ਚੌਰ ਸਾਹਿਬ ਕਰਵਾਉਣ ਦਾ ਮਾਮਲਾ: ਗੋਬਿੰਦ ਸਿੰਘ ਸੰਧੂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼, ਸੌਂਪਿਆ ਖ਼ਿਮਾ ਯਾਚਨਾ ਪੱਤਰ

ਚੌਰ ਸਾਹਿਬ ਕਰਵਾਉਣ ਦਾ ਮਾਮਲਾ: ਗੋਬਿੰਦ ਸਿੰਘ ਸੰਧੂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼, ਸੌਂਪਿਆ ਖ਼ਿਮਾ ਯਾਚਨਾ ਪੱਤਰ

ਅੰਮ੍ਰਿਤਸਰ: ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਗੋਬਿੰਦ ਸਿੰਘ ਸੰਧੂ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਪਹੁੰਚ ਕੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਆਪਣੀ ਗਲਤੀ ਦਾ ਪਛਤਾਵਾ ਕਰਦਿਆਂ ਖ਼ਿਮਾ ਯਾਚਨਾ ਪੱਤਰ ਸੌਂਪਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਗੋਬਿੰਦ ਸਿੰਘ ਦੇ ਵਿਆਹ ਸਮਾਗਮ ਦੌਰਾਨ ਉਨ੍ਹਾਂ ਦੇ ਸਿਰ ਉੱਪਰ ਛਤਰ ਝੁਲਾਇਆ ਗਿਆ ਸੀ ਅਤੇ ਚੌਰ ਸਾਹਿਬ ਕੀਤਾ ਗਿਆ ਸੀ, ਜਿਸ ਨੂੰ ਗੁਰੂ ਮਰਿਆਦਾ ਦੀ ਉਲੰਘਣਾ ਮੰਨਦਿਆਂ ਸਿੱਖ ਸੰਗਤ ਅਤੇ ਆਗੂਆਂ ਵੱਲੋਂ ਤਿੱਖੀ ਨਿੰਦਾ ਕੀਤੀ ਗਈ ਸੀ। ਅੱਜ ਇਸ ਮਾਮਲੇ ਨੂੰ ਲੈ ਕੇ ਗੋਬਿੰਦ ਸਿੰਘ ਸੰਧੂ ਇੱਥੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਪੁੱਜੇ ਹਨ ਅਤੇ ਉਨ੍ਹਾਂ ਨੇ ਆਪਣੀ ਗਲਤੀ ਸਬੰਧੀ ਇੱਕ ਪੱਤਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੌਂਪਿਆ ਹੈ। ਇਸ ਤੋਂ ਪਹਿਲਾਂ ਉਹਨਾ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਇਸ ਗਲਤੀ ਦੀ ਜਿੰਮੇਵਾਰੀ ਲਈ ਸੀ ਅਤੇ ਖਿਮਾ ਯਾਚਨਾ ਕੀਤੀ ਸੀ।

ਗੋਬਿੰਦ ਸਿੰਘ ਸੰਧੂ ਨੇ ਆਪਣੀ ਸਫਾਈ ਵਿੱਚ ਕਿਹਾ ਕਿ ਉਹ ਸ਼ਹਿਜ਼ਾਦਪੁਰ ਰਿਆਸਤ ਦੇ ਵੰਸ਼ਜ ਹਨ ਅਤੇ ਇਹ ਉਨ੍ਹਾਂ ਦੀ ਪੁਰਾਣੀ ਰਿਆਸਤੀ ਪਰੰਪਰਾ ਸੀ। ਹਾਲਾਂਕਿ, ਉਨ੍ਹਾਂ ਕਬੂਲ ਕੀਤਾ ਕਿ ਰਿਆਸਤਾਂ ਦਾ ਦੌਰ ਖ਼ਤਮ ਹੋਣ ਤੋਂ ਬਾਅਦ ਇਹ ਸਤਿਕਾਰ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਰਾਖਵਾਂ ਹੈ।

ਦੂਜੇ ਪਾਸੇ, ਸਿੱਖ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਸ ਨੂੰ ਸਿੱਧੇ ਤੌਰ ’ਤੇ ਗੁਰੂ ਸਾਹਿਬ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਦੱਸਦਿਆਂ ਦੋਸ਼ੀਆਂ ਖਿਲਾਫ਼ ਸਖ਼ਤ ਧਾਰਮਿਕ ਕਾਰਵਾਈ ਦੀ ਮੰਗ ਕੀਤੀ ਹੈ। ਹੁਣ ਇਹ ਮਾਮਲਾ ਪੰਜ ਸਿੰਘ ਸਾਹਿਬਾਨ ਦੀ ਅਗਲੀ ਇਕੱਤਰਤਾ ਵਿੱਚ ਵਿਚਾਰਿਆ ਜਾਵੇਗਾ।

Share: