ਨਵੀਂ ਦਿੱਲੀ: ਲੋਕ ਸਭਾ ਵਿੱਚ ਸਰਕਾਰ ਤੇ ਵਿਰੋਧੀ ਧਿਰ ਵਿਚਾਲੇ ਜਾਰੀ ਟਕਰਾਅ ਦਰਮਿਆਨ ਕਾਂਗਰਸ ਦੇ ਸੱਤ ਅਤੇ ਸੀ ਪੀ ਆਈ ਐੱਮ ਦੇ ਇਕ ਸੰਸਦ ਮੈਂਬਰ ਨੂੰ ਅੱਜ ਬਜਟ ਇਜਲਾਸ ਦੇ ਬਾਕੀ ਰਹਿੰਦੇ ਸਮੇਂ ਲਈ ਸਦਨ ’ਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਕੀਤੇ ਸੰਸਦ ਮੈਂਬਰਾਂ ’ਤੇ ਸਪੀਕਰ ਦੀ ਚੇਅਰ ਕੋਲ ਜਾ ਕੇ ਕਾਗਜ਼ ਪਾੜਨ ਤੇ ਚੇਅਰ ਵੱਲ ਸੁੱਟਣ ਦਾ ਦੋਸ਼ ਹੈ। ਮੈਂਬਰਾਂ ਨੂੰ ਮੁਅੱਤਲ ਕਰਨ ਸਬੰਧੀ ਮਤਾ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਰੱਖਿਆ, ਜੋ ਜ਼ੁਬਾਨੀ ਵੋਟ ਨਾਲ ਪਾਸ ਹੋ ਗਿਆ। ਅੱਠ ਸੰਸਦ ਮੈਂਬਰਾਂ ਦੀ ਮੁਅੱਤਲੀ ਨਾਲ 2 ਅਪਰੈਲ ਨੂੰ ਖ਼ਤਮ ਹੋਣ ਵਾਲੇ ਬਜਟ ਇਜਲਾਸ ਦੌਰਾਨ ਸੱਤਾਧਿਰ ਤੇ ਵਿਰੋਧੀ ਧਿਰ ਵਿਚਾਲੇ ਤਲਖੀ ਵਧਣ ਦੇ ਆਸਾਰ ਹਨ। ਮੁਅੱਤਲ ਕੀਤੇ ਸੰਸਦ ਮੈਂਬਰਾਂ ਵਿਚ ਗੁਰਜੀਤ ਸਿੰਘ ਔਜਲਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਹਿਬੀ ਐਡਨ, ਸੀ ਕਿਰਨ ਕੁਮਾਰ ਰੈੱਡੀ, ਮਨੀਕਮ ਟੈਗੋਰ, ਪ੍ਰਸ਼ਾਂਤ ਪੜੋਲੇ, ਡੀਨ ਕੁਰੀਆਕੋਸ (ਸਾਰੇ ਕਾਂਗਰਸੀ) ਤੇ ਐੱਸ ਵੈਂਕਟੇਸ਼ਨ (ਸੀ ਪੀ ਆਈ-ਐੱਮ) ਸ਼ਾਮਲ ਹਨ।
ਬਜਟ ਇਜਲਾਸ ਦੌਰਾਨ ਵਿਰੋਧੀ ਧਿਰਾਂ ਨੇ ਲੰਘੇ ਦਿਨ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਸਦਨ ਵਿਚ ਸਾਬਕਾ ਥਲ ਸੈਨਾ ਮੁਖੀ ਐੱਮ ਐੱਮ ਨਰਵਣੇ ਦੀ ਅਣਪ੍ਰਕਾਸ਼ਿਤ ਕਿਤਾਬ ਦੇ ਹਵਾਲੇ ਨਾਲ ਬੋਲਣ ਤੋਂ ਰੋਕਣ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ-ਅਮਰੀਕਾ ਵਪਾਰ ਸਮਝੌਤੇ ਤੇ ਵਾਰਾਣਸੀ ਵਿਚ ਮਣੀਕਰਨਿਕਾ ਘਾਟ ਉੱਤੇ ਕਥਿਤ ਨਾਜਾਇਜ਼ ਕਬਜ਼ੇ ਹਟਾਉਣ ਨਾਲ ਜੁੜੇ ਆਪਣੇ ਫਿਕਰਾਂ ਨੂੰ ਲੈ ਕੇ ਮਸਲੇ ਉਠਾਏ। ਇਸੇ ਰੌਲੇ ਰੱਪੇ ਕਰ ਕੇ ਸਦਨ ਦੀ ਕਾਰਵਾਈ ਕਈ ਵਾਰ ਮੁਅੱਤਲ ਕੀਤੇ ਜਾਣ ਮਗਰੋਂ ਸ਼ਾਮੀਂ ਤਿੰਨ ਵਜੇ ਮੁੜ ਜੁੜੀ ਤਾਂ ਦਿਲੀਪ ਸੈਕੀਆ ਜੋ ਉਦੋਂ ਚੇਅਰ ’ਤੇ ਮੌਜੂਦ ਸਨ, ਨੇ ਅੱਠ ਸੰਸਦ ਮੈਂਬਰਾਂ ਦੇ ਨਾਮ ਲਏ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਇਨ੍ਹਾਂ ਅੱਠ ਮੈਂਬਰਾਂ ਨੂੰ ਬਜਟ ਇਜਲਾਸ ਦੀ ਬਾਕੀ ਰਹਿੰਦੀ ਮਿਆਦ ਲਈ ਮੁਅੱਤਲ ਕੀਤੇ ਜਾਣ ਦੀ ਮੰਗ ਕਰਦਾ ਮਤਾ ਪੜ੍ਹਿਆ। ਮੰਤਰੀ ਨੇ ਕਿਹਾ ਕਿ ਇਨ੍ਹਾਂ ਮੈਂਬਰਾਂ ਨੇ ਸਦਨ ਦੀ ਮਰਿਆਦਾ ਅਤੇ ਚੇਅਰ ਦਾ ਨਿਰਾਦਰ ਕੀਤਾ ਹੈ; ਮੈਂਬਰਾਂ ਨੇ ਸਕੱਤਰ ਜਨਰਲ ਦੀ ਮੇਜ਼ ’ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ, ਕਾਗਜ਼ ਪਾੜੇ ਅਤੇ ਚੇਅਰ ਵੱਲ ਸੁੱਟੇ। ਸਦਨ ਨੇ ਇਸ ਮਤੇ ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਜਿਸ ਮਗਰੋਂ ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਚੁੱਕ ਦਿੱਤੀ ਗਈ।
ਉੱਧਰ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸੀ ਮੈਂਬਰਾਂ ਨੇ ਪਾਰਟੀ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਪ੍ਰਦਰਸ਼ਨ ਕੀਤਾ। ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਕਿਹਾ ਕਿ ਮੁਅੱਤਲ ਕੀਤੇ ਸੰਸਦ ਮੈਂਬਰ ਸਦਨ ਦੇ ਬਾਹਰ ਪ੍ਰਦਰਸ਼ਨ ਜਾਰੀ ਰੱਖਣਗੇ। ਰਾਹੁਲ ਗਾਂਧੀ ਨੂੰ ਸੋਮਵਾਰ ਨੂੰ ਲੋਕ ਸਭਾ ਵਿਚ ਸਾਬਕਾ ਫੌਜ ਸੈਨਾ ਮੁਖੀ ਨਰਵਣੇ ਦੀ ਸਾਲ 2020 ਦੇ ਭਾਰਤ-ਚੀਨ ਟਕਰਾਅ ਬਾਰੇ ਅਣਪ੍ਰਕਾਸ਼ਿਤ ਕਿਤਾਬ ਦੇ ਮਜ਼ਮੂਨ ਦਾ ਹਵਾਲਾ ਦੇਣ ਤੋਂ ਰੋਕੇ ਜਾਣ ਮਗਰੋਂ ਲੋਕ ਸਭਾ ਵਿਚ ਹੰਗਾਮਾ ਜਾਰੀ ਹੈ।

