2020 ਦੇ ਪਰਮਾਣੂ ਪਰੀਖਣ ਦੇ ਨਵੇਂ ਵੇਰਵੇ ਜਾਰੀ

2020 ਦੇ ਪਰਮਾਣੂ ਪਰੀਖਣ ਦੇ ਨਵੇਂ ਵੇਰਵੇ ਜਾਰੀ

ਵਾਸ਼ਿੰਗਟਨ ਡੀ ਸੀ: ਅਮਰੀਕੀ ਸਰਕਾਰ ਨੇ ਚੀਨ ਵੱਲੋਂ 2020 ਵਿੱਚ ਲੋਪ ਨੂਰ ਨੇੜੇ ਕੀਤੇ ਕਥਿਤ ਗੈਰ-ਕਾਨੂੰਨੀ ਜ਼ਮੀਨਦੋਜ਼ ਪਰਮਾਣੂ ਪਰੀਖਣ ਦੇ ਆਪਣੇ ਦਾਅਵੇ ਨੂੰ ਪੁਖਤਾ ਕਰਨ ਲਈ ਨਵੀਂ ਖੁਫੀਆ ਜਾਣਕਾਰੀ ਜਾਰੀ ਕੀਤੀ ਹੈ। ਕਈ ਅਮਰੀਕੀ ਮੀਡੀਆ ਦੀਆਂ ਖ਼ਬਰਾਂ ਅਨੁਸਾਰ, ਵਿਦੇਸ਼ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਇਹ ਵੀ ਕਿਹਾ ਹੈ ਕਿ ਅਮਰੀਕਾ ਚੀਨੀ ਕਾਰਵਾਈਆਂ ਦਾ ਜਵਾਬ ਦੇਣ ਲਈ ਆਪਣੇ ਪਰਮਾਣੂ ਪਰੀਖਣ ਮੁੜ ਸ਼ੁਰੂ ਕਰ ਸਕਦਾ ਹੈ। ਇਹ ਖੁਲਾਸਾ ਪੇਈਚਿੰਗ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਹ ਸਾਰੇ ਪਰਮਾਣੂ ਧਮਾਕਿਆਂ ’ਤੇ ਪਾਬੰਦੀ ਲਗਾਉਣ ਵਾਲੇ ਕੌਮਾਂਤਰੀ ਸਮਝੌਤੇ ਦੀ ਸਖ਼ਤੀ ਨਾਲ ਪਾਲਣਾ ਕਰ ਰਿਹਾ ਹੈ। ਵਿਦੇਸ਼ ਵਿਭਾਗ ਦੇ ਸੀਨੀਅਰ ਅਧਿਕਾਰੀ ਅਨੁਸਾਰ, 22 ਜੂਨ 2020 ਨੂੰ ਕਜ਼ਾਖ਼ਸਤਾਨ ਦੇ ਸੀਸਮਿਕ ਮੌਨੀਟਰਿੰਗ ਸਟੇਸ਼ਨ ਨੇ 2.75 ਤੀਬਰਤਾ ਦਾ ਭੂਚਾਲ ਦਰਜ ਕੀਤਾ ਸੀ। ਕ੍ਰਿਸਟੋਫਰ ਯੂ ਨੇ ਦੱਸਿਆ ਕਿ ਕਜ਼ਾਖ਼ਸਤਾਨ ਵਿੱਚ ਦਰਜ ਕੀਤਾ ਗਿਆ ਭੂਚਾਲ ਅਸਲ ’ਚ ਚੀਨ ਦੇ ਮੁੱਖ ਪਰਮਾਣੂ ਪਰੀਖਣ ਕੇਂਦਰ, ਲੋਪ ਨੂਰ ਤੋਂ ਲਗਪਗ 450 ਮੀਲ ਦੂਰ ਪੈਦਾ ਹੋਇਆ ਸੀ।

‘ਚੀਨ ਤੇ ਰੂਸ ਨੇ ਗੁਪਤ ਪਰਮਾਣੂ ਪਰੀਖਣ ਨਹੀਂ ਕੀਤਾ’

ਮਾਸਕੋ: ਕ੍ਰੈਮਲਿਨ ਨੇ ਕਿਹਾ ਹੈ ਕਿ ਨਾ ਤਾਂ ਚੀਨ ਤੇ ਨਾ ਹੀ ਰੂਸ ਨੇ ਕੋਈ ਗੁਪਤ ਪਰਮਾਣੂ ਪਰੀਖਣ ਕੀਤਾ ਹੈ। ਕ੍ਰੈਮਲਿਨ ਦੇ ਤਰਜਮਾਨ ਦਮਿੱਤਰੀ ਪੈਸਕੋਵ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘‘ਅਸੀਂ ਕੁਝ ਖਾਸ ਪਰੀਖਣਾਂ ਦੇ ਕਈ ਹਵਾਲੇ ਸੁਣੇ ਹਨ। ਇਸ ਸਬੰਧ ਵਿੱਚ ਰੂਸ ਅਤੇ ਚੀਨ, ਦੋਹਾਂ ਦਾ ਜ਼ਿਕਰ ਕੀਤਾ ਗਿਆ ਹੈ ਪਰ ਸੱਚ ਇਹ ਹੈ ਕਿ ਨਾ ਤਾਂ ਰੂਸ ਤੇ ਨਾ ਚੀਨ ਨੇ ਕੋਈ ਪਰਮਾਣੂ ਪਰੀਖਣ ਕੀਤਾ ਹੈ।’’

Share: