ਇੰਫਾਲ: ਮਨੀਪੁਰ ਦੇ ਉਖਰੂਲ ਜ਼ਿਲ੍ਹੇ ਵਿੱਚ ਬੀਤੀ ਰਾਤ ਸ਼ਰਾਰਤੀ ਅਨਸਰਾਂ ਵੱਲੋਂ ਲਿਟਨ ਅਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਕਈ ਘਰਾਂ ਨੂੰ ਅੱਗ ਲਗਾਉਣ ਤੋਂ ਬਾਅਦ ਹਾਲਾਤ ਬੇਹੱਦ ਤਣਾਅਪੂਰਨ ਹੋ ਗਏ ਜਿਸ ਕਾਰਨ ਪ੍ਰਸ਼ਾਸਨ ਨੇ ਖੇਤਰ ਵਿਚ ਕਰਫਿਊ ਲਾ ਦਿੱਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਹੋਈ ਅਗਜ਼ਨੀ ਦੀ ਘਟਨਾ ਵਿੱਚ ਲਗਪਗ 25 ਤੋਂ 30 ਘਰ ਅਤੇ ਕਈ ਸਰਕਾਰੀ ਰਿਹਾਇਸ਼ਾਂ ਸਾੜ ਦਿੱਤੀਆਂ ਗਈਆਂ। ਹਿੰਸਾ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਇਲਾਕੇ ਵਿੱਚ ਤੁਰੰਤ ਪ੍ਰਭਾਵ ਨਾਲ ਕਰਫਿਊ ਲਗਾ ਦਿੱਤਾ ਹੈ ਅਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਹਨ।
ਇਸ ਹਿੰਸਾ ਦੀ ਸ਼ੁਰੂਆਤ ਸ਼ਨਿਚਰਵਾਰ ਰਾਤ ਨੂੰ ਇੱਕ ਮਾਮੂਲੀ ਝਗੜੇ ਤੋਂ ਹੋਈ ਸੀ, ਜਿਸ ਤੋਂ ਬਾਅਦ ਦੋ ਭਾਈਚਾਰਿਆਂ ਵਿਚਾਲੇ ਤਣਾਅ ਵਧ ਗਿਆ। ਹਾਲਾਤ ਵਿਗੜਦੇ ਦੇਖ ਕੇ ਬਹੁਤ ਸਾਰੇ ਪਰਿਵਾਰ ਆਪਣਾ ਸਾਮਾਨ ਲੈ ਕੇ ਸੁਰੱਖਿਅਤ ਥਾਵਾਂ ਵੱਲ ਚਲੇ ਗਏ। ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਲਿਟਨ ਪੁਲੀਸ ਸਟੇਸ਼ਨ ਵਿਚ ਇੱਕ ਸਾਂਝਾ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਅਤੇ ਸੀਨੀਅਰ ਅਧਿਕਾਰੀ ਖ਼ੁਦ ਮੌਕੇ ’ਤੇ ਮੌਜੂਦ ਹਨ।
