ਟੋਕੀਓ: ਜਪਾਨ ’ਚ ਅੱਜ ਹੋਈਆਂ ਅਹਿਮ ਸੰਸਦੀ ਚੋਣਾਂ ਵਿੱਚ ਪ੍ਰਧਾਨ ਮੰਤਰੀ ਸਾਨਾਏ ਤਾਕਾਇਚੀ ਦੇ ਸੱਤਾਧਾਰੀ ਗਠਜੋੜ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਇਸ ਨਾਲ ਟੈਕਸ ਘਟਾਉਣ ਦਾ ਰਾਹ ਪੱਧਰਾ ਹੋ ਗਿਆ ਹੈ ਜਿਸ ਦਾ ਵਾਅਦਾ ਕੀਤਾ ਗਿਆ ਸੀ।
ਜਪਾਨ ਦੀ ਪਹਿਲੀ ਮਹਿਲਾ ਨੇਤਾ, ਕੰਜ਼ਰਵੇਟਿਵ ਤਾਕਾਇਚੀ ਦਾ ਕਹਿਣਾ ਹੈ ਕਿ ਉਹ ਬਰਤਾਨੀਆ ਦੀ ‘ਆਇਰਨ ਲੇਡੀ’ ਮਾਰਗਰੇਟ ਥੈਚਰ ਤੋਂ ਕਾਫ਼ੀ ਪ੍ਰਭਾਵਿਤ ਹਨ। ਉਨ੍ਹਾਂ ਨੂੰ ਉਮੀਦ ਸੀ ਕਿ ਉਨ੍ਹਾਂ ਦੀ ਲਿਬਰਲ ਡੈਮੋਕ੍ਰੈਟਿਕ ਪਾਰਟੀ ਸੰਸਦ ਦੇ ਹੇਠਲੇ ਸਦਨ ਵਿੱਚ 465 ਵਿਚੋਂ 328 ਸੀਟਾਂ ’ਤੇ ਜਿੱਤ ਦਰਜ ਕਰੇਗੀ। ਚੋਣਾਂ ਖ਼ਤਮ ਹੋਣ ਦੇ ਦੋ ਘੰਟਿਆਂ ਤੋਂ ਘੱਟ ਸਮੇਂ ਵਿੱਚ ਹੀ ਇਕੱਲੇ ਐੱਲ ਡੀ ਪੀ ਨੇ ਬਹੁਮਤ ਲਈ ਲੋੜੀਂਦਾ 233 ਸੀਟਾਂ ਦਾ ਅੰਕੜਾ ਪਾਰ ਕਰ ਲਿਆ ਹੈ। ਤਾਇਵਾਨ ਦੇ ਰਾਸ਼ਟਰਪਤੀ ਲਾਈ ਚਿੰਗ ਤੇ ਨੇ ਜਾਪਾਨ ਦੀ ਪ੍ਰਧਾਨ ਮੰਤਰੀ ਸ਼ਾਨਾਏ ਤਾਕਾਇਚੀ ਨੂੰ ਜਿੱਤ ’ਤੇ ਵਧਾਈ ਦਿੱਤੀ ਹੈ। ਅਮਰੀਕਾ ਦੇ ਖਜ਼ਾਨਾ ਮੰਤਰੀ ਸਕੌਟ ਬੇਸੈਂਟ ਨੇ ਜਪਾਨ ਦੀ ਪ੍ਰਧਾਨ ਮੰਤਰੀ ਤਾਕਾਇਚੀ ਨੂੰ ਅਮਰੀਕਾ ਵੀ ਵੱਡੀ ਭਾਈਵਾਲ ਕਰਾਰ ਦਿੱਤਾ। ਚੋਣਾਂ ਤੋਂ ਪਹਿਲਾਂ ਦੀ ਸਥਿਤੀ ਮੁਕਾਬਲੇ ਇਹ ਵੱਡੀ ਛਾਲ ਤਾਕਾਇਚੀ ਲਈ ਸੱਜੇ ਪੱਖੀ ਏਜੰਡੇ ’ਤੇ ਅੱਗੇ ਵਧਣ ਦਾ ਰਾਹ ਪੱਧਰਾ ਕਰ ਸਕਦੀ ਹੈ, ਜਿਸ ਦਾ ਮਕਸਦ ਚੀਨ ਨਾਲ ਵਧਦੇ ਤਣਾਅ ਦੇ ਦਰਮਿਆਨ ਜਪਾਨ ਦੀ ਆਰਥਿਕਤਾ ਅਤੇ ਫੌਜੀ ਸਮਰੱਥਾਵਾਂ ਨੂੰ ਹੁਲਾਰਾ ਦੇਣਾ ਹੈ। ਇਸ ਦੇ ਨਾਲ ਹੀ ਉਹ ਵਾਸ਼ਿੰਗਟਨ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਤਾਕਾਇਚੀ ਨੇ ਅਕਤੂਬਰ ਵਿੱਚ ਜਪਾਨ ਦੀ ਪਹਿਲੀ ਮਹਿਲਾ ਨੇਤਾ ਵਜੋਂ ਅਹੁਦਾ ਸੰਭਾਲਿਆ ਸੀ।
ਤਾਕਾਇਚੀ ਬਹੁਤ ਮਕਬੂਲ ਹੈ, ਪਰ ਸੱਤਾਧਾਰੀ ਲਿਬਰਲ ਡੈਮੋਕ੍ਰੈਟਿਕ ਪਾਰਟੀ (ਐੱਲ ਡੀ ਪੀ), ਜਿਸ ਨੇ ਪਿਛਲੇ ਸੱਤ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੱਕ ਜਪਾਨ ’ਤੇ ਰਾਜ ਕੀਤਾ ਹੈ, ਫੰਡਿੰਗ ਅਤੇ ਧਾਰਮਿਕ ਘੁਟਾਲਿਆਂ ਨਾਲ ਜੂਝ ਰਹੀ ਹੈ। ਤਾਕਾਇਚੀ ਨੇ ਅਹੁਦਾ ਸੰਭਾਲਣ ਦੇ ਸਿਰਫ ਤਿੰਨ ਮਹੀਨਿਆਂ ਬਾਅਦ ਹੀ ਅਚਨਚੇਤ ਚੋਣਾਂ ਇਸ ਉਮੀਦ ਨਾਲ ਕਰਵਾਈਆਂ ਤਾਂ ਜੋ ਆਪਣੀ ਹਰਮਨਪਿਆਰਤਾ ਘਟਣ ਤੋਂ ਪਹਿਲਾਂ ਸਥਿਤੀ ਨੂੰ ਸੁਧਾਰਿਆ ਜਾ ਸਕੇ।

