ਭਾਰਤ ਨੂੰ ਕੱਪੜੇ ’ਤੇ ਬੰਗਲਾਦੇਸ਼ ਦੇ ਬਰਾਬਰ ਲਾਭ ਮਿਲੇਗਾ: ਗੋਇਲ

ਭਾਰਤ ਨੂੰ ਕੱਪੜੇ ’ਤੇ ਬੰਗਲਾਦੇਸ਼ ਦੇ ਬਰਾਬਰ ਲਾਭ ਮਿਲੇਗਾ: ਗੋਇਲ

ਨਵੀਂ ਦਿੱਲੀ: ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਨੂੰ ਅਮਰੀਕਾ ਨਾਲ ਵਪਾਰ ਸਮਝੌਤੇ ਤਹਿਤ ਅਮਰੀਕੀ ਧਾਗੇ ਅਤੇ ਕਪਾਹ (ਰੂੰਅ) ਤੋਂ ਬਣੇ ਕੱਪੜੇ ’ਤੇ ਉਹੀ ਰਿਆਇਤੀ ਦਰ ਮਿਲੇਗੀ ਜੋ ਹੁਣ ਬੰਗਲਾਦੇਸ਼ ਨੂੰ ਮਿਲ ਰਹੀ ਹੈ। ਅਮਰੀਕਾ ਬੰਗਲਾਦੇਸ਼ ਦੀਆਂ ਵਸਤਾਂ ’ਤੇ ਜਵਾਬੀ ਟੈਕਸ ਘਟਾ ਕੇ 19 ਫ਼ੀਸਦ ਕਰੇਗਾ ਪਰ ਕੱਪੜਿਆਂ ’ਤੇ ਜ਼ੀਰੋ ਟੈਕਸ ਉਦੋਂ ਹੀ ਲੱਗੇਗਾ ਜਦੋਂ ਉਹ ਅਮਰੀਕੀ ਕਪਾਹ ਅਤੇ ਮਨੁੱਖ ਵੱਲੋਂ ਤਿਆਰ ਰੇਸ਼ੇ (ਧਾਗੇ) ਤੋਂ ਬਣੇ ਹੋਣਗੇ। ਮੌਜੂਦਾ ਸਮੇਂ ਬੰਗਲਦੇਸ਼ੀ ਕੱਪੜਿਆਂ ’ਤੇ 31 ਫ਼ੀਸਦ ਟੈਕਸ ਲੱਗਦਾ ਹੈ ਤੇ ਜੇਕਰ ਉਨ੍ਹਾਂ ’ਚ ਅਮਰੀਕੀ ਰੇਸ਼ੇ ਦੀ ਵਰਤੋਂ ਹੁੰਦੀ ਹੈ ਤਾਂ ਟੈਕਸ ਘਟ ਕੇ 12 ਫ਼ੀਸਦ ਹੋ ਜਾਂਦਾ ਹੈ। ਗੋਇਲ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ, ‘‘ਬੰਗਲਾਦੇਸ਼ ਨੂੰ ਜੋ ਮਿਲਿਆ ਹੈ, ਉਹੀ ਭਾਰਤ ਨੂੰ ਵੀ ਫਾਈਨਲ ਸਮਝੌਤੇ ਵਿੱਚ ਮਿਲਣ ਵਾਲਾ ਹੈ।’’ ਉਨ੍ਹਾਂ ਦੱਸਿਆ ਕਿ ਜੇਕਰ ਕੋਈ ਭਾਰਤੀ ਕੰਪਨੀ ਅਮਰੀਕਾ ਤੋਂ ਧਾਗਾ ਤੇ ਰੂੰਅ ਖਰੀਦ ਕੇ ਕੱਪੜੇ ਬਣਾਉਂਦੀ ਹੈ ਅਤੇ ਅਮਰੀਕਾ ਨੂੰ ਬਰਾਮਦ ਕਰਦੀ ਹੈ ਤਾਂ ਉਨ੍ਹਾਂ ਕੱਪੜਿਆਂ ਨੂੰ ਬੰਗਲਾਦੇਸ਼ੀ ਕੰਪਨੀਆਂ ਵਾਂਗ ਅਮਰੀਕਾ ’ਚ ਟੈਕਸ ਮੁਕਤ ਐਂਟਰੀ ਮਿਲੇਗੀ। ਇਸ ਨਾਲ ਭਾਰਤੀ ਕਪਾਹ ਉਤਪਾਦਕ ਕਿਸਾਨਾਂ ’ਤੇ ਕੋਈ ਅਸਰ ਨਹੀਂ ਪਵੇਗਾ। ਅਮਰੀਕਾ ’ਚ ਕਪਾਹ ਦਾ ਉਤਪਾਦਨ ਸੀਮਤ ਹੈ। ਉਸ ਦਾ ਉਤਪਾਦਨ ਸਿਰਫ 50 ਲੱਖ ਡਾਲਰ ਦਾ ਹੈ ਜਦਕਿ ਭਾਰਤ ਦਾ ਟੀਚਾ 50 ਅਰਬ ਡਾਲਰ ਦਾ ਹੈ।

Share: