ਰਾਹੁਲ ਦੀ ਮੈਂਬਰਸ਼ਿਪ ਖਾਰਜ ਕਰਨ ਲਈ ਨੋਟਿਸ

ਰਾਹੁਲ ਦੀ ਮੈਂਬਰਸ਼ਿਪ ਖਾਰਜ ਕਰਨ ਲਈ ਨੋਟਿਸ

ਨਵੀਂ ਦਿੱਲੀ: ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਖਿਲਾਫ਼ ਲੋਕ ਸਭਾ ਵਿਚ ‘ਸਬਸਟੈਂਟਿਵ (ਪ੍ਰਮੁੱਖ) ਮਤਾ’ ਦਾਖਲ ਕੀਤਾ ਹੈ। ਦੂਬੇ ਨੇ ਮੰਗ ਕੀਤੀ ਕਿ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖਾਰਜ ਕੀਤੀ ਜਾਵੇ ਤੇ ਉਨ੍ਹਾਂ ਨੂੰ ਤਾਉਮਰ ਚੋਣ ਲੜਨ ਤੋਂ ਰੋਕਣ ਦੀ ਮੰਗ ਕੀਤੀ ਹੈ। ਸੰਸਦੀ ਕੰਪਲੈਕਸ ਵਿਚ ਪੀ ਟੀ ਆਈ ਵੀਡੀਓਜ਼ ਨਾਲ ਗੱਲਬਾਤ ਕਰਦਿਆਂ ਦੂਬੇ ਨੇ ਕਿਹਾ ਕਿ ਉਨ੍ਹਾਂ ਮਤੇ ਵਿਚ ਦਾਅਵਾ ਕੀਤਾ ਹੈ ਕਿ ਕਿਵੇਂ ਵਿਰੋਧੀ ਧਿਰ ਦੇ ਆਗੂ (ਰਾਹੁਲ) ਨੇ ਵਿਦੇਸ਼ ਫੇਰੀ ਦੌਰਾਨ ਸੋਰੋਸ ਫਾਊਂਡੇਸ਼ਨ, ਯੂ ਐੱਸ ਏਡ, ਫੋਰਡ ਫਾਊਂਡੇਸ਼ਨ ਤੇ ਭਾਰਤ ਵਿਰੋਧੀ ਅਨਸਰਾਂ ਨਾਲ ‘ਮਿਲੀਭੁਗਤ’ ਕੀਤੀ। ‘ਪ੍ਰਮੁੱਖ ਮਤਾ’ ਸੁਤੰਤਰ ਤਜਵੀਜ਼ ਹੁੰਦੀ ਹੈ ਜੋ ਕਿਸੇ ਵਿਧਾਨਕ ਸਦਨ ਜਾਂ ਅਸੈਂਬਲੀ ਦੀ ਪ੍ਰਵਾਨਗੀ ਲਈ ਪੇਸ਼ ਕੀਤੀ ਜਾਂਦੀ ਹੈ। ਇਸ ਵਿਚ ਕਿਸੇ ਖਾਸ ਮੁੱਦੇ ’ਤੇ ਫ਼ੈਸਲੇ ਜਾਂ ਕਾਰਵਾਈ ਦੀ ਤਜਵੀਜ਼ ਰੱਖੀ ਜਾਂਦੀ ਹੈ। ਇਹ ਕਿਸੇ ਹੋਰ ਮਤੇ ’ਤੇ ਨਿਰਭਰ ਨਹੀਂ ਹੈ ਅਤੇ ਇਸ ਲਈ ਵੋਟਿੰਗ ਦੀ ਲੋੜ ਹੁੰਦੀ ਹੈ। ਦੂਬੇ ਨੇ ਕਿਹਾ, ‘‘ਇਹ ਕੋਈ ਵਿਸ਼ੇਸ਼ਾਧਿਕਾਰ ਮਤਾ ਨੋਟਿਸ ਨਹੀਂ। ਮੈਂ ਵਿਸ਼ੇਸ਼ ਮਤਾ ਨੋਟਿਸ ਦਿੱਤਾ ਹੈ ਜਿਸ ਵਿੱਚ ਮੈਂ ਜ਼ਿਕਰ ਕੀਤਾ ਹੈ ਕਿ ਕਿਵੇਂ ਉਨ੍ਹਾਂ (ਰਾਹੁਲ) ਥਾਈਲੈਂਡ, ਵੀਅਤਨਾਮ, ਕੰਬੋਡੀਆ ਦਾ ਦੌਰਾ ਕਰ ਕੇ ਸੋਰੋਸ ਫਾਊਂਡੇਸ਼ਨ, ਫੋਰਡ ਫਾਊਂਡੇਸ਼ਨ ਅਤੇ ਯੂ ਐੱਸ ਏਡ ਅਤੇ ਭਾਰਤ ਵਿਰੋਧੀ ਤਾਕਤਾਂ ਨਾਲ ਮਿਲੀਭੁਗਤ ਕੀਤੀ ਹੈ।’’

ਕੇਸ ਕਰ ਲਵੋ ਜਾਂ ਮਤਾ ਲੈ ਆਓ…ਕਿਸਾਨਾਂ ਨਾਲ ਖੜ੍ਹਾ ਰਹਾਂਗਾ: ਰਾਹੁਲ

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਉਨ੍ਹਾਂ ਖਿਲਾਫ਼ ਕੇਸ ਦਰਜ ਕਰ ਲਏ ਜਾਂ ਫਿਰ ਵਿਸ਼ੇਸ਼ ਅਧਿਕਾਰ ਮਤਾ ਲੈ ਆਏ, ਪਰ ਉਹ ਕਿਸਾਨਾਂ ਨਾਲ ਖੜ੍ਹੇ ਰਹਿਣਗੇ। ਵਿਰੋਧੀ ਧਿਰ ਦੇ ਆਗੂ ਨੇ ਐਕਸ ’ਤੇ ਵੀਡੀਓ ਬਿਆਨ ਵਿੱਚ ਕਿਹਾ, ‘‘ਐੱਫ ਆਈ ਆਰ ਹੋਵੇ, ਮੁਕੱਦਮਾ ਦਰਜ ਹੋਵੇ ਜਾਂ ਵਿਸ਼ੇਸ਼ ਅਧਿਕਾਰ ਮਤਾ ਲਿਆਉਣ- ਮੈਂ ਕਿਸਾਨਾਂ ਲਈ ਲੜਾਂਗਾ। ਜਿਹੜਾ ਵੀ ਵਪਾਰ ਸੌਦਾ ਕਿਸਾਨਾਂ ਦੀ ਰੋਜ਼ੀ ਰੋਟੀ ਖੋਹੇਗਾ ਜਾਂ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਕਮਜ਼ੋਰ ਕਰੇਗਾ, ਉਹ ਕਿਸਾਨ ਵਿਰੋਧੀ ਹੈ। ਅੰਨਦਾਤਾ ਦੇ ਹਿੱਤਾਂ ਨਾਲ ਕਿਸਾਨਾਂ ਨੂੰ ਸਮਝੌਤਾ ਨਹੀਂ ਕਰਨ ਦਿਆਂਗੇ।’’

Share: