ਵਾਸ਼ਿੰਗਟਨ: ਸਾਬਕਾ ਵਿਦੇਸ਼ ਮੰਤਰੀ ਹਿੱਲੇਰੀ ਕਲਿੰਟਨ ਨੇ ਵੀਰਵਾਰ ਨੂੰ ਕਾਂਗਰਸ ਦੇ ਮੈਂਬਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਜੈਫਰੀ ਐਪਸਟੀਨ ਜਾਂ ਘਿਸਲੇਨ ਮੈਕਸਵੈੱਲ ਦੇ ਅਪਰਾਧਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਹ ਦੋ ਦਿਨਾਂ ਦੀ ਗਵਾਹੀ ਪ੍ਰਕਿਰਿਆ ਦੀ ਸ਼ੁਰੂਆਤ ਸੀ ਜਿਸ ਵਿੱਚ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਵੀ ਸ਼ਾਮਲ ਹੋਣਗੇ। ਹਿੱਲੇਰੀ ਕਲਿੰਟਨ ਨੇ ਸੋਸ਼ਲ ਮੀਡੀਆ ‘ਤੇ ਸਾਂਝੇ ਕੀਤੇ ਆਪਣੇ ਸ਼ੁਰੂਆਤੀ ਬਿਆਨ ਵਿੱਚ ਕਿਹਾ,“ਮੈਨੂੰ ਉਨ੍ਹਾਂ ਦੀਆਂ ਅਪਰਾਧਿਕ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਮੈਨੂੰ ਯਾਦ ਨਹੀਂ ਹੈ ਕਿ ਮੈਂ ਕਦੇ ਮਿਸਟਰ ਐਪਸਟੀਨ ਨੂੰ ਮਿਲੀ ਹਾਂ।”
ਬੰਦ ਕਮਰੇ ਵਿੱਚ ਹੋਈ ਇਹ ਪੁੱਛਗਿੱਛ ਵੀਰਵਾਰ ਨੂੰ ਛੇ ਘੰਟਿਆਂ ਤੋਂ ਵੱਧ ਸਮੇਂ ਬਾਅਦ ਖਤਮ ਹੋਈ। ਨਿਊਯਾਰਕ ਸਿਟੀ ਦੇ ਉੱਤਰ ਵਿੱਚ ਸਥਿਤ ਕਲਿੰਟਨ ਪਰਿਵਾਰ ਦੇ ਜੱਦੀ ਸ਼ਹਿਰ ਚਪਾਕੁਆ ਵਿੱਚ ਇਹ ਗਵਾਹੀਆਂ ਉਸ ਸਮੇਂ ਹੋ ਰਹੀਆਂ ਹਨ ਜਦੋਂ ਰਿਪਬਲਿਕਨ ਨਿਯੰਤਰਿਤ ਹਾਊਸ ਓਵਰਸਾਈਟ ਕਮੇਟੀ ਐਪਸਟੀਨ ਦੀ ਜਾਂਚ ਕਰ ਰਹੀ ਹੈ,ਜਿਸ ਨੇ 2019 ਵਿੱਚ ਜੇਲ੍ਹ ਵਿੱਚ ਖੁਦਕੁਸ਼ੀ ਕਰ ਲਈ ਸੀ।
ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸਾਬਕਾ ਰਾਸ਼ਟਰਪਤੀ ਨੂੰ ਕਾਂਗਰਸ ਦੇ ਸਾਹਮਣੇ ਪੇਸ਼ ਹੋਣ ਲਈ ਮਜਬੂਰ ਕੀਤਾ ਗਿਆ ਹੈ। ਹਾਲਾਂਕਿ,ਐਪਸਟੀਨ ਵੱਲੋਂ ਨਾਬਾਲਗ ਲੜਕੀਆਂ ਦੇ ਸ਼ੋਸ਼ਣ ਦੇ ਮਾਮਲੇ ਵਿੱਚ ਜਵਾਬਦੇਹੀ ਦੀ ਮੰਗ ਕੈਪੀਟਲ ਹਿੱਲ ‘ਤੇ ਇੱਕ ਵੱਡੀ ਤਾਕਤ ਬਣ ਗਈ ਹੈ। ਰਾਸ਼ਟਰਪਤੀ ਡੋਨਲਡ ਟਰੰਪ, ਜਿਨ੍ਹਾਂ ਨੇ ਕਲਿੰਟਨ ਪਰਿਵਾਰ ਨੂੰ ਗਵਾਹੀ ਲਈ ਮਜਬੂਰ ਕੀਤੇ ਜਾਣ ‘ਤੇ ਅਫਸੋਸ ਜਤਾਇਆ ਸੀ, ਪਿਛਲੇ ਸਾਲ ਐਪਸਟੀਨ ਨਾਲ ਸਬੰਧਤ ਫਾਈਲਾਂ ਜਨਤਕ ਕਰਨ ਦੇ ਦਬਾਅ ਅੱਗੇ ਝੁਕ ਗਏ ਸਨ। ਕਲਿੰਟਨ ਪਰਿਵਾਰ ਵੀ ਉਦੋਂ ਗਵਾਹੀ ਲਈ ਸਹਿਮਤ ਹੋਇਆ ਜਦੋਂ ਕਮੇਟੀ ਦੇ ਚੇਅਰਮੈਨ ਜੇਮਸ ਕੋਮਰ ਨੇ ਉਨ੍ਹਾਂ ‘ਤੇ ਕਾਂਗਰਸ ਦੀ ਮਾਣਹਾਨੀ ਦੇ ਦੋਸ਼ ਲਗਾਉਣ ਦੀ ਧਮਕੀ ਦਿੱਤੀ।
ਹਿੱਲੇਰੀ ਕਲਿੰਟਨ ਨੇ ਕਿਹਾ ਕਿ ਉਹ ਇਨ੍ਹਾਂ ਅਪਰਾਧਾਂ ਬਾਰੇ ਜਾਣ ਕੇ ਹੈਰਾਨ ਹੈ। ਉਨ੍ਹਾਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੇ ਪਤੀ ਨੇ ਚੈਰਿਟੀ ਯਾਤਰਾਵਾਂ ਲਈ ਐਪਸਟੀਨ ਦੇ ਜਹਾਜ਼ ਦੀ ਵਰਤੋਂ ਕੀਤੀ ਸੀ, ਪਰ ਉਨ੍ਹਾਂ ਨੂੰ ਖੁਦ ਮਿਲਣਾ ਯਾਦ ਨਹੀਂ। ਮੈਕਸਵੈੱਲ, ਜੋ ਐਪਸਟੀਨ ਦੀ ਸਹਿਯੋਗੀ ਸੀ, ਨੇ 2010 ਵਿੱਚ ਚੇਲਸੀ ਕਲਿੰਟਨ ਦੇ ਵਿਆਹ ਵਿੱਚ ਵੀ ਸ਼ਿਰਕਤ ਕੀਤੀ ਸੀ। ਰਿਪਬਲਿਕਨਾਂ ਲਈ ਬਿਲ ਕਲਿੰਟਨ ਮੁੱਖ ਨਿਸ਼ਾਨਾ ਬਣੇ ਹੋਏ ਹਨ ਕਿਉਂਕਿ ਐਪਸਟੀਨ ਦੀਆਂ ਫਾਈਲਾਂ ਵਿੱਚ ਉਨ੍ਹਾਂ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਹਾਲਾਂਕਿ ਉਨ੍ਹਾਂ ‘ਤੇ ਕੋਈ ਸਿੱਧਾ ਦੋਸ਼ ਨਹੀਂ ਹੈ।
ਦੂਜੇ ਪਾਸੇ, ਡੈਮੋਕ੍ਰੇਟਸ ਨੇ ਮੰਗ ਕੀਤੀ ਹੈ ਕਿ ਡੋਨਲਡ ਟਰੰਪ ਨੂੰ ਵੀ ਇਸ ਜਾਂਚ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਗਵਾਹੀ ਲਈ ਬੁਲਾਇਆ ਜਾਵੇ। ਸੈਨੇਟ ਦੇ ਡੈਮੋਕ੍ਰੇਟਿਕ ਆਗੂ ਚੱਕ ਸ਼ੂਮਰ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਦੀ ਤਹਿ ਤੱਕ ਜਾਣਗੇ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਪਰਦੇਪੋਸ਼ੀ ਨੂੰ ਬੇਨਕਾਬ ਕੀਤਾ ਜਾ ਸਕੇ।

