ਈਡੀ ਵੱਲੋਂ ਅਨਿਲ ਅੰਬਾਨੀ ਨੂੰ 26 ਫਰਵਰੀ ਲਈ ਸੰਮਨ ਜਾਰੀ

ਈਡੀ ਵੱਲੋਂ ਅਨਿਲ ਅੰਬਾਨੀ ਨੂੰ 26 ਫਰਵਰੀ ਲਈ ਸੰਮਨ ਜਾਰੀ

ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੂੰ ਇਸ ਹਫ਼ਤੇ ਪੇਸ਼ ਨਾ ਹੋਣ ਤੋਂ ਬਾਅਦ 26 ਫਰਵਰੀ ਨੂੰ ਪੁੱਛਗਿੱਛ ਲਈ ਪੇਸ਼ ਹੋਣ ਲਈ ਤਾਜ਼ਾ ਸੰਮਨ ਜਾਰੀ ਕੀਤੇ ਹਨ,ਸਰਕਾਰੀ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੀ ਪਤਨੀ ਅਤੇ ਸਾਬਕਾ ਅਦਾਕਾਰਾ ਟੀਨਾ ਅੰਬਾਨੀ ਨੇ ਵੀ ਦੋ ਵਾਰ ਪੇਸ਼ੀ ਅੱਗੇ ਪਾਉਣ ਦੀ ਮੰਗ ਕੀਤੀ ਹੈ ਅਤੇ ਉਹ 10 ਫਰਵਰੀ ਅਤੇ 17 ਫਰਵਰੀ ਦੀਆਂ ਆਪਣੀਆਂ ਨਿਧਾਰਤ ਤਰੀਕਾਂ ‘ਤੇ ਈਡੀ ਸਾਹਮਣੇ ਪੇਸ਼ ਨਹੀਂ ਹੋਏ। 

ਇਹ ਸਪੱਸ਼ਟ ਨਹੀਂ ਹੈ ਕਿ ਈਡੀ ਵੱਲੋਂ ਉਨ੍ਹਾਂ ਨੂੰ ਵੀ ਕੋਈ ਨਵੀਂ ਤਰੀਕ ਦਿੱਤੀ ਗਈ ਹੈ ਜਾਂ ਨਹੀਂ। ਈਡੀ ਅਧਿਕਾਰੀਆਂ ਨੇ ਦੱਸਿਆ ਸੀ ਕਿ ਏਜੰਸੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਤਹਿਤ ਜੋੜੇ ਦੇ ਵੱਖ-ਵੱਖ ਬਿਆਨ ਦਰਜ ਕਰਨ ਲਈ ਉਨ੍ਹਾਂ ਨੂੰ ਤਲਬ ਕੀਤਾ ਹੈ। ਅਨਿਲ ਅੰਬਾਨੀ ਅਗਸਤ 2025 ਵਿੱਚ ਇੱਕ ਵਾਰ ਈਡੀ ਸਾਹਮਣੇ ਪੇਸ਼ ਹੋਏ ਸਨ। ਸਮਝਿਆ ਜਾਂਦਾ ਹੈ ਕਿ ਟੀਨਾ ਅੰਬਾਨੀ ਨੂੰ ਨਿਊਯਾਰਕ ਦੇ ਮੈਨਹਟਨ ਵਿੱਚ ਇੱਕ ਲਗਜ਼ਰੀ ਕੰਡੋਮੀਨੀਅਮ ਦੀ ਖਰੀਦ ਨਾਲ ਜੁੜੇ ਪੈਸੇ ਦੇ ਲੈਣ-ਦੇਣ ਦੇ ਸਬੰਧ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਹੈ। 

ਈਡੀ ਨੇ ਹਾਲ ਹੀ ਵਿੱਚ ਇਸ ਮਾਮਲੇ ਵਿੱਚ ਆਰਕਾਮ (Reliance Communication) ਦੇ ਸਾਬਕਾ ਪ੍ਰਧਾਨ ਪੁਨੀਤ ਗਰਗ ਨੂੰ ਗ੍ਰਿਫ਼ਤਾਰ ਕੀਤਾ ਸੀ। ਈਡੀ ਨੇ ਪਹਿਲਾਂ ਇੱਕ ਬਿਆਨ ਵਿੱਚ ਦਾਅਵਾ ਕੀਤਾ ਸੀ ਕਿ ਨਿਊਯਾਰਕ ਦੀ ਜਾਇਦਾਦ ਨੂੰ ਗਰਗ ਦੁਆਰਾ ਆਰਕਾਮ ਦੀ ਕਾਰਪੋਰੇਟ ਦੀਵਾਲੀਆਪਨ ਹੱਲ ਪ੍ਰਕਿਰਿਆ (CIRP) ਦੌਰਾਨ 2023 ਵਿੱਚ ਧੋਖਾਧੜੀ ਨਾਲ ਵੇਚਿਆ ਗਿਆ ਸੀ। ਸਮਝਿਆ ਜਾਂਦਾ ਹੈ ਕਿ ਆਰਕਾਮ ਨੇ 2025 ਵਿੱਚ ਸਟਾਕ ਐਕਸਚੇਂਜ ਨੂੰ ਇਸ “ਧੋਖਾਧੜੀ” ਵਾਲੀ ਵਿਕਰੀ ਬਾਰੇ ਸੂਚਿਤ ਕੀਤਾ ਸੀ।

ਈਡੀ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ “8.3 ਮਿਲੀਅਨ ਅਮਰੀਕੀ ਡਾਲਰ (2023 ਵਿੱਚ ਲਗਭਗ 69.55 ਕਰੋੜ ਰੁਪਏ) ਦੀ ਵਿਕਰੀ ਦੀ ਰਕਮ ਅਮਰੀਕਾ ਤੋਂ ਇੱਕ ਪਾਕਿਸਤਾਨੀ ਨਾਲ ਜੁੜੇ ਵਿਅਕਤੀ ਦੁਆਰਾ ਨਿਯੰਤਰਿਤ ਦੁਬਈ ਸਥਿਤ ਇਕਾਈ ਦੇ ਨਾਲ ਇੱਕ ਜਾਅਲੀ ਨਿਵੇਸ਼ ਪ੍ਰਬੰਧ ਦੇ ਬਹਾਨੇ,ਰੈਜ਼ੋਲਿਊਸ਼ਨ ਪ੍ਰੋਫੈਸ਼ਨਲ (RP) ਦੀ ਜਾਣਕਾਰੀ ਜਾਂ ਸਹਿਮਤੀ ਤੋਂ ਬਿਨਾਂ ਭੇਜੀ ਗਈ ਸੀ।” 

ਏਜੰਸੀ ਨੇ ਹਾਲ ਹੀ ਵਿੱਚ ਸੁਪਰੀਮ ਕੋਰਟ ਦੇ ਨਿਰਦੇਸ਼ਾਂ ’ਤੇ ਅਨਿਲ ਧੀਰੂਭਾਈ ਅੰਬਾਨੀ ਗਰੁੱਪ (ADAG) ਦੇ ਖ਼ਿਲਾਫ਼ ਕਥਿਤ ਬੈਂਕ ਧੋਖਾਧੜੀ ਅਤੇ ਵਿੱਤੀ ਬੇਨਿਯਮੀਆਂ ਦੇ ਕਈ ਮਾਮਲਿਆਂ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਹੈ। ਇਸ ਨੇ ਜਾਂਚ ਦੇ ਹਿੱਸੇ ਵਜੋਂ 12,000 ਕਰੋੜ ਰੁਪਏ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਹਨ ਅਤੇ ਰਿਲਾਇੰਸ ਗਰੁੱਪ ਦੀਆਂ ਕੰਪਨੀਆਂ ਵਿਰੁੱਧ ਤਿੰਨ ਸ਼ਿਕਾਇਤਾਂ (ECIRs) ਦਰਜ ਕੀਤੀਆਂ ਹਨ।

Share: