ਪਟਨਾ: ਬਿਹਾਰ ’ਚ ਮਹਿਲਾਵਾਂ ਖ਼ਿਲਾਫ਼ ਅਪਰਾਧ ’ਚ ਕਥਿਤ ਵਾਧੇ ਦੇ ਰੋਸ ’ਚ ਮੁਜ਼ਾਹਰਾ ਕਰ ਰਹੇ ਖੱਬੇ ਪੱਖੀ ਸਮੂਹਾਂ ਦੇ ਕਾਰਕੁਨਾਂ ਦੀ ਅੱਜ ਦੁਪਹਿਰ ਡਾਕ ਬੰਗਲਾ ਕਰਾਸਿੰਗ ’ਤੇ ਪੁਲੀਸ ਨਾਲ ਝੜਪ ਹੋ ਗਈ। ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਅਤੇ ਆਲ ਇੰਡੀਆ ਪ੍ਰੋਗਰੈਸਿਵ ਵਿਮੈਨ ਐਸੋਸੀਏਸ਼ਨ (ਏ ਆਈ ਪੀ ਡਬਲਿਊ ਏ) ਦੇ ਮੈਂਬਰਾਂ ਨੇ ਗਾਂਧੀ ਮੈਦਾਨ ਤੋਂ ਬਿਹਾਰ ਵਿਧਾਨ ਸਭਾ ਤੱਕ ਮਾਰਚ ਕੀਤਾ ਜਿੱਥੇ ਬਜਟ ਸੈਸ਼ਨ ਚੱਲ ਰਿਹਾ ਹੈ।
ਮੁਜ਼ਾਹਰਾਕਾਰੀਆਂ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਮੰਗ ਪੱਤਰ ਸੌਂਪਣ ਦੀ ਯੋਜਨਾ ਬਣਾਈ ਸੀ ਪਰ ਡਾਕ ਬੰਗਲਾ ਕਰਾਸਿੰਗ ਨੇੜੇ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਐੱਸ ਪੀ (ਸੈਂਟਰਲ) ਭਾਨੂ ਪ੍ਰਤਾਪ ਸਿੰਘ ਨੇ ਦੱਸਿਆ, ‘‘ਮੁਜ਼ਾਹਰਾਕਾਰੀ ਡਾਕ ਬੰਗਲਾ ਕਰਾਸਿੰਗ ਨੇੜੇ ਜਮ੍ਹਾਂ ਹੋ ਗਏ ਅਤੇ ਆਵਾਜਾਈ ’ਚ ਅੜਿੱਕਾ ਪਾਇਆ। ਉਨ੍ਹਾਂ ਪੁਲੀਸ ਵੱਲੋਂ ਲਾਏ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ। ਕਈ ਵਾਰ ਅਪੀਲ ਕਰਨ ਦੇ ਬਾਵਜੂਦ ਉਨ੍ਹਾਂ ਸੜਕ ਖਾਲੀ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਮਗਰੋਂ ਉਨ੍ਹਾਂ ਨੂੰ ਖਿੰਡਾਉਣ ਲਈ ਹਲਕੀ ਤਾਕਤ ਦੀ ਵਰਤੋਂ ਕੀਤੀ ਗਈ।’’
ਮੁਜ਼ਾਹਰਾਕਾਰੀਆਂ ’ਚ ਸ਼ਾਮਲ ਸੀ ਪੀ ਆਈ (ਐੱਮ ਐੱਲ)-ਲਿਬਰੇਸ਼ਨ ਦੇ ਵਿਧਾਇਕ ਸੰਦੀਪ ਸੌਰਵ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਮਗਰੋਂ ਸੂਬੇ ’ਚ ਮਹਿਲਾਵਾਂ ਖ਼ਿਲਾਫ਼ ਅਪਰਾਧ ਤੇਜ਼ੀ ਨਾਲ ਵਧੇ ਹਨ। ਬਿਹਾਰ ’ਚ ਵਿਦਿਆਰਥਣਾਂ, ਕੰਮਕਾਜੀ ਔਰਤਾਂ ਤੇ ਲੜਕੀਆਂ ਸੁਰੱਖਿਅਤ ਨਹੀਂ ਹਨ। ਇਹ ਗੰਭੀਰ ਸਥਿਤੀ ਸੂਬੇ ’ਚ ਅਮਨ-ਕਾਨੂੰਨ ਤੇ ਮਹਿਲਾ ਸੁਰੱਖਿਆ ਤੰਤਰ ਦੀ ਨਾਕਾਮੀ ਜ਼ਾਹਿਰ ਕਰਦੀ ਹੈ। ਐੱਨ ਡੀ ਏ ਸਰਕਾਰ ਅਪਰਾਧੀਆਂ ਨੂੰ ਪਨਾਹ ਦੇ ਰਹੀ ਹੈ ਅਤੇ ਮੁੱਖ ਮੰਤਰੀ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ’ਚ ਨਾਕਾਮ ਰਹੇ ਹਨ।
