ਨਵੀਂ ਦਿੱਲੀ: ਕੌਮੀ ਅੰਕੜਾ ਦਫ਼ਤਰ ਨੇ ਚਾਲੂ ਵਿੱਤੀ ਸਾਲ ਲਈ ਜੀ ਡੀ ਪੀ ਆਧਾਰਿਤ ਦੇਸ਼ ਦੀ ਆਰਥਿਕ ਵਿਕਾਸ ਦਰ ਦੇ ਅਨੁਮਾਨਾਂ ਨੂੰ 7.4 ਫੀਸਦ ਤੋਂ ਵਧਾ ਕੇ 7.6 ਫੀਸਦ ਕਰ ਦਿੱਤਾ ਹੈ। ਆਧਾਰ ਸਾਲ ਵਿੱਚ ਤਬਦੀਲੀ ਤੇ ਗਣਨਾ ਵਿਧੀ ਵਿੱਚ ਸੋਧ ਮਗਰੋਂ ਅਨੁਮਾਨਾਂ ਨੂੰ ਵਧਾਇਆ ਗਿਆ ਹੈ। ਸ਼ੁੱਕਰਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਮੰਤਰਾਲੇ ਨੇ 2022-23 ਨੂੰ ਨਵਾਂ ਆਧਾਰ ਸਾਲ ਬਣਾਉਂਦਿਆਂ ਸਾਲਾਨਾ ਤੇ ਤਿਮਾਹੀ ਕੌਮੀ ਲੇਖਾ ਅਨੁਮਾਨ ਦੀ ਨਵੀਂ ਲੜੀ ਜਾਰੀ ਕੀਤੀ ਹੈ।
ਇਸ ਤੋਂ ਪਹਿਲਾਂ ਆਧਾਰ ਸਾਲ 2011-12 ਸੀ। ਇਹ ਕੁੱਲ ਘਰੇਲੂ ਉਤਪਾਦ (ਜੀ ਡੀ ਪੀ) ਲੜੀ ਦੇ ਆਧਾਰ ਸਾਲ ਵਿੱਚ ਨੌਵੀਂ ਸੋਧ ਹੈ। ਮੰਤਰਾਲੇ ਨੇ ਕਿਹਾ ਕਿ ਵਿੱਤੀ ਸਾਲ 2025-26 ਵਿੱਚ ਸਥਿਰ ਕੀਮਤਾਂ ਉੱਤੇ ਜੀ ਡੀ ਪੀ ਦਾ ਆਕਾਰ 322.58 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ, ਜਦਕਿ ਸਾਲ 2024-25 ਵਿੱਚ ਇਹ 299.89 ਲੱਖ ਕਰੋੜ ਰੁਪਏ ਸੀ। ਵਿੱਤੀ ਸਾਲ 2024-25 ਵਿੱਚ ਵਿਕਾਸ ਦਰ 7.1 ਫੀਸਦ ਰਹੀ ਸੀ। ਨਵੀਂ ਲੜੀ ਮੁਤਾਬਕ 2025-26 ਦੀ ਅਕਤੂਬਰ-ਦਸੰਬਰ ਤਿਮਾਹੀ ਵਿੱਚ ਜੀ ਡੀ ਪੀ ਵਿਕਾਸ ਦਰ 7.8 ਫੀਸਦ ਰਹੀ, ਜੋ ਸਾਲ ਪਹਿਲਾਂ ਇਸੇ ਤਿਮਾਹੀ ਵਿੱਚ 7.4 ਫੀਸਦ ਤੋਂ ਵੱਧ ਹੈ। ਇਹ ਵਾਧਾ ਮੁੱਖ ਰੂਪ ਵਿੱਚ ਨਿਰਮਾਣ ਅਤੇ ਸੇਵਾ ਖੇਤਰਾਂ ਦੇ ਬਿਹਤਰ ਕਾਰਕਰਦਗੀ ਸਦਕਾ ਹੋਇਆ। ਇਸ ਦੇ ਨਾਲ ਹੀ ਜੁਲਾਈ-ਸਤੰਬਰ 2025 ਤਿਮਾਹੀ ਦੀ ਵਿਕਾਸ ਦਰ ਨੂੰ 8.2 ਫੀਸਦ ਤੋਂ ਵਧਾ ਕੇ 8.4 ਫੀਸਦ ਕਰ ਦਿੱਤਾ ਹੈ; ਹਾਲਾਂਕਿ ਅਪਰੈਲ-ਜੂਨ ਤਿਮਾਹੀ ਦੇ ਵਿਕਾਸ ਅਨੁਮਾਨਾਂ ਨੂੰ 7.8 ਫੀਸਦ ਤੋਂ ਘਟਾ ਕੇ 6.7 ਫੀਸਦ ਕਰ ਦਿੱਤਾ ਹੈ। ਇਕਰਾ ਦੀ ਮੁੱਖ ਅਰਥ ਸ਼ਾਸਤਰੀ ਅਦਿੱਤੀ ਨਾਇਰ ਨੇ ਕਿਹਾ ਕਿ ਅੰਕੜੇ ਅਨੁਮਾਨਾਂ ਤੋਂ ਬਿਹਤਰ ਹਨ।

