ਟੋਕੀਓ: ਜਾਪਾਨ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਲਗਾਤਾਰ ਹੋ ਰਹੀ ਭਾਰੀ ਬਰਫ਼ਬਾਰੀ ਕਾਰਨ ਸੜਕੀ ਆਵਾਜਾਈ ਠੱਪ ਹੋ ਗਈ। ਦੇਸ਼ ਭਰ ਵਿੱਚ 35 ਮੌਤਾਂ ਹੋਈਆਂ ਹਨ, ਸੈਂਕੜੇ ਲੋਕ ਜ਼ਖ਼ਮੀ ਹੋਏ ਹਨ। ਬਰਫ਼ਬਾਰੀ ਕਾਰਨ ਦੇਸ਼ ਦੇ 15 ਸੂਬੇ ਪ੍ਰਭਾਵਿਤ ਹੋਏ ਹਨ ਜਿੱਥੇ ਦੋ ਮੀਟਰ (6.5) ਫੁੱਟ ਤੱਕ ਬਰਫ਼ ਜਮ ਗਈ ਹੈ। ਓਮੋਰੀ ਪ੍ਰੀਫੈਕਚਰ ਮੁਤਾਬਕ 1700 ਤੋਂ ਵੱਧ ਘਰ ਬਿਜਲੀ ਸਪਲਾਈ ਤੋਂ ਬਿਨਾਂ ਗੁਜ਼ਾਰਾ ਕਰ ਰਹੇ ਹਨ ਅਤੇ ਇਲਾਕੇ ’ਚ ਜ਼ਿਆਦਾਤਰ ਰੇਲ ਲਾਈਨਾਂ ਬਰਫ਼ ਹੇਠ ਦੱਬ ਗਈਆਂ ਹਨ। ਇਸੇ ਕਾਰਨ ਬੁਲੇਟ ਟਰੇਨ ਸਣੇ ਕਈ ਰੇਲਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਓਮੋਰੀ ਦੇ ਗਵਰਨਰ ਸੋਇਚਿਰੋ ਮਿਆਸ਼ਿਤਾ ਨੇ ਖ਼ਦਸ਼ਾ ਜਤਾਇਆ ਕਿ ਭਾਰੀ ਬਰਫ਼ਬਾਰੀ ਕਾਰਨ ਕੁਝ ਹੋਰ ਸੜਕਾਂ ਬੰਦ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਬਰਫ਼ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਐਮਰਜੈਂਸੀ ਸੇਵਾਵਾਂ ਨੂੰ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਓਮੋਰੀ ’ਚ ਸਕੂਲ ਬੰਦ ਕਰ ਦਿੱਤੇ ਗਏ ਹਨ।
ਜਾਪਾਨ ਦੇ ਮੁੱਖ ਸਰਕਾਰੀ ਤਰਜਮਾਨ ਮਿਨੋਰੂ ਕਿਹਾਰਾ ਨੇ ਚਿਤਾਵਨੀ ਦਿੱਤੀ ਹੈ ਕਿ ਗਰਮ ਮੌਸਮ ਦੌਰਾਨ ਖ਼ਤਰਾ ਹੋਰ ਵਧ ਸਕਦਾ ਹੈ, ਬਰਫ਼ ਪਿਘਲਣੀ ਸ਼ੁਰੂ ਹੋਣ ਕਾਰਨ ਜ਼ਮੀਨ ਖਿਸਕਣ ਅਤੇ ਤਿਲਕਣ ਵਰਗੀਆਂ ਘਟਨਾਵਾਂ ’ਚ ਵਾਧਾ ਹੋਵੇਗਾ।
ਦੇਸ਼ ਭਰ ’ਚ ਬਰਫ਼ਬਾਰੀ ਕਾਰਨ ਵਾਪਰੇ ਹਾਦਸਿਆਂ ’ਚ 393 ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿੱਚੋਂ 126 ਦੀ ਹਾਲਤ ਗੰਭੀਰ ਹੈ। ਜਾਪਾਨ ਦੇ ਇਸ ਇਲਾਕੇ ਵਿੱਚ ਆਉਣ ਵਾਲੇ ਹਫ਼ਤੇ ਦੇ ਅੰਤ ਤੱਕ ਹੋਰ ਭਾਰੀ ਬਰਫ਼ਬਾਰੀ ਦੀ ਪੇਸ਼ੀਨਗੋਈ ਕੀਤੀ ਗਈ ਹੈ।

