ਮੋਗਾ: ਇਥੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ ਐੱਸ ਆਈ) ਦੀ ਧੀ ਵੱਲੋਂ ਵਿਦੇਸ਼ ’ਚ ਪੜ੍ਹਾਈ ਲਈ ਪ੍ਰਾਈਵੇਟ ਵਿੱਤੀ ਸੰਸਥਾ ਤੋਂ ਕਰਜ਼ਾ ਹਾਸਲ ਕਰਨ ਲਈ ਆਪਣੇ ਪਿਤਾ ਦੀ ਮੌਤ ਦਾ ਫ਼ਰਜ਼ੀ ਸਰਟੀਫਿਕੇਟ ਬਣਾ ਲਿਆ। ਸੀਨੀਅਰ ਅਧਿਕਾਰੀ ਦੀ ਪੜਤਾਲ ਬਾਅਦ ਥਾਣਾ ਸਿਟੀ ਨੇ ਫਿਲਹਾਲ ਥਾਣੇਦਾਰ ਦੀ ਧੀ ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ, ਜਦੋਂ ਕਿ ਮੁਲਜ਼ਮ ਮੁਟਿਆਰ ਦਾ ਦਾਅਵਾ ਹੈ ਕਿ ਇਹ ਸਭ ਕੁਝ ਏਜੰਟਾਂ ਨੇ ਕੀਤਾ ਹੈ।
ਵੇਰਵਿਆਂ ਮੁਤਾਬਕ ਸਹਾਇਕ ਸਬ ਇੰਸਪੈਕਟਰ (ਏ ਐੱਸ ਆਈ) ਦੀ ਧੀ ਨੇ ਪ੍ਰਾਈਵੇਟ ਵਿੱਤੀ ਸੰਸਥਾ ਤੋਂ ਕਰਜ਼ਾ ਹਾਸਲ ਕਰਨ ਲਈ ਅਰਜ਼ੀ ਤੇ ਹੋਰ ਦਸਤਾਵੇਜ਼ਾਂ ਨਾਲ ਆਪਣੇ ਥਾਣੇਦਾਰ ਪਿਤਾ ਦੀ ਮੌਤ ਦਾ ਸਰਟੀਫ਼ਿਕੇਟ ਨੱਥੀ ਕੀਤਾ ਸੀ। ਉਸ ਨੇ 35 ਲੱਖ ਰੁਪਏ ਦੀ ਕਰਜ਼ਾ ਅਰਜ਼ੀ ਵਿਚ ਦਾਅਵਾ ਕੀਤਾ ਸੀ ਕਿ ਉਹ ਵਿਦੇਸ਼ ਵਿਚ ਪੜ੍ਹਾਈ ਕਰਨ ਦੀ ਇੱਛੁਕ ਹੈ ਪਰ ਉਸ ਕੋਲ ਪੈਸੇ ਦੀ ਕਮੀ ਹੈ ਕਿਉਂਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਐੱਫ ਆਈ ਆਰ ਵਿਚ ਜ਼ਿਕਰ ਹੈ ਕਿ ਏ ਐੱਸ ਆਈ ਨੂੰ ਤਲਬ ਕੀਤਾ ਗਿਆ ਸੀ ਪਰ ਉਹ ਆਪਣਾ ਪੱਖ ਪੇਸ਼ ਕਰਨ ਲਈ ਜਾਂਚ ਵਿਚ ਸ਼ਾਮਲ ਨਹੀਂ ਹੋਇਆ, ਜਦੋਂ ਕਿ ਮੁਲਜ਼ਮ ਮੁਟਿਆਰ ਨੇ ਦਾਅਵਾ ਕੀਤਾ ਕਿ ਉਸ ਨੇ ਕੁੱਝ ਏਜੰਟਾਂ ਦਾ ਨਾਮ ਲਿਖ ਕੇ ਕਿਹਾ ਕਿ ਉਸ ਨੇ ਵਿਦੇਸ਼ ਜਾਣ ਲਈ ਇਨ੍ਹਾਂ ਨੂੰ ਦਸਤਾਵੇਜ਼ ਦਿੱਤੇ ਸਨ। ਡੀ ਐੱਸ ਪੀ ਸਿਟੀ ਗੁਰਪ੍ਰੀਤ ਸਿੰਘ ਅਤੇ ਥਾਣਾ ਸਿਟੀ ਮੁਖੀ ਇੰਸਪੈਕਟਰ ਵਰੁਣ ਨੇ ਮੁਲਜ਼ਮ ਮੁਟਿਆਰ ਖ਼ਿਲਾਫ਼ ਉੱਚ ਅਧਿਕਾਰੀਆਂ ਦੀ ਮੁੱਢਲੀ ਪੜਤਾਲ ਬਾਅਦ ਐੱਫ ਆਈ ਆਰ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ।