ਨਵੀਂ ਦਿੱਲੀ: ਮਨੋਜ ਬਾਜਪਾਈ ਦੀ ਆਉਣ ਵਾਲੀ ਫ਼ਿਲਮ ‘ਘੁਸਖ਼ੋਰ ਪੰਡਤ’ (Ghooskhor Pandat) ਆਪਣੇ ਸਿਰਲੇਖ ਕਾਰਨ ਵੱਡੇ ਵਿਵਾਦਾਂ ਵਿੱਚ ਘਿਰ ਗਈ ਹੈ। ਸੋਸ਼ਲ ਮੀਡੀਆ ਅਤੇ ਸਿਆਸੀ ਹਲਕਿਆਂ ਵਿੱਚ ਇਸ ਫ਼ਿਲਮ ਦੇ ਨਾਮ ਨੂੰ ‘ਜਾਤੀਵਾਦੀ’ ਅਤੇ ਇੱਕ ਖ਼ਾਸ ਭਾਈਚਾਰੇ ਦਾ ਅਪਮਾਨ ਦੱਸਿਆ ਜਾ ਰਿਹਾ ਹੈ। ਵਿਵਾਦ ਵਧਦਾ ਦੇਖ ਨਿਰਦੇਸ਼ਕ ਨੀਰਜ ਪਾਂਡੇ ਅਤੇ ਮੁੱਖ ਅਦਾਕਾਰ ਮਨੋਜ ਬਾਜਪਾਈ ਨੇ ਸਪੱਸ਼ਟੀਕਰਨ ਜਾਰੀ ਕਰਦਿਆਂ ਫ਼ਿਲਮ ਦੀ ਸਾਰੀ ਪ੍ਰਚਾਰ ਸਮੱਗਰੀ ਅਤੇ ਟੀਜ਼ਰ ਇੰਟਰਨੈੱਟ ਤੋਂ ਹਟਾ ਲਏ ਹਨ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ ‘ਤੇ ਲਖਨਊ ਦੇ ਹਜ਼ਰਤਗੰਜ ਥਾਣੇ ਵਿੱਚ ਫ਼ਿਲਮ ਦੇ ਨਿਰਦੇਸ਼ਕ ਖ਼ਿਲਾਫ਼ ਸਮਾਜਿਕ ਨਫ਼ਰਤ ਫੈਲਾਉਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਹੇਠ ਐਫ.ਆਈ.ਆਰ. (FIR) ਵੀ ਦਰਜ ਕੀਤੀ ਗਈ ਹੈ। ਬਸਪਾ ਸੁਪਰੀਮੋ ਮਾਇਆਵਤੀ ਨੇ ਇਸ ਨੂੰ ਬ੍ਰਾਹਮਣ ਸਮਾਜ ਦਾ ਅਪਮਾਨ ਦੱਸਦਿਆਂ ਕੇਂਦਰ ਸਰਕਾਰ ਤੋਂ ਫ਼ਿਲਮ ’ਤੇ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਵਿਸ਼ਵ ਹਿੰਦੂ ਪਰਿਸ਼ਦ (VHP) ਨੇ ਵੀ ਚੇਤਾਵਨੀ ਦਿੱਤੀ ਹੈ ਕਿ ਸਮਾਜ ਦੇ ਸਤਿਕਾਰਯੋਗ ਵਰਗਾਂ ਨੂੰ ਨਿਸ਼ਾਨਾ ਬਣਾਉਣਾ ਬੰਦ ਕੀਤਾ ਜਾਵੇ। ਹਾਲਾਂਕਿ, ਨੀਰਜ ਪਾਂਡੇ ਨੇ ਸਫ਼ਾਈ ਦਿੰਦਿਆਂ ਕਿਹਾ ਕਿ ‘ਪੰਡਤ’ ਸ਼ਬਦ ਸਿਰਫ਼ ਇੱਕ ਕਾਲਪਨਿਕ ਕਿਰਦਾਰ ਲਈ ਵਰਤਿਆ ਗਿਆ ਸੀ ਅਤੇ ਉਨ੍ਹਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਮਨੋਜ ਬਾਜਪਾਈ ਨੇ ਵੀ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਕਿਹਾ ਕਿ ਫ਼ਿਲਮ ਇੱਕ ਨੁਕਸਦਾਰ ਵਿਅਕਤੀ ਦੀ ਕਹਾਣੀ ਹੈ, ਨਾ ਕਿ ਕਿਸੇ ਭਾਈਚਾਰੇ ’ਤੇ ਟਿੱਪਣੀ।
