ਕਿਸਾਨ ਹਿੱਤਾਂ ’ਤੇ ਕੋਈ ਸਮਝੌਤਾ ਨਹੀਂ ਕੀਤਾ: ਗੋਇਲ

ਕਿਸਾਨ ਹਿੱਤਾਂ ’ਤੇ ਕੋਈ ਸਮਝੌਤਾ ਨਹੀਂ ਕੀਤਾ: ਗੋਇਲ

ਨਵੀਂ ਦਿੱਲੀ: ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਭਾਰਤ-ਅਮਰੀਕਾ ਸਮਝੌਤੇ ਨਾਲ ਘਰੇਲੂ ਕਿਸਾਨਾਂ, ਐੱਮ ਐੱਸ ਐੱਮ ਈ, ਉਦਮੀਆਂ ਤੇ ਹੁਨਰਮੰਦ ਕਿਰਤੀਆਂ ਨੂੰ ਵੱਡੇ ਮੌਕੇ ਮਿਲਣਗੇ ਅਤੇ ‘ਮੇਕ ਇਨ ਇੰਡੀਆ’ ਨੂੰ ਹੁਲਾਰਾ ਮਿਲੇਗਾ। ਕਰਾਰ ’ਚ ਖੇਤੀ ਤੇ ਡੇਅਰੀ ਖੇਤਰਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ’ਤੇ ਟੈਰਿਫ 50 ਫੀਸਦ ਤੋਂ ਘਟਾ ਕੇ 18 ਫੀਸਦ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਅੱਜ ਸ੍ਰੀ ਗੋਇਲ ਨੇ ਕਿਹਾ ਕਿ ਭਾਰਤ ਦੀ ਅਮਰੀਕਾ ਨਾਲ ਚੰਗੇ ਵਪਾਰ ਸਮਝੌਤੇ ’ਤੇ ਸਹਿਮਤੀ ਬਣੀ ਹੈ ਅਤੇ ਇਸ ’ਚ ਖੇਤੀ ਤੇ ਡੇਅਰੀ ਖੇਤਰਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ ਹੈ। ਦੋਵੇਂ ਦੇਸ਼ ਜਲਦੀ ਹੀ ਸਾਂਝਾ ਬਿਆਨ ਜਾਰੀ ਕਰਨਗੇ ਜਿਸ ’ਚ ਇਸ ਸਮਝੌਤੇ ਦੇ ਵੇਰਵਿਆਂ ਬਾਰੇ ਦੱਸਿਆ ਜਾਵੇਗਾ ਜਿਨ੍ਹਾਂ ਦੀ ਉਦਯੋਗ ਤੇ ਬਰਾਮਦਕਾਰ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਉਨ੍ਹਾਂ ਭਰੋਸਾ ਦਿਵਾਇਆ ਕਿ ਇਹ ਸਮਝੌਤਾ ਦੇਸ਼ ਦੇ ਲੋਕਾਂ ਨੂੰ ਵੱਡੇ ਮੌਕੇ ਮੁਹੱਈਆ ਕਰੇਗਾ ਅਤੇ ਸੰਵੇਦਨਸ਼ੀਲ ਖੇਤਰਾਂ ਤੇ ਸਾਡੀ ਖੇਤੀਬਾੜੀ ਤੇ ਡੇਅਰੀ ਖੇਤਰਾਂ ਦੇ ਹਿੱਤਾਂ ਦੀ ਪੂਰੀ ਤਰ੍ਹਾਂ ਰੱਖਿਆ ਕਰੇਗਾ। ਇਹ ਸਮਝੌਤਾ ਕੱਪੜਾ, ਪਲਾਸਟਿਕ, ਘਰ ਦੀ ਸਜਾਵਟ, ਚਮੜਾ ਤੇ ਜੁੱਤੀਆਂ, ਨਗ ਤੇ ਗਹਿਣੇ, ਜੈਵਿਕ ਰਸਾਇਣ, ਰਬੜ ਦਾ ਸਾਮਾਨ, ਮਸ਼ੀਨਰੀ ਤੇ ਹਵਾਈ ਜਹਾਜ਼ ਜਿਹੇ ਖੇਤਰਾਂ ਲਈ ਵੱਡੇ ਮੌਕੇ ਖੋਲ੍ਹੇਗਾ ਜਿੱਥੇ ਵਧੇਰੇ ਕਿਰਤ ਦੀ ਲੋੜ ਹੈ। ਅਮਰੀਕੀ ਬਾਜ਼ਾਰਾਂ ਵਿੱਚ ਇਨ੍ਹਾਂ ਵਿੱਚੋਂ ਬਹੁਤੇ ਖੇਤਰਾਂ ’ਤੇ ਦਰਾਮਦ ਟੈਰਿਫ ਜਲਦੀ ਹੀ ਮੌਜੂਦਾ 50 ਤੋਂ ਘਟ ਕੇ 18 ਫੀਸਦ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਤੇਜ਼ੀ ਨਾਲ ਵਧ ਰਿਹਾ ਤੇ ਵੱਡਾ ਅਰਥਚਾਰਾ ਹੈ; ਆਈ ਸੀ ਟੀ ਉਤਪਾਦਾਂ, ਡੇਟਾ ਸੈਂਟਰ ਉਪਕਰਨਾਂ, ਉੱਚ ਗੁਣਵੱਤਾ ਤਕਨਾਲੋਜੀ ਤੇ ਕੱਚੇ ਮਾਲ ਵਰਗੀਆਂ ਚੀਜ਼ਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਅਜਿਹੀ ਸਥਿਤੀ ਵਿੱਚ ਇਹ ਸੌਦਾ ਭਾਰਤ ਦੇ ਵਿਕਾਸ ਲਈ ਹੋਰ ਮੌਕੇ ਮੁਹੱਈਆ ਕਰੇਗਾ। ਵਾਸ਼ਿੰਗਟਨ ਨਾਲ ਬਣੀ ਸਹਿਮਤੀ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੇ ਬਿਨਾਂ ਉਨ੍ਹਾਂ ਕਿਹਾ ਕਿ ਵਪਾਰਕ ਸੌਦਾ ਆਖਰੀ ਪੜਾਅ ’ਤੇ ਹੈ ਅਤੇ ਜਲਦੀ ਹੀ ਭਾਰਤ-ਅਮਰੀਕਾ ਸਾਂਝਾ ਬਿਆਨ ਜਾਰੀ ਕਰਨਗੇ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਮਝੌਤੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਇਹ ਦੋਵਾਂ ਦੇਸ਼ਾਂ ਦਰਮਿਆਨ ਰਣਨੀਤਕ ਭਾਈਵਾਲੀ ਨੂੰ ਨਵੀਆਂ ਉਚਾਈਆਂ ’ਤੇ ਲਿਜਾਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਭਾਰਤੀ ਸਾਮਾਨ ’ਤੇ ਅਮਰੀਕੀ ਟੈਰਿਫ ’ਚ ਕਟੌਤੀ ਦਾ ਸਵਾਗਤ ਕੀਤਾ।

ਭਾਰਤ ਤੋਂ ਤੇਲ ਖਰੀਦ ਰੋਕਣ ਦਾ ਕੋਈ ਸੁਨੇਹਾ ਨਹੀਂ ਮਿਲਿਆ: ਰੂਸ

ਮਾਸਕੋ: ਰੂਸ ਨੇ ਕਿਹਾ ਹੈ ਕਿ ਉਸ ਨੂੰ ਭਾਰਤ ਤੋਂ ਤੇਲ ਦੀ ਖਰੀਦ ਰੋਕਣ ਦੇ ਸਬੰਧ ਵਿੱਚ ਕੋਈ ਸੁਨੇਹਾ ਨਹੀਂ ਮਿਲਿਆ ਹੈ। ਕ੍ਰੈਮਲਿਨ ਦੇ ਤਰਜਮਾਨ ਦਮਿਤਰੀ ਪੈੱਸਕੋਵ ਦੀ ਇਹ ਟਿੱਪਣੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਦਾਅਵੇ ਤੋਂ ਇੱਕ ਦਿਨ ਬਾਅਦ ਆਈ ਹੈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਰੂਸ ਤੋਂ ਤੇਲ ਖਰੀਦਣਾ ਬੰਦ ਕਰਨ ਅਤੇ ਅਮਰੀਕਾ ਤੇ ਵੈਨੇਜ਼ੁਏਲਾ ਤੋਂ ਵੱਧ ਤੇਲ ਖਰੀਦਣ ’ਤੇ ਸਹਿਮਤ ਹੋ ਗਏ ਹਨ।’ ਸ੍ਰੀ ਪੈੱਸਕੋਵ ਨੇ ਕਿਹਾ, ‘‘ਸਾਨੂੰ ਇਸ ਮਾਮਲੇ ’ਚ ਨਵੀਂ ਦਿੱਲੀ ਤੋਂ ਹਾਲੇ ਤੱਕ ਕੋਈ ਸੁਨੇਹਾ ਨਹੀਂ ਮਿਲਿਆ ਹੈ।’’ ਰੂਸੀ ਮੀਡੀਆ ਦੀਆਂ ਖ਼ਬਰਾਂ ਅਨੁਸਾਰ ਕਰੈਮਲਿਨ ਦੇ ਤਰਜਮਾਨ ਨੇ ਇਹ ਵੀ ਕਿਹਾ ਕਿ ਰੂਸ ਹਰ ਸੰਭਵ ਢੰਗ ਨਾਲ ਭਾਰਤ ਨਾਲ ਆਪਣੇ ਸਬੰਧ ਮਜ਼ਬੂਤ ਕਰਨਾ ਜਾਰੀ ਰੱਖੇਗਾ। ਰੂਸ ਦੇ ਊਰਜਾ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਰਿਫਾਇਨਰੀ ਕੰਪਨੀਆਂ ਤੋਂ ਕਰਾਰ ਰੱਦ ਕਰਨ ਦੇ ਸਬੰਧ ’ਚ ਕੋਈ ਸੂਚਨਾ ਨਹੀਂ ਮਿਲੀ ਹੈ।

ਅਮਰੀਕੀ ਖੇਤੀ ਉਤਪਾਦਾਂ ਦੀ ਬਰਾਮਦ ਵਧਣ ਦਾ ਦਾਅਵਾ

ਨਿਊਯਾਰਕ: ਅਮਰੀਕਾ ਦੇ ਚੋਟੀ ਦੇ ਆਗੂਆਂ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਨਾਲ ਕੀਤੇ ਵਪਾਰਕ ਸਮਝੌਤੇ ਸਦਕਾ ਅਮਰੀਕਾ ਤੋਂ ਵੱਡੀ ਮਾਤਰਾ ਵਿੱਚ ਖੇਤੀ ਉਤਪਾਦ ਭਾਰਤ ਦੇ ਵਿਸ਼ਾਲ ਬਾਜ਼ਾਰ ਵਿੱਚ ਭੇਜੇ ਜਾਣਗੇ। ਇਸ ਦੇ ਨਾਲ ਹੀ ਇਹ ਸਮਝੌਤਾ ਰੂਸੀ ਹਮਲੇ ਦਾ ਮੁਕਾਬਲਾ ਕਰਨ ਵਿੱਚ ਵੀ ਸਹਾਈ ਹੋਵੇਗਾ। ਸੈਨੇਟ ਦੀ ਵਿਦੇਸ਼ ਸਬੰਧਾਂ ਬਾਰੇ ਕਮੇਟੀ ਦੇ ਚੇਅਰਮੈਨ ਸੈਨੇਟਰ ਜਿਮ ਰਿਸ਼ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ‘ਐਕਸ’ ਉੱਤੇ ਪਾਈ ਪੋਸਟ ਰਾਹੀਂ ਰਾਸ਼ਟਰਪਤੀ ਟਰੰਪ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਖੁਸ਼ੀ ਜ਼ਾਹਿਰ ਕੀਤੀ ਕਿ ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਲੋਕਤੰਤਰ (ਅਮਰੀਕਾ ਤੇ ਭਾਰਤ) ਨੇ ਵਪਾਰਕ ਅੜਿੱਕੇ ਘਟਾਉਣ ’ਤੇ ਸਹਿਮਤੀ ਜਤਾਈ ਹੈ। ਉਨ੍ਹਾਂ ਭਾਰਤ ਨੂੰ ਅਮਰੀਕਾ ਦਾ ਅਹਿਮ ਹਿੱਸੇਦਾਰ ਦੱਸਿਆ ਅਤੇ ਕਿਹਾ ਕਿ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਚੀਨ ਦੇ ਮਾੜੇ ਪ੍ਰਭਾਵ ਨੂੰ ਰੋਕਣ ਲਈ ਨਵੀਂ ਦਿੱਲੀ ਅਨਿੱਖੜਵਾਂ ਸਾਥੀ ਹੈ।

Share: