ਲਾਲ ਕਿਲ੍ਹੇ ਨੇੜਿਓਂ ਨਕਲੀ NIA ਅਧਿਕਾਰੀ ਕਾਬੂ

ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਲਾਲ ਕਿਲ੍ਹੇ ਦੇ ਨੇੜਿਓਂ ਜੰਮੂ-ਕਸ਼ਮੀਰ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜੋ ਕਥਿਤ ਤੌਰ ‘ਤੇ ਕੇਂਦਰੀ ਏਜੰਸੀ ਦਾ ਅਧਿਕਾਰੀ ਬਣ ਕੇ ਨੌਕਰੀਆਂ ਦਿਵਾਉਣ ਦੇ ਬਹਾਨੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨਾਲ ਠੱਗੀ ਮਾਰ ਰਿਹਾ ਸੀ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁਲਜ਼ਮ ਦੀ ਪਛਾਣ ਮੁਦੱਸਰ ਵਜੋਂ ਹੋਈ ਹੈ, ਜੋ ਪੁਲਵਾਮਾ ਦਾ ਰਹਿਣ ਵਾਲਾ ਹੈ ਅਤੇ ਉਸ ਨੂੰ ਕੋਤਵਾਲੀ ਪੁਲਿਸ ਸਟੇਸ਼ਨ ਦੀ ਟੀਮ ਨੇ ਗਸ਼ਤ ਦੌਰਾਨ ਰੋਕਿਆ। ਪੁਲੀਸ ਨੇ ਦੱਸਿਆ ਕਿ ਲਾਲ ਕਿਲ੍ਹੇ ਦੇ ਪਿੱਛੇ ਦਿੱਲੀ ਚਲੋ ਪਾਰਕ ਨੇੜੇ ਜੰਮੂ-ਕਸ਼ਮੀਰ ਦੇ ਰਜਿਸਟ੍ਰੇਸ਼ਨ ਨੰਬਰ ਵਾਲੀ ਇੱਕ ਕਾਲੇ ਰੰਗ ਦੀ ਹੁੰਡਈ ਸੈਂਟਰੋ ਕਾਰ ਸ਼ੱਕੀ ਹਾਲਤ ਵਿੱਚ ਖੜ੍ਹੀ ਮਿਲੀ, ਜਿਸ ਵਿੱਚ ਮੁਦੱਸਰ ਅਤੇ ਇੱਕ ਨਾਬਾਲਗ ਸਵਾਰ ਸਨ। ਪੁੱਛਗਿੱਛ ਦੌਰਾਨ ਮੁਦੱਸਰ ਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਵੱਲੋਂ ਜਾਰੀ ਕੀਤੇ ਗਏ ਸ਼ਨਾਖਤੀ ਕਾਰਡ ਵਰਗਾ ਇੱਕ ਕਾਰਡ ਦਿਖਾਇਆ, ਜੋ ਸ਼ੱਕੀ ਜਾਪ ਰਿਹਾ ਸੀ, ਜਿਸ ਤੋਂ ਬਾਅਦ ਦੋਵਾਂ ਨੂੰ ਵਿਸਤ੍ਰਿਤ ਪੁੱਛਗਿੱਛ ਲਈ ਥਾਣੇ ਲਿਆਂਦਾ ਗਿਆ। ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਜੰਮੂ-ਕਸ਼ਮੀਰ ਵਿੱਚ ਆਰਥਿਕ ਤੌਰ ‘ਤੇ ਪਛੜੇ ਪਰਿਵਾਰਾਂ ਨੂੰ ਪੈਸਿਆਂ ਦੇ ਬਦਲੇ ਦਿੱਲੀ ਵਿੱਚ ਰੁਜ਼ਗਾਰ ਦਾ ਵਾਅਦਾ ਕਰਕੇ ਨਿਸ਼ਾਨਾ ਬਣਾ ਰਿਹਾ ਸੀ।

ਅਧਿਕਾਰੀ ਨੇ ਦੱਸਿਆ ਕਿ ਮੁਦੱਸਰ ਨੇ ਨਾਬਾਲਗ ਲੜਕੇ ਦੇ ਪਰਿਵਾਰ ਨੂੰ ਨੌਕਰੀ ਦਿਵਾਉਣ ਦਾ ਭਰੋਸਾ ਦੇ ਕੇ ਉਸ ਨੂੰ ਦਿੱਲੀ ਲਿਆਉਣ ਤੋਂ ਪਹਿਲਾਂ ਅਡਵਾਂਸ ਪੈਸੇ ਲਏ ਸਨ। ਪੁਲੀਸ ਅਨੁਸਾਰ ਉਹ 12 ਫਰਵਰੀ ਨੂੰ ਕਸ਼ਮੀਰ ਤੋਂ ਰਵਾਨਾ ਹੋਏ ਅਤੇ 13 ਫਰਵਰੀ ਦੀ ਰਾਤ ਨੂੰ ਦਿੱਲੀ ਪਹੁੰਚੇ ਸਨ ਅਤੇ ਜਾਮਾ ਮਸਜਿਦ ਇਲਾਕੇ ਦੇ ਇੱਕ ਗੈਸਟ ਹਾਊਸ ਵਿੱਚ ਰਹਿ ਰਹੇ ਸਨ।

ਮੁਲਜ਼ਮ ਨੇ ਦਾਅਵਾ ਕੀਤਾ ਕਿ ਉਸ ਨੇ ਨਾਬਾਲਗ ਲਈ ਨੌਕਰੀ ਦਾ ਪ੍ਰਬੰਧ ਕਰਨ ਲਈ ਕੁਝ ਲੋਕਾਂ ਨਾਲ ਸੰਪਰਕ ਕੀਤਾ ਸੀ ਪਰ ਉਹ ਕੋਈ ਦਸਤਾਵੇਜ਼ੀ ਸਬੂਤ ਪੇਸ਼ ਨਹੀਂ ਕਰ ਸਕਿਆ। ਸਪੈਸ਼ਲ ਸੈੱਲ, ਇੰਟੈਲੀਜੈਂਸ ਬਿਊਰੋ ਅਤੇ ਸਬੰਧਤ ਕੇਂਦਰੀ ਏਜੰਸੀ ਨਾਲ ਸਾਂਝੀ ਪੁੱਛਗਿੱਛ ਦੌਰਾਨ ਇਹ ਪੁਸ਼ਟੀ ਹੋਈ ਕਿ ਸ਼ਨਾਖਤੀ ਕਾਰਡ ਜਾਅਲੀ ਸੀ। ਪੁਲੀਸ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

Share: