ਸ੍ਰੀ ਆਨੰਦਪੁਰ ਸਾਹਿਬ: ਭਾਜਪਾ ਦੀ ਸੂਬਾਈ ਲੀਡਰਸ਼ਿਪ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 117 ਹਲਕਿਆਂ ਵਿੱਚ ਇਕੱਲਿਆਂ ਲੜਨ ਅਤੇ ਸੱਤਾ ਹਾਸਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ ਮੌਜੂਦਾ ਹਾਲਾਤਾਂ ਵਿੱਚ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਭਾਜਪਾ ਲਈ ਹਾਲੇ ਵੀ ਚੁਣੌਤੀਪੂਰਨ ਨਜ਼ਰ ਆ ਰਿਹਾ ਹੈ।
ਹਲਕੇ ਵਿੱਚ ਭਾਜਪਾ ਆਗੂਆਂ ਵਿਚਾਲੇ ਵਧ ਰਹੀ ਆਪਸੀ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਵੱਖ-ਵੱਖ ਗੁੱਟ ਆਪਣੇ-ਆਪਣੇ ਪੱਧਰ ’ਤੇ ਸਰਗਰਮ ਹਨ ਅਤੇ 2027 ਦੀਆਂ ਚੋਣਾਂ ਲਈ ਪਾਰਟੀ ਟਿਕਟ ਦੇ ਦਾਅਵੇ ਕਰ ਰਹੇ ਹਨ। ਅਕਾਲੀ-ਭਾਜਪਾ ਸਰਕਾਰ ਦੇ ਦੌਰਾਨ ਲੰਮੇ ਸਮੇਂ ਤੱਕ ਇਹ ਸੀਟ ਭਾਜਪਾ ਦੇ ਹਿੱਸੇ ਵਿੱਚ ਰਹੀ, ਪਰ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਇਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਮੌਜੂਦਾ ਸਮੇਂ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਆਪਣੇ ਸਮਰਥਕਾਂ ਸਮੇਤ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸਮਾਗਮਾਂ ਵਿੱਚ ਸਰਗਰਮ ਨਜ਼ਰ ਆ ਰਹੇ ਹਨ, ਜਿਨ੍ਹਾਂ ਦਾ ਸੂਬਾਈ ਅਤੇ ਕੌਮੀ ਪੱਧਰ ’ਤੇ ਚੰਗਾ ਅਸਰ-ਰਸੂਖ ਹੈ।
ਦੂਜੇ ਪਾਸੇ ਸਾਬਕਾ ਕੈਬਨਟ ਮੰਤਰੀ ਮਦਨ ਮੋਹਨ ਮਿੱਤਲ ਦੇ ਪੁੱਤਰ ਐਡਵੋਕੇਟ ਅਰਵਿੰਦ ਮਿੱਤਲ ਵੀ ਹਲਕੇ ਵਿੱਚ ਮਜ਼ਬੂਤ ਪਕੜ ਰੱਖਦੇ ਹਨ, ਜਿਨ੍ਹਾਂ ਦੇ ਸਮਰਥਕ ਮਿੱਤਲ ਪਰਿਵਾਰ ਨੂੰ ਟਿਕਟ ਮਿਲਣ ਸਬੰਧੀ ਦਾਅਵਾ ਕਰ ਰਹੇ ਹਨ। ਇਸੇ ਤਰ੍ਹਾਂ ਪੰਜਾਬ ਪੁਲੀਸ ਦੇ ਸਾਬਕਾ ਡੀ ਆਈ ਜੀ ਦਲਜੀਤ ਸਿੰਘ ਰਾਣਾ ਦੀਆਂ ਵਧਦੀਆਂ ਸਰਗਰਮੀਆਂ ਵੀ ਰਾਜਨੀਤਿਕ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਇਸ ਤੋਂ ਇਲਾਵਾ ਸਾਬਕਾ ਮੰਡਲ ਪ੍ਰਧਾਨ ਐਡਵੋਕੇਟ ਸਤਬੀਰ ਰਾਣਾ ਅਤੇ ਮੌਜੂਦਾ ਮੰਡਲ ਪ੍ਰਧਾਨ ਰਤਨ ਧਨੇੜਾ ਨੌਜਵਾਨ ਚਿਹਰੇ ਵਜੋਂ ਉੱਭਰ ਰਹੇ ਹਨ। ਖਾਲਸਾ ਪੰਥ ਦੀ ਜਨਮ ਸਥਾਨ ਹੋਣ ਕਰਕੇ ਭਾਜਪਾ ਕਿਸੇ ਸਿੱਖ ਉਮੀਦਵਾਰ ’ਤੇ ਵੀ ਦਾਅ ਖੇਡ ਸਕਦੀ ਹੈ। ਹਾਲਾਂਕਿ ਉਮੀਦਵਾਰ ਕੋਈ ਵੀ ਬਣੇ, ਪਰ ਇਹ ਸਪੱਸ਼ਟ ਹੈ ਕਿ ਜੇਕਰ ਆਪਸੀ ਧੜੇਬੰਦੀ ਦੂਰ ਨਾ ਹੋਈ ਅਤੇ ਪਾਰਟੀ ਇਕਜੁੱਟ ਹੋ ਕੇ ਮੈਦਾਨ ਵਿੱਚ ਨਾ ਉੱਤਰੀ, ਤਾਂ 2027 ਵਿੱਚ ਵੀ ਸ੍ਰੀ ਆਨੰਦਪੁਰ ਸਾਹਿਬ ਤੋਂ ਜਿੱਤ ਭਾਜਪਾ ਲਈ ਮੁਸ਼ਕਲ ਰਹੇਗੀ।
