ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈ ‘ਬਾਰਡਰ 2’ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਪਰ ਲੌਂਗੇਵਾਲਾ ਦੀ ਇਤਿਹਾਸਕ ਜੰਗ ‘ਤੇ ਅਧਾਰਿਤ 1997 ਦੀ ਫਿਲਮ ‘ਬਾਰਡਰ’ ਨਾਲ ਜੁੜਿਆ ਵਿਵਾਦ ਅਜੇ ਵੀ ਖਤਮ ਨਹੀਂ ਹੋ ਰਿਹਾ। 1971 ਦੀ ਭਾਰਤ-ਪਾਕਿਸਤਾਨ ਜੰਗ ਲੜਨ ਵਾਲੇ ਦੋ ਸਾਬਕਾ ਫੌਜੀਆਂ ਦਾ ਕਹਿਣਾ ਹੈ ਕਿ ਫਿਲਮ ਵਿੱਚ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਸ਼ਹੀਦ ਵਜੋਂ ਪੇਸ਼ ਕੀਤਾ ਗਿਆ ਹੈ।
ਉਨ੍ਹਾਂ ਨੇ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਫਿਲਮ ਵਿੱਚ ਮੌਜੂਦ “ਤੱਥਾਂ ਦੀਆਂ ਗਲਤੀਆਂ” ਵੱਲ ਧਿਆਨ ਦਿਵਾਇਆ ਹੈ ਅਤੇ ਆਪਣੀ ਬਹਾਦਰੀ ਲਈ ਬਣਦੀ ਮਾਨਤਾ ਦੀ ਮੰਗ ਕੀਤੀ ਹੈ। ਮੰਗਲਵਾਰ ਨੂੰ ‘ਟ੍ਰਿਬਿਊਨ ਸਮੂਹ’ ਦੇ ਦਫ਼ਤਰ ਪਹੁੰਚੇ ਲੌਂਗੇਵਾਲਾ ਦੀ ਜੰਗ ਲੜਨ ਵਾਲੇ ਫਿਰੋਜ਼ਪੁਰ ਦੇ ਵਸਨੀਕ ਨਾਇਕ ਜਗਦੇਵ ਸਿੰਘ ਨੇ ਕਿਹਾ, “ਫਿਲਮ ਵਿੱਚ ਸਾਨੂੰ ਸਾਰਿਆਂ ਨੂੰ ਸ਼ਹੀਦ ਹੁੰਦੇ ਦਿਖਾਇਆ ਗਿਆ ਸੀ, ਜਦਕਿ ਅਸਲੀਅਤ ਵੱਖਰੀ ਹੈ।”
ਉਨ੍ਹਾਂ ਸ਼ਿਕਾਇਤ ਕੀਤੀ ਕਿ ਗਣਤੰਤਰ ਦਿਵਸ ‘ਤੇ ਬਹਾਦਰੀ ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਪਰ ਕਿਸੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਜਿਨ੍ਹਾਂ ਨੂੰ ਫਿਲਮ ਵਿੱਚ ਸ਼ਹੀਦ ਦਿਖਾਇਆ ਗਿਆ ਸੀ। ਜਗਦੇਵ 1971 ਵਿੱਚ 19 ਸਾਲ ਦੀ ਉਮਰ ਵਿੱਚ ਫੌਜ ਵਿੱਚ ਭਰਤੀ ਹੋਏ ਸਨ ਅਤੇ ਸਿਰਫ ਸਾਢੇ ਚਾਰ ਮਹੀਨਿਆਂ ਦੀ ਮੁੱਢਲੀ ਸਿਖਲਾਈ ਤੋਂ ਬਾਅਦ ਜੰਗ ਵਿੱਚ ਗਏ ਸਨ। ਹੁਣ 74 ਸਾਲ ਦੀ ਉਮਰ ਵਿੱਚ ਉਹ ਕਹਿੰਦੇ ਹਨ ਕਿ ਲੋਕ ਅਕਸਰ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ ਕਿ ਉਹ “ਮਰ ਚੁੱਕੇ ਅਤੇ ਭੁਲਾਏ ਜਾ ਚੁੱਕੇ” ਹਨ।
ਕੁਰਾਲੀ ਦੇ 81 ਸਾਲਾ ਹੌਲਦਾਰ ਮੁਖਤਿਆਰ ਸਿੰਘ, ਜੋ ਉਸ ਸਮੇਂ 26 ਸਾਲ ਦੇ ਸਨ, ਨੇ ਦੱਸਿਆ ਕਿ ਲੌਂਗੇਵਾਲਾ ਪੋਸਟ ‘ਤੇ ਤਾਇਨਾਤ 100 ਤੋਂ ਵੀ ਘੱਟ ਸੈਨਿਕਾਂ ਨੇ ਦੁਸ਼ਮਣ ਦੇ ਭਾਰੀ ਹਮਲੇ ਨੂੰ ਰੋਕਿਆ ਸੀ ਅਤੇ ਉਸ ਸਮੇਂ ਸਿਰਫ ਤਿੰਨ ਜਵਾਨ ਸ਼ਹੀਦ ਹੋਏ ਸਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਨਾਲ ਜ਼ਮੀਨ ਦੇਣ ਦਾ ਵਾਅਦਾ ਕੀਤਾ ਸੀ ਜੋ ਅੱਜ ਤੱਕ ਵਫ਼ਾ ਨਹੀਂ ਹੋਇਆ। ਦੋਵਾਂ ਬਜ਼ੁਰਗ ਫੌਜੀਆਂ ਨੇ ‘ਬਾਰਡਰ 2’ ਨਹੀਂ ਦੇਖੀ ਕਿਉਂਕਿ ਉਹ ਘੱਟ ਖੋਜ ਅਤੇ ਤੱਥਾਂ ਦੀ ਅਣਦੇਖੀ ਨਾਲ ਬਣੀਆਂ ਜੰਗੀ ਫਿਲਮਾਂ ਤੋਂ ਨਿਰਾਸ਼ ਹਨ।
ਦੂਜੇ ਪਾਸੇ, ਕੁੱਝ ਹੋਰ ਸਾਬਕਾ ਫੌਜੀਆਂ ਦਾ ਮੰਨਣਾ ਹੈ ਕਿ ਵਪਾਰਕ ਫਿਲਮਾਂ ਵਿੱਚ ਡਰਾਮੇ ਲਈ ਕੁਝ ਗਲਤੀਆਂ ਹੋ ਜਾਂਦੀਆਂ ਹਨ। ਲੌਂਗੇਵਾਲਾ ਦੀ ਜੰਗ 5-6 ਦਸੰਬਰ 1971 ਨੂੰ ਜੈਸਲਮੇਰ ਸੈਕਟਰ ਵਿੱਚ ਲੜੀ ਗਈ ਸੀ, ਜਿੱਥੇ ਇੱਕ ਪੈਦਲ ਸੈਨਾ ਦੀ ਕੰਪਨੀ ਨੇ ਪਾਕਿਸਤਾਨ ਦੀ 2,800 ਸੈਨਿਕਾਂ ਵਾਲੀ ਬ੍ਰਿਗੇਡ ਅਤੇ 65 ਟੈਂਕਾਂ ਦਾ ਮੁਕਾਬਲਾ ਕੀਤਾ ਸੀ।
ਮਰਹੂਮ ਬ੍ਰਿਗੇਡੀਅਰ ਕੇ.ਐੱਸ. ਚਾਂਦਪੁਰੀ, ਜਿਨ੍ਹਾਂ ਨੂੰ ਮਹਾਂਵੀਰ ਚੱਕਰ ਮਿਲਿਆ ਸੀ, ਨੇ ਦੱਸਿਆ ਸੀ ਕਿ ਉਨ੍ਹਾਂ ਕੋਲ ਪਿੱਛੇ ਹਟਣ ਦਾ ਵਿਕਲਪ ਸੀ ਪਰ ਉਨ੍ਹਾਂ ਨੇ ਮੋਰਚਾ ਸੰਭਾਲੀ ਰੱਖਿਆ ਅਤੇ ਹਵਾਈ ਸੈਨਾ ਦੀ ਮਦਦ ਮਿਲਣ ਤੱਕ ਦੁਸ਼ਮਣ ਨੂੰ ਰੋਕ ਕੇ ਰੱਖਿਆ, ਜਿਸ ਦੌਰਾਨ ਪਾਕਿਸਤਾਨ ਦੇ 22 ਟੈਂਕ ਤਬਾਹ ਹੋ ਗਏ ਸਨ।

