ਮੇਘਾਲਿਆ ਦੀ ਕੋਲਾ ਖਾਣ ’ਚ ਧਮਾਕਾ, 16 ਹਲਾਕ

ਮੇਘਾਲਿਆ ਦੀ ਕੋਲਾ ਖਾਣ ’ਚ ਧਮਾਕਾ, 16 ਹਲਾਕ

ਸ਼ਿਲਾਂਗ: ਮੇਘਾਲਿਆ ਦੇ ਈਸਟ ਜੈਂਤੀਆ ਹਿੱਲਜ਼ ਜ਼ਿਲ੍ਹੇ ’ਚ ਅੱਜ ‘ਗ਼ੈਰਕਾਨੂੰਨੀ’ ਕੋਲਾ ਖਾਣ ’ਚ ਧਮਾਕਾ ਹੋਣ ਨਾਲ ਘੱਟੋ-ਘੱਟ 18 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕਈ ਹੋਰਾਂ ਦੇ ਇਸ ਅੰਦਰ ਫਸੇ ਹੋਣ ਦਾ ਖਦਸ਼ਾ ਹੈ। ਡੀ ਜੀ ਪੀ ਆਈ ਨੌਂਗਰੰਗ ਨੇ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਮੇਘਾਲਿਆ ਹਾਈ ਕੋਰਟ ਨੇ ਗ਼ੈਰ-ਕਾਨੂੰਨੀ ਖਣਨ ਸਰਗਰਮੀਆਂ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੇ ਹੁਕਮ ਦਿੱਤੇ ਹਨ। ਹਾਈ ਕੋਰਟ ਨੇ ਜ਼ਿਲ੍ਹਾ ਐੱਸ ਪੀ ਤੇ ਡਿਪਟੀ ਕਮਿਸ਼ਨਰ ਨੂੰ 9 ਫਰਵਰੀ ਲਈ ਤਲਬ ਕੀਤਾ ਹੈ।

ਡੀ ਜੀ ਪੀ ਨੇ ਦੱਸਿਆ ਕਿ ਇਹ ਘਟਨਾ ਥਾਂਗਸਕੂ ਇਲਾਕੇ ’ਚ ਵਾਪਰੀ ਅਤੇ ਬਚਾਅ ਟੀਮ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਉਨ੍ਹਾਂ ਕਿਹਾ, ‘‘ਅਸੀਂ ਹੁਣ ਤੱਕ 18 ਲਾਸ਼ਾਂ ਬਰਾਮਦ ਕੀਤੀਆਂ ਹਨ ਪਰ ਧਮਾਕੇ ਸਮੇਂ ਖਾਣ ਅੰਦਰ ਮੌਜੂਦ ਲੋਕਾਂ ਦੀ ਗਿਣਤੀ ਬਾਰੇ ਸਹੀ ਜਾਣਕਾਰੀ ਨਹੀਂ ਹੈ। ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ।’’ ਈਸਟ ਜੈਂਤੀਆ ਹਿੱਲਜ਼ ਦੇ ਐੱਸ ਪੀ ਵਿਕਾਸ ਕੁਮਾਰ ਨੇ ਦੱਸਿਆ ਕਿ ਘਟਨਾ ’ਚ ਜ਼ਖ਼ਮੀ ਇੱਕ ਵਿਅਕਤੀ ਨੂੰ ਮੁੱਢਲਾ ਸਿਹਤ ਕੇਂਦਰ ਲਿਜਾਇਆ ਗਿਆ ਜਿਸ ਮਗਰੋਂ ਬਿਹਤਰ ਇਲਾਜ ਲਈ ਉਸ ਨੂੰ ਰਾਜਧਾਨੀ ਸ਼ਿਲਾਂਗ ਰੈਫਰ ਕੀਤਾ ਗਿਆ ਹੈ। ਖਦਸ਼ਾ ਹੈ ਕਿ ਇਹ ਧਮਾਕਾ ਉਸ ਥਾਂ ’ਤੇ ਕੋਲਾ ਖਣਨ ਦੀਆਂ ਗਤੀਵਿਧੀਆਂ ਦੌਰਾਨ ਹੋਇਆ ਜਿਸ ਨੂੰ ਗ਼ੈਰਕਾਨੂੰਨੀ ਕੰਮ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਧਮਾਕੇ ਦੀ ਅਸਲ ਵਜ੍ਹਾ ਦਾ ਪਤਾ ਨਹੀਂ ਲੱਗ ਸਕਿਆ ਅਤੇ ਇਸ ਦੀ ਜਾਂਚ ਕੀਤੀ ਜਾਵੇਗੀ।

ਪ੍ਰਧਾਨ ਮੰਤਰੀ ਨੇ ਦੁੱਖ ਪ੍ਰਗਟਾਇਆ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਾ ਖਾਣ ਧਮਾਕੇ ’ਚ 18 ਮਜ਼ਦੂਰਾਂ ਦੀ ਮੌਤ ਹੋਣ ’ਤੇ ਦੁੱਖ ਜ਼ਾਹਿਰ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ ’ਤੇ ਕਿਹਾ ਮੇਘਾਲਿਆ ਦੇ ਪੂਰਬੀ ਜੈਂਤੀਆ ਹਿੱਲਜ਼ ਵਿੱਚ ਹੋਏ ਹਾਦਸੇ ਕਾਰਨ ਪ੍ਰਧਾਨ ਮੰਤਰੀ ਬਹੁਤ ਦੁਖੀ ਹਨ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।

Share: