ਅਬੋਹਰ: ਇਥੇ ਮਲੋਟ ਰੋਡ ’ਤੇ ਸਥਿਤ ਇੱਕ ਹੋਟਲ ਵਿੱਚ ਲੰਘੀ ਦੇਰ ਰਾਤ 17 ਸਾਲਾ ਵਿਦਿਆਰਥਣ ਦਾ ਕਤਲ ਕਰ ਦਿੱਤਾ ਗਿਆ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਵਿੱਢ ਦਿੱਤੀ ਹੈ। ਮ੍ਰਿਤਕ ਲੜਕੀ ਦੇ ਪਿਤਾ ਜੈ ਲਾਲ ਨੇ ਦੱਸਿਆ ਕਿ ਪਿੰਡ ਦੀ ਗਊਸ਼ਾਲਾ ਵਿੱਚ ਵਿਆਹ ਸਮਾਗਮ ਚੱਲ ਰਿਹਾ ਸੀ ਤੇ ਉਸ ਦੀ ਬੇਟੀ ਉੱਥੇ ਸੀ। ਜਦੋਂ ਉਹ ਦੇਰ ਰਾਤ ਤੱਕ ਘਰ ਨਾ ਪਰਤੀ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ। ਪੁਲੀਸ ਰਾਤ 11 ਕੁ ਵਜੇ ਉਨ੍ਹਾਂ ਦੇ ਘਰ ਆਈ ਤੇ ਪੁੱਛ-ਪੜਤਾਲ ਮਗਰੋਂ ਉਨ੍ਹਾਂ ਨੂੰ ਉਸ ਥਾਂ ’ਤੇ ਲੈ ਕੇ ਗਈ ਜਿੱਥੇ ਲੜਕੀ ਦੀ ਲਾਸ਼ ਪਈ ਸੀ। ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ 17 ਸਾਲ ਦੀ ਸੀ ਤੇ ਅਬੋਹਰ ਦੇ ਸਰਕਾਰੀ ਸਕੂਲ ਵਿੱਚ 11ਵੀਂ ਜਮਾਤ ਦੀ ਵਿਦਿਆਰਥਣ ਸੀ। ਉਹ ਪੰਜ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਗੁਆਂਢ ’ਚ ਰਹਿੰਦਾ ਸਚਿਨ ਨਾਮ ਦਾ ਲੜਕਾ ਉਨ੍ਹਾਂ ਦੀ ਧੀ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ। ਮ੍ਰਿਤਕਾ ਦੀ ਮਾਂ ਨੇ ਮੰਗ ਕੀਤੀ ਕਿ ਦੋਸ਼ੀ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ।
ਥਾਣਾ ਨੰਬਰ 1 ਦੇ ਐੱਸ ਐੱਚ ਓ ਰਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਰਾਮਕੋਟ ਦੇ ਰਹਿਣ ਵਾਲੇ ਜਸਵੰਤ ਸਿੰਘ ਦੇ ਪੁੱਤਰ ਸਚਿਨ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਲੜਕੀ ਦੀ ਲਾਸ਼ ਦੇ ਪੋਸਟਮਾਰਟਮ ਦੀ ਰਿਪੋਰਟ ਮਗਰੋਂ ਅਗਲੀ ਕਾਰਵਾਈ ਜਾਵੇਗੀ।