ ਪਹਿਲਾਂ 9 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਵਸਨੀਕ ਸ਼ੁਭਮ ਸ਼ਰਮਾ ਅਤੇ ਅਮਨ ਸ਼ਰਮਾ ਦੋ ਅਣਪਛਾਤੇ ਸਾਥੀਆਂ ਨਾਲ ਫਿਰੋਜ਼ਪੁਰ ਦੇ ਪਿੰਡ ਭੰਗਾਲੀ ਪਹੁੰਚੇ ਸਨ। ਉਹ ਇੱਥੇ ਮੁਲਜ਼ਮ ਜੋਬਨਪ੍ਰੀਤ ਸਿੰਘ ਉਰਫ਼ ਜੋਬਨ ਅਤੇ ਸ਼ਾਹਵੀਰ ਸਿੰਘ ਕੋਲ ਹਥਿਆਰ ਅਤੇ ਹੈਂਡ ਗਰਨੇਡ ਦੇ ਕੇ ਗਏ ਸਨ। ਪੁਲੀਸ ਨੇ ਸ਼ਾਹਵੀਰ ਦੀ ਨਿਸ਼ਾਨਦੇਹੀ ’ਤੇ ਨੀਲੇ ਰੰਗ ਦੇ ਚਾਈਨਾ ਮੇਡ ‘ਅਰਗਸ 84’ ਮਾਰਕਾ ਗਰਨੇਡ ਬਰਾਮਦ ਕਰਵਾਏ, ਜਿਨ੍ਹਾਂ ਨੂੰ ਬੰਬ ਨਕਾਰਾ ਕਰਨ ਵਾਲੇ ਦਸਤੇ ਨੇ ਨਕਾਰਾ ਕਰ ਦਿੱਤਾ।

ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਜ਼ਿਸ਼ ਵਿੱਚ ਪਿੰਡ ਭੰਗਾਲੀ ਦੇ ਲਖਵਿੰਦਰ ਸਿੰਘ, ਸੁਖਬੀਰ ਸਿੰਘ ਉਰਫ਼ ਗੁੱਗੂ ਅਤੇ ਮਿਸਰੀਵਾਲਾ ਦੇ ਸ਼ੁਭਨੀਤ ਸਿੰਘ ਉਰਫ਼ ਸ਼ੁਭ ਦੀ ਅਹਿਮ ਭੂਮਿਕਾ ਸੀ। ਹਾਲਾਂਕਿ ਇਹ ਤਿੰਨੇ ਮੋਗਾ ਵਿੱਚ ਵਾਰਦਾਤ ਵਾਲੀ ਥਾਂ ’ਤੇ ਮੌਜੂਦ ਨਹੀਂ ਸਨ, ਪਰ ਸ਼ੁਭਨੀਤ ਲਗਾਤਾਰ ਮੋਬਾਈਲ ਰਾਹੀਂ ਸੰਪਰਕ ਵਿੱਚ ਸੀ। ਗੋਲੀਬਾਰੀ ਵਿੱਚ ਸ਼ਾਮਲ ਇੱਕ ਬਾਲ ਅਪਰਾਧੀ ਨੂੰ ਜੁਵੇਨਾਇਲ ਬੋਰਡ ਅੱਗੇ ਪੇਸ਼ ਕਰਕੇ ਫਰੀਦਕੋਟ ਜੇਲ੍ਹ ਭੇਜ ਦਿੱਤਾ ਗਿਆ ਹੈ।

ਪੁਲੀਸ ਨੇ ਮੁਲਜ਼ਮ ਜੋਬਨਪ੍ਰੀਤ ਦੇ ਭਰਾ, ਮਾਂ ਅਤੇ ਸ਼ਾਹਵੀਰ ਦੇ ਪਿਤਾ ਤੋਂ ਇਲਾਵਾ ਦੋ ਹੋਰ ਔਰਤਾਂ ਨੂੰ ਪਨਾਹ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਯਮੁਨਾਨਗਰ ਦੇ ਵਿਵੇਕ ਉਰਫ਼ ਹਰਸ਼ ਨੂੰ ਵੀ ਕਾਬੂ ਕੀਤਾ ਗਿਆ ਹੈ। ਪੁਲੀਸ ਮੁਤਾਬਕ ਮੁਲਜ਼ਮਾਂ ਦੇ ਵਿਦੇਸ਼ ਬੈਠੇ ਸ਼ਰਾਰਤੀ ਅਨਸਰਾਂ ਨਾਲ ਤਾਲਮੇਲ ਹੋਣ ਦੀ ਸੰਭਾਵਨਾ ਹੈ, ਜੋ ਪੰਜਾਬ ਦੀ ਅਮਨ-ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ। ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਹੋਰ ਖ਼ੁਲਾਸੇ ਹੋਣ ਦੀ ਉਮੀਦ ਹੈ।

Share: