ਚੰਡੀਗੜ੍ਹ: ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੇ ਇੱਕ ਵਸਨੀਕ ਨੇ ਸ਼ਹਿਰ ਵਿੱਚ ਫਿਰੌਤੀ ਨਾਲ ਸਬੰਧਤ ਹਿੰਸਾ ਦੀ ਵਧਦੀ ਲਹਿਰ ਵਿਰੁੱਧ ਨਾਗਰਿਕਾਂ ਨੂੰ ਹਥਿਆਰਬੰਦ ਹੋਣ ਲਈ 500 ਬੰਦੂਕ ਲਾਇਸੈਂਸ ਜਲਦੀ ਜਾਰੀ ਕਰਨ ਦੀ ਮੰਗ ਕਰਕੇ ਵਿਵਾਦ ਛੇੜ ਦਿੱਤਾ ਹੈ। ਵਿਕਰਮ ਬਾਜਵਾ ਨੇ ਪ੍ਰੀਮੀਅਰ ਡੇਵਿਡ ਏਬੀ ਨੂੰ ਇੱਕ ਸਖ਼ਤ ਸ਼ਬਦਾਂ ਵਿੱਚ ਕੀਤੀ ਅਪੀਲ ਵਿੱਚ ਆਪਣੇ ਅਤੇ ਹੋਰ ਪ੍ਰਭਾਵਿਤ ਵਸਨੀਕਾਂ ਲਈ ‘ਪੋਸੈਸ਼ਨ ਐਂਡ ਐਕੁਜੀਸ਼ਨ ਲਾਇਸੈਂਸ’ (PAL) ਨੂੰ ਤੇਜ਼ੀ ਨਾਲ ਜਾਰੀ ਕਰਨ ਲਈ ਇੱਕ ਐਮਰਜੈਂਸੀ ਬਿੱਲ ਲਿਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸਥਿਤੀ ਨੂੰ ਇੰਨਾ ਗੰਭੀਰ ਦੱਸਿਆ ਕਿ ਖਤਰਿਆਂ ਦਾ ਟਾਕਰਾ ਕਰਨ ਲਈ ਲੋਕਾਂ ਨੂੰ “ਬੀ.ਸੀ.ਵਿਜੀਲਾਂਟੇ ਕਾਊਬੁਆਏ” (ਖੁਦ ਕਾਨੂੰਨ ਹੱਥ ਵਿੱਚ ਲੈਣ ਵਾਲੇ) ਬਣਨਾ ਪਵੇਗਾ।
ਕੋਸਟ ਮਾਊਂਟੇਨ ਨਿਊਜ਼ ਦੀ ਇੱਕ ਰਿਪੋਰਟ ਵਿੱਚ ਬਾਜਵਾ ਦੇ ਹਵਾਲੇ ਨਾਲ ਕਿਹਾ ਗਿਆ ਕਿ ਉਨ੍ਹਾਂ ਦਾ ਪੱਕਾ ਵਿਸ਼ਵਾਸ ਹੈ ਕਿ ਇਸ ਹਿੰਸਾ ਦਾ ਜਵਾਬ ਦੇਣ ਲਈ ਸਾਨੂੰ ਵਿਜੀਲਾਂਟੇ ਕਾਊਬੁਆਏ ਬਣਨਾ ਪਵੇਗਾ। ਉਨ੍ਹਾਂ ਨੇ ਡਰ ਦੇ ਸਾਏ ਹੇਠ ਰੋਜ਼ਾਨਾ ਜੀਵਨ ਦੀ ਇੱਕ ਭਿਆਨਕ ਤਸਵੀਰ ਪੇਸ਼ ਕਰਦਿਆਂ ਕਿਹਾ ਕਿ ਪਰਿਵਾਰ ਆਪਣੀ ਆਵਾਜਾਈ ਨੂੰ ਸੀਮਤ ਕਰ ਰਹੇ ਹਨ,ਸਮਾਜਿਕ ਸਮਾਗਮਾਂ ਤੋਂ ਬਚ ਰਹੇ ਹਨ ਅਤੇ ਲਗਾਤਾਰ ਚਿੰਤਾ ਵਿੱਚ ਜੀ ਰਹੇ ਹਨ। ਬਾਜਵਾ ਨੇ ਕਿਹਾ ਕਿ ਜੇ ਕੋਈ ਮੈਨੂੰ ਫੋਨ ਕਰਕੇ 5 ਲੱਖ ਡਾਲਰ ਮੰਗਦਾ ਹੈ ਅਤੇ ਇੱਕ ਹਫ਼ਤੇ ਵਿੱਚ ਪੈਸੇ ਨਾ ਦੇਣ ‘ਤੇ ਬੱਚੇ ਨੂੰ ਅਗਵਾ ਕਰਨ ਦੀ ਧਮਕੀ ਦਿੰਦਾ ਹੈ,ਤਾਂ ਮੈਂ ਆਪਣੇ ਬੱਚੇ ਨੂੰ ਕੀ ਕਹਾਂ ਕਿ ਸਕੂਲ ਨਾ ਜਾਵੇ,ਜਾਂ ਆਪਣੀ ਪਤਨੀ ਨੂੰ ਕਹਾਂ ਕਿ ਉਹ ਸਟੋਰ ‘ਤੇ ਨਾ ਜਾਵੇ ਅਤੇ ਗਹਿਣੇ ਨਾ ਪਾਵੇ। ਬਾਜਵਾ ਨੇ ਦੱਸਿਆ ਕਿ ਸਰੀ ਵਿੱਚ 15 ਜਨਵਰੀ,2026 ਤੋਂ ਹੁਣ ਤੱਕ ਫਿਰੌਤੀ ਨਾਲ ਸਬੰਧਤ ਗੋਲੀਬਾਰੀ ਦੀਆਂ ਚਾਰ ਘਟਨਾਵਾਂ ਵਾਪਰ ਚੁੱਕੀਆਂ ਹਨ,ਅਤੇ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਚਾਰ ਹੋਰ ਗੋਲੀਬਾਰੀ ਅਤੇ 34 ਫਿਰੌਤੀ ਦੇ ਮਾਮਲੇ ਦਰਜ ਹੋਏ ਹਨ।
ਉਨ੍ਹਾਂ ਕਿਹਾ ਕਿ ਖਾਸ ਤੌਰ ‘ਤੇ ਸਾਲਾਨਾ ਪੰਜ ਲੱਖ ਡਾਲਰ ਤੋਂ ਵੱਧ ਕਮਾਉਣ ਵਾਲੇ ਕਾਰੋਬਾਰੀ ਸਭ ਤੋਂ ਵੱਧ ਨਿਸ਼ਾਨੇ ‘ਤੇ ਹਨ। ਬਾਜਵਾ ਨੇ ਸਮਝਾਇਆ ਕਿ 500 ਲਾਇਸੈਂਸਾਂ ਦਾ ਅੰਕੜਾ ਜਾਣਬੁੱਝ ਕੇ ਚੁਣਿਆ ਗਿਆ ਹੈ ਕਿਉਂਕਿ ਇਹ ਲੋਅਰ ਮੇਨਲੈਂਡ ਵਿੱਚ ਚੈਂਬਰ ਆਫ ਕਾਮਰਸ ਦੇ ਲਗਭਗ 1,800 ਮੈਂਬਰਾਂ ਦਾ ਚੌਥਾ ਹਿੱਸਾ ਹੈ।
ਉਨ੍ਹਾਂ ਦਲੀਲ ਦਿੱਤੀ ਕਿ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਹਥਿਆਰਬੰਦ ਕਰਨ ਨਾਲ ਭਾਈਚਾਰੇ ਵਿੱਚ ਵਿਸ਼ਵਾਸ ਬਹਾਲ ਹੋਵੇਗਾ,ਜੋ ਪੁਲੀਸ ‘ਤੇ ਭਰੋਸਾ ਹੋਣ ਦੇ ਬਾਵਜੂਦ ਇਸ ਵੇਲੇ ਗਾਇਬ ਹੈ। ਬਾਜਵਾ ਨੇ ਕਿਹਾ ਕਿ ਜੇਕਰ ਮੈਨੂੰ ਧਮਕੀ ਮਿਲਦੀ ਹੈ ਅਤੇ ਮੈਂ ਰਿਪੋਰਟ ਕਰਦਾ ਹਾਂ,ਤਾਂ ਪੁਲੀਸ ਮੇਰੇ ਘਰ ਦੇ ਸਾਹਮਣੇ 24 ਘੰਟੇ ਗੱਡੀ ਖੜ੍ਹੀ ਨਹੀਂ ਕਰ ਸਕਦੀ,ਇਸ ਲਈ ਮੈਂ ਆਪਣੀ ਸੁਰੱਖਿਆ ਲਈ ਖੁਦ ਨੂੰ ਹਥਿਆਰਬੰਦ ਕਰਾਂਗਾ ਕਿਉਂਕਿ ਜਦੋਂ ਗੈਂਗਸਟਰਾਂ ਨੂੰ ਪਤਾ ਲੱਗੇਗਾ ਕਿ ਮੈਂ ਹਥਿਆਰਬੰਦ ਹਾਂ,ਤਾਂ ਉਹ ਮੇਰੇ ਘਰ ਨਹੀਂ ਆਉਣਗੇ।
ਉਨ੍ਹਾਂ ਨੋਟ ਕੀਤਾ ਕਿ ਲਾਇਸੈਂਸ ਲੈਣ ਦੀ ਮੌਜੂਦਾ ਪ੍ਰਕਿਰਿਆ ਬਹੁਤ ਲੰਬੀ ਹੈ,ਜੋ ਅਕਸਰ 45 ਦਿਨਾਂ ਤੋਂ ਲੈ ਕੇ 90-120 ਦਿਨਾਂ ਤੱਕ ਦੀ ਹੈ। ਬਾਜਵਾ ਨੇ ਅਮਰੀਕਾ ਦੇ ਸਵੈ-ਰੱਖਿਆ ਕਾਨੂੰਨਾਂ ਨਾਲ ਤੁਲਨਾ ਕਰਦਿਆਂ ਸਵਾਲ ਕੀਤਾ ਕਿ ਜੇ ਇਹ ਅਮਰੀਕਾ ਵਿੱਚ ਕੰਮ ਕਰ ਸਕਦਾ ਹੈ ਤਾਂ ਬੀ.ਸੀ.ਵਿੱਚ ਕਿਉਂ ਨਹੀਂ?ਹਾਲਾਂਕਿ,ਅਧਿਕਾਰੀਆਂ ਨੇ ਇਸ ਪ੍ਰਸਤਾਵ ਦਾ ਤੁਰੰਤ ਵਿਰੋਧ ਕੀਤਾ।
ਬੀ.ਸੀ.ਦੀ ਜਨਤਕ ਸੁਰੱਖਿਆ ਮੰਤਰੀ ਨੀਨਾ ਕ੍ਰੀਗਰ ਨੇ ਐਕਸ (X) ‘ਤੇ ਕਿਹਾ ਕਿ ਵਿਜੀਲਾਂਟਿਜ਼ਮ (ਖੁਦ ਕਾਨੂੰਨ ਹੱਥ ਵਿੱਚ ਲੈਣਾ) ਕਦੇ ਵੀ ਅਪਰਾਧਾਂ ਦਾ ਹੱਲ ਨਹੀਂ ਹੈ ਅਤੇ ਜੇਕਰ ਲੋਕ ਜਵਾਬੀ ਕਾਰਵਾਈ ਵਿੱਚ ਹਥਿਆਰਾਂ ਦੀ ਵਰਤੋਂ ਕਰਦੇ ਹਨ,ਤਾਂ ਉਨ੍ਹਾਂ ਵਿਰੁੱਧ ਪੁਲੀਸ ਜਾਂਚ ਅਤੇ ਅਪਰਾਧਿਕ ਮਾਮਲੇ ਦਰਜ ਹੋ ਸਕਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਹਥਿਆਰਾਂ ਦਾ ਲਾਇਸੈਂਸ ਫੈਡਰਲ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਅਤੇ ਸਰਕਾਰ ਫਿਰੌਤੀ ਵਿਰੁੱਧ ਪੁਲਿਸ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਲਈ ਵਚਨਬੱਧ ਹੈ।

