ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਵਿਰੋਧੀ ਧਿਰਾਂ ਵੱਲੋਂ ਲੋਕ ਸਭਾ ਦੀ ਕਾਰਵਾਈ ਵਿਚ ਪਾਏ ਅੜਿੱਕੇ ਦਾ ਉਨ੍ਹਾਂ ਨੂੰ ਦੁੱਖ ਹੈ ਅਤੇ ਇਹ ਗਰੀਬ ਆਦਿਵਾਸੀ ਮਹਿਲਾ ਰਾਸ਼ਟਰਪਤੀ ਦਾ ਨਹੀਂ ਬਲਕਿ ਸਿਖਰਲੇ ਸੰਵਿਧਾਨਕ ਅਹੁਦੇ ਤੇ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਹੈ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ’ਤੇ ਬਹਿਸ ਦਾ ਜਵਾਬ ਦਿੰਦਿਆਂ ਕਾਂਗਰਸ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਦੇ ਟੀਚੇ ਨੂੰ ਸਰ ਕਰਨ ਲਈ ਭਾਰਤ ਨੂੰ ਪਿੱਛੇ ਮੁੜ ਕੇ ਦੇਖਣ ਜਾਂ ਰੁਕਣ ਦੀ ਲੋੜ ਨਹੀਂ ਸਿਰਫ਼ ਅੱਗੇ ਵਧਣ ਦੀ ਲੋੜ ਹੈ। ਸ੍ਰੀ ਮੋਦੀ ਨੇ ਕਿਹਾ ਕਿ ਵਿਰੋਧੀ ਪਾਰਟੀ ਨੂੰ ਚੋਣਾਂ ਵਿਚ ਉਪਰੋ-ਥਲੀ ਮਿਲ ਰਹੀ ਹਾਰ ਹਜ਼ਮ ਨਹੀਂ ਹੋ ਰਹੀ। ਮੋਦੀ ਨੇ ਕਿਹਾ ਕਿ ਕਾਂਗਰਸ ਉਨ੍ਹਾਂ ਦੀ ਕਬਰ ਖੋਦਣਾ ਚਾਹੁੰਦੀ ਹੈ, ਪਰ ਇਹ ਉਨ੍ਹਾਂ ਦਾ ਕਦੇ ਕੁਝ ਨਹੀਂ ਵਿਗਾੜ ਸਕਦੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ‘ਗੱਦਾਰ’ ਕਹਿਣਾ, ਪੂਰੇ ਸਿੱਖ ਭਾਈਚਾਰੇ ਦਾ ਅਪਮਾਨ ਹੈ। ਪ੍ਰਧਾਨ ਮੰਤਰੀ ਦੇ ਭਾਸ਼ਣ ਮੌਕੇ ਵਿਰੋਧੀ ਧਿਰ ਨੇ ਵਾਕਆਊਟ ਕੀਤਾ।
ਪ੍ਰਧਾਨ ਮੰਤਰੀ ਨੇ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ’ਤੇ ਪੱਛਮੀ ਬੰਗਾਲ ਵਿਚ ਘੁਸਪੈਠੀਆਂ ਨੂੰ ਬਚਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ‘ਮੁਹੱਬਤ ਕੀ ਦੁਕਾਨ’ ਦੀ ਗੱਲ ਕਰਨ ਵਾਲੇ ‘ਮੋਦੀ ਤੇਰੀ ਕਬਰ ਖੁਦੇਗੀ’ ਦੇ ਨਾਅਰੇ ਲਾ ਰਹੇ ਹਨ, ਜੋ ਚੋਣਾਂ ਵਿਚ ਮਿਲੀ ਹਾਰ ਦੀ ਨਿਰਾਸ਼ਾ ਨੂੰ ਦਰਸਾਉਂਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਹ ਮੈਨੂੰ ਰੋਜ਼ ਗਾਲ੍ਹਾਂ ਕੱਢਦੇ ਹਨ। ਕਾਂਗਰਸ ਦੇ ਪਹਿਲੇ ਪਰਿਵਾਰ ਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਉਨ੍ਹਾਂ ਦੇ ਪਰਿਵਾਰ ਦੀ ਜਗੀਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਭਾਰਤੀ ਨਾਗਰਿਕਾਂ ਨੂੰ ‘ਸਮੱਸਿਆਵਾਂ ਵਜੋਂ ਦੇਖਦੀ ਹੈ ਜਦੋਂ ਕਿ ਅਸੀਂ ਉਨ੍ਹਾਂ ਨੂੰ ਆਪਣੀ ਤਾਕਤ ਅਤੇ ਚੁਣੌਤੀਆਂ ਦੇ ਹੱਲ ਵਜੋਂ ਦੇਖਦੇ ਹਾਂ।’
ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਵੱਲੋਂ ਯੂਰੋਪੀ ਯੂਨੀਅਨ ਤੇ ਅਮਰੀਕਾ ਨਾਲ ਕੀਤੇ ਵਪਾਰ ਸਮਝੌਤਿਆਂ ਮਗਰੋਂ ਕੁੱਲ ਆਲਮ ਵਧੇਰੇ ਸਥਿਰ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਇੱਕ ਦਿਨ ਬੀਤੇ ਵਿੱਚ ਦੇਸ਼ ਨਾਲ ਕੀਤੇ ਕੰਮਾਂ ਦਾ ਜਵਾਬ ਦੇਣਾ ਪਵੇਗਾ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਬਹੁਤ ਸਾਰੀ ਊਰਜਾ ਕਾਂਗਰਸ ਦੀ ਅਗਵਾਈ ਵਾਲੀਆਂ ਸਰਕਾਰਾਂ ਦੀਆਂ ਗਲਤੀਆਂ ਨੂੰ ਸੁਧਾਰਨ ਵਿੱਚ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਆਲਮੀ ਦੱਖਣੀ ਦੀ ਮਜ਼ਬੂਤ ਆਵਾਜ਼ ਬਣ ਗਿਆ ਹੈ।
ਪ੍ਰਧਾਨ ਮੰੰਤਰੀ ਨੇ ਵਿਰੋਧੀ ਧਿਰਾਂ ਦੀ ਨਾਅਰੇਬਾਜ਼ੀ ਦਰਮਿਆਨ ਹੀ ਆਪਣੀ ਤਕਰੀਰ ਸ਼ੁਰੂ ਕੀਤੀ। ਮੋਦੀ ਨੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ’ਤੇ ਚੁਟਕੀ ਲੈਂਦਿਆਂ ਸੁਝਾਅ ਦਿੱਤਾ ਕਿ ਉਹ ਵੀ ਬੈਠ ਕੇ ਨਾਅਰੇਬਾਜ਼ੀ ਕਰ ਸਕਦੇ ਹਨ। ਵਿਰੋਧੀ ਧਿਰਾਂ ਮਗਰੋਂ ਸਦਨ ’ਚੋਂ ਵਾਕਆਊਟ ਕਰ ਗਈਆਂ।
ਪ੍ਰਧਾਨ ਮੰਤਰੀ ਨੇ ਝੂਠ ਦਾ ਸਹਾਰਾ ਲਿਆ: ਰਾਹੁਲ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਰਾਜ ਸਭਾ ਵਿਚ ਦਿੱਤੀ ਤਕਰੀਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦਿਆਂ ਐੈਕਸ ’ਤੇ ਇਕ ਪੋਸਟ ਵਿਚ ਲਿਖਿਆ ਕਿ ‘ਉਹ ਸੱਚ ਤੋਂ ਇਸ ਕਦਰ ਡਰ ਗਏ ਹਨ ਕਿ ਉਨ੍ਹਾਂ ਨੂੰ ਝੂਠ ਦਾ ਸਹਾਰਾ ਲੈਣਾ ਪੈ ਰਿਹਾ ਹੈ। ਖੈਰ, ਉਨ੍ਹਾਂ ਜੋ ਵਾਜਬ ਸਮਝਿਆ ਉਹ ਕੀਤਾ।’’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕੁਝ ਸਵਾਲਾਂ ਤੋਂ ਐਨੇ ਕਿਉਂ ਘਬਰਾ ਗਏ ਹਨ। ਕਾਂਗਰਸ ਪਾਰਟੀ ਨੇ ਪ੍ਰਧਾਨ ਮੰਤਰੀ ਦੀ ਤਕਰੀਰ ਨੂੰ ‘ਚੋਣ ਰੈਲੀ ਭਾਸ਼ਣ’ ਕਰਾਰ ਦਿੱਤਾ। ਪਾਰਟੀ ਨੇ ਕਿਹਾ ਕਿ ਭਾਸ਼ਣ ’ਚੋਂ ਉਨ੍ਹਾਂ ਦੀ ‘ਸੰਵਾਦ-ਬਾਜ਼ੀ ਅਤੇ ਲੋਕ ਲੁਭਾਉਣੀਆਂ ਗੱਲਾਂ’ ਪ੍ਰਤੀ ਉਨ੍ਹਾਂ ਦਾ ਜਨੂੰਨ ਹੀ ਨਜ਼ਰ ਆਇਆ।
ਸਪੀਕਰ ਓਮ ਬਿਰਲਾ ਨੇ ਦਿੱਤੀ ਸਫ਼ਾਈ
ਨਵੀਂ ਦਿੱਲੀ: ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਉਨ੍ਹਾਂ ਕੋਲ ਠੋਸ ਜਾਣਕਾਰੀ ਸੀ ਕਿ ਬਹੁਤ ਸਾਰੇ ਕਾਂਗਰਸੀ ਸੰਸਦ ਮੈਂਬਰ ਸਦਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੈਠਣ ਵਾਲੀ ਥਾਂ ’ਤੇ ਪਹੁੰਚ ਕੇ ‘ਅਣਕਿਆਸੀ ਕਾਰਵਾਈ’ ਕਰ ਸਕਦੇ ਹਨ। ਇਹ ਵਜ੍ਹਾ ਹੈ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਆਪਣਾ ਭਾਸ਼ਣ ਦੇਣ ਲਈ ਸਦਨ ਵਿੱਚ ਆਉਣ ਤੋਂ ਰੋਕਿਆ। ਬਿਰਲਾ ਨੇ ਸਦਨ ਵਿਚ ਕਿਹਾ ਕਿ ਜੇਕਰ ਇਹ ਘਟਨਾ ਵਾਪਰੀ ਜਾਂਦੀ, ਤਾਂ ਇਸ ਨਾਲ ਦੇਸ਼ ਦੀਆਂ ਜਮਹੂਰੀ ਰਵਾਇਤਾਂ ਟੁੱਟ ਜਾਂਦੀਆਂ। ਉਨ੍ਹਾਂ ਕਿਹਾ, ‘‘ਇਤਿਹਾਸ ਵਿੱਚ ਕਦੇ ਵੀ ਸਿਆਸੀ ਵਖਰੇਵਿਆਂ ਨੂੰ ਸਦਨ ਵਿੱਚ ਨਹੀਂ ਖਿੱਚਿਆ ਗਿਆ।
ਰਾਜ ਸਭਾ ’ਚ ਖੜਗੇ ਤੇ ਨੱਢਾ ਵਿਚਾਲੇ ਨੋਕ ਝੋਕ
ਰਾਜ ਸਭਾ ਵਿਚ ਸਦਨ ਦੇ ਨੇਤਾ ਜੇ ਪੀ ਨੱਢਾ ਤੇ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਦਰਮਿਆਨ ਤਿੱਖੀ ਨੋਕ ਝੋਕ ਦੇਖਣ ਨੂੰ ਮਿਲੀ। ਖੜਗੇ ਨੇ ਰਾਹੁਲ ਗਾਂਧੀ ਨੂੰ ਲੋਕ ਸਭਾ ਵਿਚ ਨਾ ਬੋਲਣ ਦੇਣ ਦਾ ਮੁੱਦਾ ਰੱਖਿਆ। ਖੜਗੇ ਨੇ ਕਿਹਾ ਗਾਂਧੀ ਦੇਸ਼ ਹਿੱਤ ਬਾਰੇ ਬੋਲਣਾ ਚਾਹੁੰਦੇ ਸਨ। ਖੜਗੇ ਨੇ ਕਿਹਾ ਕਿ ਸੰਸਦ ਦੋਵਾਂ ਸਦਨਾਂ ਨੂੰ ਮਿਲਾ ਕੇ ਬਣਦੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਜਦੋਂ ਵੀ ਸਰਕਾਰ ਦੀ ਨਾਕਾਮੀ ਬਾਰੇ ਬੋਲਣ ਲੱਗਦੇ ਹਨ ਤਾਂ ‘ਤੁਹਾਨੂੰ ਖੁਜਲੀ ਹੋਣ ਲੱਗਦੀ ਹੈ।’ ਇਸ ’ਤੇ ਨੱਢਾ ਨੇ ਕਿਹਾ ਕਿ ਸਦਨ ਦੇ ਨੇਮਾਂ ਮੁਤਾਬਕ ਲੋਕ ਸਭਾ ਦੀ ਕਾਰਵਾਈ ਉੱਤੇ ਰਾਜ ਸਭਾ ਵਿਚ ਚਰਚਾ ਨਹੀਂ ਹੋ ਸਕਦੀ। ਨੱਢਾ ਨੇ ਖੜਗੇ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਪਾਰਟੀ ਨੂੰ ‘ਅਬੋਧ ਬਾਲਕ’ ਦਾ ਗੁਲਾਮ ਨਾ ਬਣਨ ਦੇਣ। ਉਨ੍ਹਾਂ ਕਿਹਾ, ‘‘ਇਥੇ ਅਭਿਮਾਨ, ਹੰਕਾਰ ਤੇ ਅਬੋਧ ਹੋ ਕੇ ਕੰਮ ਨਹੀਂ ਕਰਨਾ ਚਾਹੀਦਾ।’’
ਲੋਕ ਸਭਾ ’ਚ ਮੋਦੀ ਦੇ ਭਾਸ਼ਣ ਤੋਂ ਬਿਨਾਂ ਧੰਨਵਾਦ ਮਤਾ ਪਾਸ
ਲੋਕ ਸਭਾ ਨੇ ਵੀਰਵਾਰ ਨੂੰ ਵਿਰੋਧੀ ਧਿਰਾਂ ਦੀ ਨਾਅਰੇਬਾਜ਼ੀ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਵਾਇਤੀ ਭਾਸ਼ਣ ਤੋਂ ਬਗੈਰ ਹੀ ਰਾਸ਼ਟਰਪਤੀ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ਨੂੰ ਪਾਸ ਕਰ ਦਿੱਤਾ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਜਦੋਂ ਵਿਰੋਧੀ ਧਿਰ ਵੱਲੋਂ ਧੰਨਵਾਦ ਮਤੇ ’ਤੇ ਪੇਸ਼ ਕੀਤੀਆਂ ਸੋਧਾਂ ਨੂੰ ਵੋਟਿੰਗ ਲਈ ਪੇਸ਼ ਕੀਤਾ ਤਾਂ ਪ੍ਰਧਾਨ ਮੰਤਰੀ ਸਦਨ ਵਿੱਚ ਮੌਜੂਦ ਨਹੀਂ ਸਨ। ਇਨ੍ਹਾਂ ਸੋਧਾਂ ਨੂੰ ਹਾਲਾਂਕਿ ਰੱਦ ਕਰ ਦਿੱਤਾ ਗਿਆ। ਮਗਰੋਂ ਸਪੀਕਰ ਨੇ ਧੰਨਵਾਦ ਮਤਾ ਪੜ੍ਹਿਆ ਜਿਸ ਨੂੰ ਵਿਰੋਧੀ ਧਿਰਾਂ ਵੱਲੋਂ ਪਾਏ ਰੌਲੇ ਰੱਪੇ ਦਰਮਿਆਨ ਹੀ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ।

