ਜਲੰਧਰ: ਜਲੰਧਰ ਸਥਿਤ ਈ ਡੀ ਦਫ਼ਤਰ ਨੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀ ਉਲੰਘਣਾ ਦੇ ਕਥਿਤ ਮਾਮਲੇ 12 ਫਰਵਰੀ ਨੂੰ ਤਲਬ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸੰਮਨ ਲਗਪਗ ਚਾਰ ਦਿਨ ਪਹਿਲਾਂ ਜਾਰੀ ਕੀਤਾ ਗਿਆ ਸੀ ਪਰ ਦੋਵਾਂ ਵੱਲੋਂ ਈ ਡੀ ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਦੀ ਸੰਭਾਵਨਾ ਘੱਟ ਹੈ। ਦੂਜੇ ਪਾਸੇ ਈ ਡੀ ਦੇ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੇ ਤੱਕ ਸੰਮਨ ਦੇ ਹੁਕਮ ਮੁਲਤਵੀ ਕਰਨ ਦੀ ਮੰਗ ਵਾਲੀ ਕੋਈ ਅਰਜ਼ੀ ਨਹੀਂ ਮਿਲੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਪਹਿਲੀ ਵਾਰ ਜੁਲਾਈ 2016 ਵਿੱਚ ਈ ਡੀ ਨੇ ਸੰਮਨ ਭੇਜਿਆ ਸੀ ਤੇ ਸਵਿਟਜ਼ਰਲੈਂਡ ’ਚ ਫੰਡਾਂ ਸਬੰਧੀ ਟਰੱਸਟ ਬਣਾਉਣ ਬਾਰੇ ਪੁੱਛ ਪੜਤਾਲ ਕੀਤੀ ਗਈ ਸੀ। ਉਨ੍ਹਾਂ ਵਿਰੁੱਧ ਈ ਡੀ ਦੀ ਜਾਂਚ ਕਥਿਤ ਤੌਰ ’ਤੇ ਆਮਦਨ ਕਰ ਵਿਭਾਗ ਦੇ ਕਥਿਤ ਨਤੀਜਿਆਂ ਨਾਲ ਸਬੰਧਤ ਹੈ। ਈ ਡੀ ਦੇ ਸੂਤਰਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸੇ ਸਬੰਧੀ ਸੰਮਨ ਭੇਜੇ ਗਏ ਸਨ।
ਕੈਪਟਨ ਅਮਰਿੰਦਰ ਸਿੰਘ ਦੇ ਗੋਡੇ ਦਾ ਅਪਰੇਸ਼ਨ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਗੋਡੇ ਦਾ ਅਪਰੇਸ਼ਨ ਹੋਇਆ। ਹਾਲਾਂਕਿ ਹਸਪਤਾਲ ਵੱਲੋਂ ਇਸ ਸਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਸਰਜਰੀ ਸਫ਼ਲਤਾ ਪੂਰਵਕ ਮੁਕੰਮਲ ਹੋ ਗਈ ਹੈ ਅਤੇ ਉਨ੍ਹਾਂ ਨੂੰ ਡਾਕਟਰਾਂ ਨੇ ਆਪਣੀ ਨਿਗਰਾਨੀ ਹੇਠ ਰੱਖਿਆ ਹੋਇਆ ਹੈ। ਅਗਲੇ ਦੋ ਦਿਨਾਂ ਦੌਰਾਨ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਕੱਲ੍ਹ ਫੋਰਟਿਸ ਹਸਪਤਾਲ ਵਿੱਚ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਵੀ ਕੈਪਟਨ ਅਮਰਿੰਦਰ ਸਿੰਘ ਦਾ ਹਾਲ ਪੁੱਛਣ ਲਈ ਪਹੁੰਚੇ ਸਨ। ਇਸ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਸੱਜੇ ਗੋਡੇ ਦਾ ਅਪਰੇਸ਼ਨ ਹੋਇਆ ਸੀ। ਗੋਡਿਆਂ ਵਿੱਚ ਜ਼ਿਆਦਾ ਦਰਦ ਦੀ ਸ਼ਿਕਾਇਤ ਕਾਰਨ ਹੀ ਉਹ ਫੋਰਟਿਸ ਵਿਚ ਦਾਖ਼ਲ ਹੋਏ ਸਨ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੇ ਲੋੜੀਂਦੇ ਟੈਸਟ ਕਰਨ ਉਪਰੰਤ ਅਪਰੇਸ਼ਨ ਕੀਤਾ।

