ਕੈਨੇਡਾ: ਕਾਰਨੀ ਸਰਕਾਰ ਬਹੁਮਤ ਨੇੜੇ ਪੁੱਜੀ

ਕੈਨੇਡਾ: ਕਾਰਨੀ ਸਰਕਾਰ ਬਹੁਮਤ ਨੇੜੇ ਪੁੱਜੀ

ਵੈਨਕੂਵਰ: ਕੈਨੇਡਾ ਦੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਘੱਟਗਿਣਤੀ ਲਿਬਰਲ ਪਾਰਟੀ ਦੀ ਸਰਕਾਰ ਬਹੁਮਤ ਨੇੜੇ ਢੁੱਕਦੀ ਜਾ ਰਹੀ ਹੈ। ਕੰਜ਼ਰਵੇਟਿਵ ਪਾਰਟੀ ਦੇ ਇੱਕ ਹੋਰ ਸੰਸਦ ਮੈਂਬਰ ਦੇ ਪਾਰਟੀ ਬਦਲਣ ਦੇ ਐਲਾਨ ਨਾਲ 343 ਮੈਂਬਰੀ ਹਾਊਸ ਆਫ ਕਾਮਨ ਵਿੱਚ ਲਿਬਰਲ ਪਾਰਟੀ ਮੈਂਬਰਾਂ ਦੀ ਗਿਣਤੀ 169 ਹੋ ਗਈ ਹੈ। ਬੇਸ਼ੱਕ ਕਾਰਨੀ ਸਰਕਾਰ ਨੂੰ ਸਪੱਸ਼ਟ ਬਹੁਮੱਤ ਲਈ 172 ਮੈਂਬਰਾਂ ਦੀ ਲੋੜ ਹੈ ਪਰ ਲਿਬਰਲਾਂ ਵੱਲੋਂ ਅਪਰੈਲ ਮਹੀਨੇ ਜਿੱਤੀਆਂ ਤਿੰਨ ਸੀਟਾਂ ਖ਼ਾਲੀ ਹੋਣ ਅਤੇ ਉੱਥੇ ਜ਼ਿਮਨੀ ਚੋਣ ’ਚ ਲਿਬਰਲਾਂ ਦੇ ਜਿੱਤਣ ਦੀਆਂ ਕਿਆਸਅਰਾਈਆਂ ਸੱਚ ਹੋਈਆਂ ਤਾਂ ਅਗਲੇ ਮਹੀਨੇ ਲਿਬਰਲ ਸਰਕਾਰ ਸਪੱਸ਼ਟ ਬਹੁਮਤ ਹਾਸਲ ਕਰ ਸਕਦੀ ਹੈ।

ਜ਼ਿਕਰਯੋਗ ਹੈ ਕਿ ਲਿਬਰਲ ਪਾਰਟੀ ’ਚ ਸ਼ਾਮਲ ਹੋਣ ਵਾਲੇ ਤਿੰਨ ਵਿੱਚੋਂ ਦੋ ਸੰਸਦ ਮੈਂਬਰ ਅਲਬਰਟਾ ਸੂਬੇ ’ਚੋਂ ਹਨ। ਟੋਰੀਆਂ ਨੇ ਕਈ ਸਾਲਾਂ ਤੋਂ ਅਲਬਰਟਾ ਵਿੱਚ ਲਿਬਰਲਾਂ ਦੇ ਪੈਰ ਨਹੀਂ ਲੱਗਣ ਦਿੱਤੇ ਪਰ ਇਸ ਟੁੱਟ-ਭੱਜ ਨੇ ਲਿਬਰਲ ਆਗੂਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਹੈ। ਕੰਜ਼ਰਵੇਟਿਵ ਸੰਸਦ ਮੈਂਬਰ ਮੈਟ ਜੈਨਰੌਕਸ ਨੇ ਬਿਆਨ ਜਾਰੀ ਕਰਦਿਆਂ ਕਿਹਾ ‘ਕੈਨੇਡਾ ਨੂੰ ਦਰਪੇਸ਼ ਸਮੱਸਿਆਵਾਂ ਨਾਲ ਸਿੱਝ ਕੇ ਦੇਸ਼ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਮੈਂ ਮਾਰਕ ਕਾਰਨੀ ਸਰਕਾਰ ਨਾਲ ਸਹਿਯੋਗ ਕਰਾਂਗਾ।’’

ਕੰਜ਼ਰਵੇਟਿਵ ਆਗੂ ਪੀਅਰੇ ਪੋਲਿਵਰ ਨੇ ਉਸ ਦੀ ਦਲਬਦਲੀ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਇਸ ਤੋਂ ਪਹਿਲਾਂ ਕਰਿਸ ਐਟਰਮੌਂਟ ਨੇ ਨਵੰਬਰ ਅਤੇ ਮਾਈਕਲ ਮਾ ਨੇ ਦਸੰਬਰ ਵਿੱਚ ਪਾਸਾ ਬਦਲਿਆ ਸੀ। ਤਿੰਨਾਂ ਦੇ ਆਉਣ ਮਗਰੋਂ ਵੀ ਹਾਊਸ ਵਿੱਚ ਲਿਬਰਲ ਪਾਰਟੀ ਮੈਬਰਾਂ ਦੀ ਗਿਣਤੀ 169 ਹੀ ਹੈ, ਜੋ 29 ਅਪਰੈਲ ਨੂੰ ਨਿਕਲੇ ਚੋਣ ਨਤੀਜਿਆਂ ਮੌਕੇ ਸੀ।

ਲਿਬਰਲ ਪਾਰਟੀ ਦੇ ਦੋ ਸੰਸਦ ਮੈਂਬਰ ਬਿਲ ਬਲੇਅਰ ਅਤੇ ਕ੍ਰਿਸਟੀਆ ਫਰੀਲੈਂਡ ਨੂੰ ਵਿਦੇਸ਼ੀ ਨਿਯੁਕਤੀਆਂ ਕਾਰਨ ਮੈਂਬਰੀ ਤੋਂ ਅਸਤੀਫੇ ਦੇਣੇ ਪਏ ਤੇ ਕਿਊਬਕ ਤੋਂ ਇੱਕ ਵੋਟ ਦੇ ਫਰਕ ਨਾਲ ਜਿੱਤਣ ਵਾਲੇ ਲਿਬਰਲ ਉਮੀਦਵਾਰ ਦੀ ਚੋਣ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ ਸੀ। ਅਗਲੇ ਮਹੀਨੇ ਇਨ੍ਹਾਂ ਤਿੰਨਾਂ ਸੀਟਾਂ ’ਤੇ ਹੋਣ ਵਾਲੀ ਜ਼ਿਮਨੀ ਚੋਣ ਵਿੱਚ ਤਿੰਨੇ ਸੀਟਾਂ ਲਿਬਰਲਾਂ ਦੀ ਝੋਲੀ ਪੈਣ ਦੀਆਂ ਕਿਆਸਅਰਾਈਆਂ ਹਨ। ਕੰਜ਼ਰਵੇਟਿਵ ਪਾਰਟੀ ਕੋਲ ਇਸ ਵੇਲੇ 141 ਸੀਟਾਂ ਹਨ, ਕਿਊਬਕਵਾ ਕੋਲ 22, ਐੱਨ ਡੀ ਪੀ ਕੋਲ 7 ਤੇ ਇੱਕ ਸੀਟ ਗਰੀਨ ਪਾਰਟੀ ਕੋਲ ਹੈ।

Share: