ਨਿੳੂ ਯਾਰਕ: ਜੈਫਰੀ ਐਪਸਟੀਨ ਨਾਲ ਸਬੰਧਤ ਅਮਰੀਕੀ ਸਰਕਾਰ ਦੀਆਂ ਹਾਲ ਹੀ ਵਿਚ ਸਾਹਮਣੇ ਆਈ ਫਾਈਲ ਕਰ ਕੇ ਸਲੋਵਾਕ ਪ੍ਰਧਾਨ ਮੰਤਰੀ ਦੇ ਕੌਮੀ ਸੁਰੱਖਿਆ ਸਲਾਹਕਾਰ ਨੇ ਅਸਤੀਫ਼ਾ ਦੇ ਦਿੱਤਾ ਹੈ। ਉਧਰ, ਇਸ ਮੰਗ ਨੇ ਮੁੜ ਜ਼ੋਰ ਫੜ ਲਿਆ ਹੈ ਕਿ ਬਰਤਾਨੀਆ ਦੇ ਸਾਬਕਾ ਸ਼ਹਿਜ਼ਾਦੇ ਐਂਡਰਿਊ ਮਾਊਂਟਬੈਟਨ ਵਿੰਡਸਰ ਨੂੰ ਐਪਸਟੀਨ ਦੇ ਕੁੱਲ ਆਲਮ ਦੇ ਪ੍ਰਭਾਵਸ਼ਾਲੀ ਵਿਅਕਤੀਆਂ ਨਾਲ ਸਬੰਧਾਂ ਬਾਰੇ ਅਥਾਰਿਟੀਜ਼ ਨਾਲ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ।
ਅਮਰੀਕੀ ਨਿਆਂ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਐਪਸਟੀਨ ਨਾਲ ਜੁੜੀਆਂ ਕਈ ਫਾਈਲਾਂ ਜਨਤਕ ਕੀਤੀਆਂ ਹਨ ਜਿਸ ਮਗਰੋਂ ਇਹ ਘਟਨਾਕ੍ਰਮ ਸਾਹਮਣੇ ਆਇਆ ਹੈ। ਇਹ ਫਾਈਲ ਫਲੋਰਿਡਾ ਦੇ ਸੈਕਸ ਅਪਰਾਧਾਂ ਲਈ ਸਜ਼ਾ ਕੱਟਣ ਵਾਲੇ ਐਪਸਟੀਨ ਦੇ ਅਮੀਰ ਅਤੇ ਮਕਬੂਲ ਲੋਕਾਂ ਨਾਲ ਸਬੰਧਾਂ ਬਾਰੇ ਜਾਣਕਾਰੀ ਦਿੰਦੀ ਹੈ। ਸਲੋਵਾਕੀਆ ਦੇ ਪ੍ਰਧਾਨ ਮੰਤਰੀ ਨੇ ਸ਼ਨਿੱਚਰਵਾਰ ਨੂੰ ਆਪਣੇ ਕੌਮੀ ਸੁਰੱਖਿਆ ਸਲਾਹਕਾਰ ਮਿਸੋਸਲਾਵ ਲਾਜੈਕ ਦਾ ਅਸਤੀਫ਼ਾ ਸਵੀਕਾਰ ਕਰ ਲਿਆ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਸਾਬਕਾ ਪ੍ਰਧਾਨ ਰਹੇ ਲਾਜੈਕ ਉੱਤੇ ਕਿਸੇ ਤਰ੍ਹਾਂ ਦੇ ਗ਼ਲਤ ਕੰਮ ਦਾ ਦੋਸ਼ ਨਹੀਂ ਸੀ, ਪਰ ਐਪਸਟੀਨ ਦੀ ਜੇਲ੍ਹ ’ਚੋਂ ਰਿਹਾਈ ਤੋਂ ਬਾਅਦ ਦੇ ਸਾਲਾਂ ਵਿਚ ਦੋਵਾਂ ਦੀ ਮੁਲਾਕਾਤ ਦੀਆਂ ਤਸਵੀਰਾਂ ਅਤੇ ਈਮੇਲ ਸਾਹਮਣੇ ਆਉਣ ਮਗਰੋਂ ਉਨ੍ਹਾਂ ਆਪਣਾ ਅਹੁਦਾ ਛੱਡ ਦਿੱਤਾ। ਇਨ੍ਹਾਂ ਖੁਲਾਸਿਆਂ ਤੋਂ ਬਾਅਦ ਇਹ ਸਵਾਲ ਮੁੜ ਉੱਠਣ ਲੱਗਾ ਹੈ ਕਿ ਕੀ ਐਪਸਟੀਨ ਦੇ ਦੋਸਤ ਰਹੇ ਬਰਤਾਨੀਆ ਦੇ ਸਾਬਕਾ ਸ਼ਹਿਜ਼ਾਦੇ ਐਂਡਰਿਊ ਮਾਊਂਟਬੈਟਨ ਵਿੰਡਸਰ ਨੂੰ ਅਮਰੀਕੀ ਅਧਿਕਾਰੀਆਂ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸ਼ਨਿੱਚਰਵਾਰ ਨੂੰ ਸੁਝਾਅ ਦਿੱਤਾ ਸੀ ਕਿ ਮਾਊਂਟਬੈਟਨ ਵਿੰਡਸਰ ਨੂੰ ਐਪਸਟੀਨ ਦੀਆਂ ਸਰਗਰਮੀਆਂ ਬਾਰੇ ਜੋ ਕੁਝ ਪਤਾ ਹੈ, ਉਸ ਬਾਰੇ ਅਮਰੀਕੀ ਜਾਂਚ ਅਧਿਕਾਰੀਆਂ ਨੂੰ ਦੱਸ ਦੇਣਾ ਚਾਹੀਦਾ ਹੈ।
