ਕਿਮ ਦੀ ਧੀ ਬਣ ਸਕਦੀ ਹੈ ਉੱਤਰੀ ਕੋਰੀਆ ਦੀ ਅਗਲੀ ਨੇਤਾ

ਸਿਓਲ: ਦੱਖਣੀ ਕੋਰੀਆ ਦੀ ਜਾਸੂਸੀ ਏਜੰਸੀ ਨੇ ਕਾਨੂੰਨਸਾਜ਼ਾਂ ਨੂੰ ਦੱਸਿਆ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਅੱਲੜ੍ਹ ਉਮਰ ਧੀ ਦੇਸ਼ ਦੀ ਅਗਲੀ ਆਗੂ ਬਣਨ ਦੇ ਬਿਲਕੁਲ ਨੇੜੇ ਹੈ, ਕਿਉਂਕ ਉਹ ਆਪਣੇ ਖਾਨਦਾਨ ਦਾ ਸ਼ਾਸਨ ਚੌਥੀ ਪੀੜ੍ਹੀ ਤੱਕ ਵਧਾਉਣ ਲਈ ਕਦਮ ਚੁੱਕ ਸਕਦੇ ਹਨ।

ਨੈਸ਼ਨਲ ਇੰਟੈਲੀਜੈਂਸ ਸਰਵਿਸ (ਐੱਨ ਆਈ ਐੱਸ) ਨੇ ਇਹ ਖੁਲਾਸਾ ਅਜਿਹੇ ਸਮੇਂ ਕੀਤਾ ਜਦੋਂ ਉੱਤਰੀ ਕੋਰੀਆ ਇਸ ਮਹੀਨੇ ਦੇ ਆਖ਼ੀਰ ’ਚ ਆਪਣੀ ਸਭ ਤੋਂ ਵੱਡੀ ਸਿਆਸੀ ਕਾਨਫਰੰਸ ਕਰਨ ਦੀ ਤਿਆਰੀ ਕਰ ਰਿਹਾ ਹੈ। ਕਾਨਫਰੰਸ ’ਚ ਕਿਮ ਵੱਲੋਂ ਆਪਣੀ ਅਗਲੇ ਪੰਜ ਸਾਲਾਂ ਲਈ ਨੀਤੀਆਂ ਅਤੇ ਟੀਚੇ ਦੱਸਣ ਸਣੇ ਤਾਨਾਸ਼ਾਹੀ ਪਕੜ ਹੋਰ ਵਧਾਉਣ ਲਈ ਕਦਮ ਚੁੱਕਣ ਦੀ ਉਮੀਦ ਹੈ। ਸੰਸਦ ਮੈਂਬਰ ਲੀ ਸਿਓਂਗ ਕਵਿਉਨ ਨੇ ਦੱਸਿਆ ਕਿ ਬੰਦ ਕਮਰਾ ਮੀਟਿੰਗ ’ਚ ਐੱਨ ਆਈ ਐੱਸ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਗੱਲ ’ਤੇ ਨੇੜਿਉਂ ਨਜ਼ਰ ਰੱਖ ਰਹੇ ਹਨ ਕਿ ਕਿਮ ਦੀ ਧੀ ਕਿਮ ਜੂ ਐਈ (13) ਅਗਾਮੀ ਵਰਕਰਜ਼ ਪਾਰਟੀ ਕਾਂਗਰਸ ਵਿੱਚ ਹਜ਼ਾਰਾਂ ਡੈਲੀਗੇਟਸ ਸਾਹਮਣੇ ਉਨ੍ਹਾਂ (ਕਿਮ ਜੋਂਗ) ਨਾਲ ਆਉਂਦੀ ਹੈ ਜਾਂ ਨਹੀਂ।ਕਿਮ ਜੂ ਐਈ ਨਵੰਬਰ 2022 ਵਿੱਚ ਇੱਕ ਮਿਜ਼ਾਈਲ ਪਰਖ ਮੌਕੇ ਪਹਿਲੀ ਵਾਰ ਜਨਤਕ ਤੌਰ ’ਤੇ ਦਿਖਾਈ ਦਿੱਤੀ ਸੀ ਜਿਸ ਮਗਰੋਂ ਉਹ ਆਪਣੇ ਪਿਤਾ ਨਾਲ ਕਈ ਸਮਾਗਮਾਂ ’ਚ ਸ਼ਾਮਲ ਹੋਈ ਹੈ। ਪਿਛਲੇ ਮਹੀਨੇ ਨਵੇਂ ਸਾਲ ਵਾਲੇ ਦਿਨ ਉਹ ਆਪਣੇ ਮਾਤਾ ਪਿਤਾ ਨਾਲ ਪਿਓਂਗਗਾਂਗ ’ਚ ਪਰਿਵਾਰਕ ਮਕਬਰੇ (ਕੁਮਸੁਸਾਨ ਪੈਲੇਸ ਆਫ ਦਿ ਸਨ) ਗਈ ਸੀ ਜਿਸ ਮਗਰੋਂ ਉਸ ਦੇ ਸਿਆਸੀ ਭਵਿੱਖ ਬਾਰੇ ਅਟਕਲਾਂ ਤੇਜ਼ ਹੋ ਗਈਆਂ ਸਨ।

Share: