ਚੰਡੀਗਡ਼੍ਹ: ਹਰਿਆਣਾ ਦੀ ਵਿਜੀਲੈਂਸ ਤੇ ਭ੍ਰਿਸ਼ਟਾਚਾਰ-ਵਿਰੋਧੀ ਬਿਊਰੋ ਨੇ ਆਈ ਡੀ ਐਫ ਸੀ ਫਸਟ ਬੈਂਕ ਧੋਖਾਧੜੀ ਮਾਮਲੇ ’ਚ ਮੁੱਖ ਸਾਜ਼ਿਸ਼ਕਾਰ ਸਣੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਚਾਰ ਮੁਲਜ਼ਮਾਂ ਵਿਚੋਂ ਦੋ ਆਈ ਡੀ ਐਫ ਸੀ ਫਸਟ ਬੈਂਕ ਦੇ ਸਾਬਕਾ ਕਰਮਚਾਰੀ ਹਨ, ਬਾਕੀ ਦੋ ਬਾਹਰੀ ਵਿਅਕਤੀ ਹਨ ਜਿਹੜੇ ਹਿੱਸੇਦਾਰੀ ਵਿਚ ਪ੍ਰਾਈਵੇਟ ਫਰਮ ਚਲਾ ਰਹੇ ਸਨ। ਇਸ ਫਰਮ ਨੂੰ ਹੀ ਪੈਸਿਆਂ ਦਾ ਵੱਡਾ ਹਿੱਸਾ ਮਿਲਿਆ। ਪ੍ਰਾਈਵੇਟ ਫਰਮ ਦੇ ਮਾਲਕਾਂ ’ਚ ਬੈਂਕ ਦੇ ਸਾਬਕਾ ਮੁਲਾਜ਼ਮ ਦੀ ਪਤਨੀ ਵੀ ਸ਼ਾਮਲ ਹੈ। ਦੋ ਗ੍ਰਿਫ਼ਤਾਰੀਆਂ ਮੰਗਲਵਾਰ ਸ਼ਾਮ ਨੂੰ ਹੋਈਆਂ ਹਨ। ਪੰਚਕੂਲਾ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਜੀਲੈਂਸ ਤੇ ਭ੍ਰਿਸ਼ਟਾਚਾਰ-ਵਿਰੋਧੀ ਬਿਊਰੋ (ਏ ਸੀ ਬੀ) ਦੇ ਡਾਇਰੈਕਟਰ ਜਨਰਲ ਏ ਐੱਸ ਚਾਵਲਾ ਨੇ ਕਿਹਾ ਕਿ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਰਿਭਵ ਰਿਸ਼ੀ, ਅਭੈ ਕੁਮਾਰ, ਸਵਾਤੀ ਸਿੰਗਲਾ ਤੇ ਅਭਿਸ਼ੇਕ ਸਿੰਗਲਾ ਵਜੋਂ ਹੋਈ ਹੈ। ਰਿਸ਼ੀ ਤੇ ਅਭੈ ਆਈ ਡੀ ਐਫ ਸੀ ਫਸਟ ਬੈਂਕ ਦੇ ਸਾਬਕਾ ਕਰਮਚਾਰੀ ਹਨ; ਸਵਾਤੀ ਤੇ ਅਭਿਸ਼ੇਕ ਭਰਾ-ਭੈਣ ਹਨ ਜੋ ‘ਸਵਾਸਤਿਕ ਦੇਸ਼ ਪ੍ਰਾਜੈਕਟ’ ਫਰਮ ਚਲਾਉਂਦੇ ਸਨ। ਜਾਂਚਕਾਰਾਂ ਮੁਤਾਬਕ ਰਿਸ਼ੀ ਛੇ ਮਹੀਨੇ ਪਹਿਲਾਂ ਤੱਕ ਬੈਂਕ ਦੀ ਸੈਕਟਰ-32 ਸ਼ਾਖਾ ਦਾ ਮੈਨੇਜਰ ਸੀ ਤੇ ਇਸ ਤੋਂ ਬਾਅਦ ਉਸ ਨੇ ਨੌਕਰੀ ਛੱਡ ਦਿੱਤੀ ਸੀ। ਅਭੈ ਰਿਲੇਸ਼ਨਸ਼ਿਪ ਮੈਨੇਜਰ ਸੀ ਤੇ ਉਸ ਨੇ ਪਿਛਲੇ ਸਾਲ ਅਗਸਤ ਵਿਚ ਨੌਕਰੀ ਛੱਡ ਦਿੱਤੀ ਸੀ। ਦੋਵਾਂ ਨੂੰ ਧੋਖਾਧੜੀ ਦੇ ਮੁੱਖ ਸਾਜ਼ਿਸ਼ਕਰਤਾ ਦੱਸਿਆ ਗਿਆ ਹੈ। ਸਵਾਤੀ ਸਿੰਗਲਾ ਅਭੈ ਕੁਮਾਰ ਦੀ ਪਤਨੀ ਹੈ। ਕਰੀਬ 300 ਕਰੋੜ ਰੁਪਏ ਸਵਾਸਤਿਕ ਦੇਸ਼ ਪ੍ਰਾਜੈਕਟ ਦੇ ਖਾਤਿਆਂ ਵਿਚ ਪਾਏ ਗਏ ਸਨ ਤੇ ਮਗਰੋਂ ਪੈਸੇ ਕਿਤੇ ਹੋਰ ਤਬਦੀਲ ਕਰ ਦਿੱਤੇ ਗਏ।
Posted inChandigarh
