ਮਨੀਪੁਰ: ਇੰਟਰਨੈੱਟ ਸੇਵਾਵਾਂ ਪੰਜ ਦਿਨਾਂ ਲਈ ਬੰਦ

ਮਨੀਪੁਰ: ਇੰਟਰਨੈੱਟ ਸੇਵਾਵਾਂ ਪੰਜ ਦਿਨਾਂ ਲਈ ਬੰਦ

ਇੰਫਾਲ: ਮਨੀਪੁਰ ਦੇ ਉਖਰੂਲ ਜ਼ਿਲ੍ਹੇ ਵਿੱਚ ਤਾਂਗਖੁਲ ਨਾਗਾ ਭਾਈਚਾਰੇ ਦੇ ਇੱਕ ਮੈਂਬਰ ’ਤੇ ਹੋਏ ਕਥਿਤ ਹਮਲੇ ਤੋਂ ਬਾਅਦ ਭੜਕੀ ਹਿੰਸਾ ਵਿੱਚ ਅੱਜ ਸਵੇਰੇ ਕਈ ਖਾਲੀ ਪਏ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਅਤੇ ਗੋਲੀਆਂ ਚਲਾਈਆਂ ਗਈਆਂ। ਪੁਲੀਸ ਅਨੁਸਾਰ, ਇਸ ਘਟਨਾ ਤੋਂ ਬਾਅਦ ਸੂਬਾ ਸਰਕਾਰ ਨੇ ਜ਼ਿਲ੍ਹੇ ਵਿੱਚ ਪੰਜ ਦਿਨਾਂ ਲਈ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਗੋਲੀਬਾਰੀ ਅਤੇ ਘਰਾਂ ਨੂੰ ਅੱਗ ਲਗਾਉਣ ਦੀ ਇਹ ਤਾਜ਼ਾ ਘਟਨਾ ਲਿਟਨ ਸਰੇਈਖੌਂਗ ਇਲਾਕੇ ਵਿੱਚ ਵਾਪਰੀ। ਇਹ ਹਿੰਸਾ ਉਸ ਸਮੇਂ ਹੋਈ ਜਦੋਂ ਇੱਕ ਦਿਨ ਪਹਿਲਾਂ ਦੋ ਤਾਂਗਖੁਲ ਨਾਗਾ ਜਥੇਬੰਦੀਆਂ ਨੇ ਉਖਰੂਲ ਅਤੇ ਕਾਮਜੌਂਗ ਜ਼ਿਲ੍ਹਿਆਂ ਵਿੱਚ ਕੁਕੀ ਭਾਈਚਾਰੇ ਦੀ ਆਵਾਜਾਈ ’ਤੇ ਪਾਬੰਦੀ ਲਗਾ ਦਿੱਤੀ ਸੀ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ, ‘‘ਹਥਿਆਰਬੰਦ ਵਿਅਕਤੀਆਂ ਨੇ ਖਾਲੀ ਘਰਾਂ ਨੂੰ ਅੱਗ ਲਗਾ ਦਿੱਤੀ ਅਤੇ ਕਈ ਰੌਂਦ ਚਲਾਏ। ਹਾਲਾਤ ਤਣਾਅ ਵਾਲੇ ਹਨ ਅਤੇ ਸੁਰੱਖਿਆ ਬਲ ਸਥਿਤੀ ਨੂੰ ਕਾਬੂ ਹੇਠ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।’’ ਮਨੀਪੁਰ ਸਰਕਾਰ ਨੇ ਇਹਤਿਆਤ ਵਜੋਂ ਉਖਰੂਲ ਜ਼ਿਲ੍ਹੇ ਵਿੱਚ ਬ੍ਰਾਡਬੈਂਡ, ਵੀ ਪੀ ਐੱਨ ਅਤੇ ਵੀ ਸੈਟ ਸਣੇ ਸਾਰੀਆਂ ਇੰਟਰਨੈੱਟ ਸੇਵਾਵਾਂ ਨੂੰ ਪੰਜ ਦਿਨਾਂ ਲਈ ਬੰਦ ਕਰਨ ਦਾ ਹੁਕਮ ਦਿੱਤਾ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਕਲਿੱਪ ਵਿੱਚ ਇਹ ਪਹਾੜੀ ਇਲਾਕਾ ਸੰਘਣੇ ਧੂੰਏਂ ਨਾਲ ਘਿਰਿਆ ਹੋਇਆ ਦਿਖਾਇਆ ਗਿਆ ਹੈ।

ਮਤਭੇਦਾਂ ਦਾ ਹੱਲ ਗੱਲਬਾਤ ਰਾਹੀਂ ਹੋਣਾ ਚਾਹੀਦੈ: ਅਕੋਇਜਮ

ਇੰਫਾਲ: ਕਾਂਗਰਸ ਦੇ ਸੰਸਦ ਮੈਂਬਰ ਅੰਗੋਮਚਾ ਬਿਮੋਲ ਅਕੋਇਜਮ ਨੇ ਮਨੀਪੁਰ ਦੇ ਉਖਰੂਲ ਜ਼ਿਲ੍ਹੇ ਵਿੱਚ ਹੋਈਆਂ ਝੜਪਾਂ ਨੂੰ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਈਚਾਰਿਆਂ ਵਿਚਕਾਰ ਮਤਭੇਦਾਂ ਨੂੰ ਗੱਲਬਾਤ ਰਾਹੀਂ ਸੁਲਝਾਇਆ ਜਾਣਾ ਚਾਹੀਦਾ ਹੈ, ਨਾ ਕਿ ਤਾਕਤ ਦੇ ਪ੍ਰਦਰਸ਼ਨ ਰਾਹੀਂ। ਸਰਕਾਰ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਿੰਸਾ ਦੁਬਾਰਾ ਨਾ ਹੋਵੇ ਅਤੇ ਇਸ ਵਿੱਚ ਸ਼ਾਮਲ ਲੋਕਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ।

Share: