ਢਾਕਾ: ਤਾਰਿਕ ਰਹਿਮਾਨ ਦੀ ਅਗਵਾਈ ਵਾਲੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ ਐੱਨ ਪੀ) ਨੇ ਸੰਸਦੀ ਚੋਣਾਂ ਵਿੱਚ ਵੱਡੀ ਜਿੱਤ ਦਰਜ ਕੀਤੀ ਹੈ। ਪਾਰਟੀ ਦੀ ਦੋ ਦਹਾਕਿਆਂ ਮਗਰੋਂ ਸੱਤਾ ’ਚ ਵਾਪਸੀ ਹੋਈ ਹੈ। ਚੋਣ ਕਮਿਸ਼ਨ ਵੱਲੋਂ ਐਲਾਨੇ ਅਣਅਧਿਕਾਰਤ ਨਤੀਜਿਆਂ ਮੁਤਾਬਕ ਬੀ ਐੱਨ ਪੀ ਨੂੰ 297 ਵਿੱਚੋਂ 209 ਸੀਟਾਂ ਮਿਲੀਆਂ ਹਨ ਅਤੇ ਪਾਕਿਸਤਾਨ ਦੇ ਨੇੜੇ ਦੱਸੀ ਜਾਂਦੀ ਸੱਜੇ ਪੱਖੀ ਜਮਾਤ-ਏ-ਇਸਲਾਮੀ ਦੀ ਝੋਲੀ 68 ਸੀਟਾਂ ਪਈਆਂ ਹਨ। ਵੀਰਵਾਰ ਨੂੰ ਹੋਈ ਪੋਲਿੰਗ ਦੌਰਾਨ 59.44 ਫੀਸਦ ਵੋਟਾਂ ਪਈਆਂ ਸਨ। ਚੋਣ ਕਮਿਸ਼ਨ ਨੇ ਦੋ ਸੀਟਾਂ- ਚੱਟੋਗ੍ਰਾਮ 2 ਤੇ ਚੱਟੋਗ੍ਰਾਮ 4 ਦੇ ਨਤੀਜੇ ਮੁਲਤਵੀ ਕੀਤੇ ਹਨ। ਇਕ ਸੀਟ ਉੱਤੇ ਉਮੀਦਵਾਰ ਦੀ ਮੌਤ ਕਰ ਕੇ ਚੋਣ ਮੁਲਤਵੀ ਕਰਨੀ ਪਈ ਸੀ। ਇਸ ਦੌਰਾਨ ਜਮਾਤ-ਏ-ਇਸਲਾਮੀ ਨੇ ਚੋਣ ਨਤੀਜਿਆਂ ’ਚ ‘ਬੇਲੋੜੀ ਦੇਰੀ’ ਅਤੇ ਨਤੀਜਿਆਂ ਨਾਲ ਛੇੜਛਾੜ ਦੇ ਦੋਸ਼ ਲਗਾਏ ਹਨ।
ਚੋਣ ਕਮਿਸ਼ਨ ਨੇ ਭਾਵੇਂ ਰਸਮੀ ਐਲਾਨ ਨਹੀਂ ਕੀਤਾ, ਪਰ ਚੋਣ ਨਤੀਜਿਆਂ ਤੋਂ ਸਾਫ਼ ਹੈ ਕਿ ਤਾਰਿਕ ਰਹਿਮਾਨ ਬੰਗਲਾਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ। ਉਹ ਨੋਬੇਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਦੀ ਥਾਂ ਲੈਣਗੇ। ਉਹ ਪਿਛਲੇ 35 ਸਾਲਾਂ ਵਿੱਚ ਬੰਗਲਾਦੇਸ਼ ਦੇ ਪਹਿਲੇ ਪੁਰਸ਼ ਪ੍ਰਧਾਨ ਮੰਤਰੀ ਹੋਣਗੇ। ਅਮਰੀਕਾ, ਚੀਨ ਅਤੇ ਪਾਕਿਸਤਾਨ ਸਣੇ ਹੋਰਨਾਂ ਮੁਲਕਾਂ ਦੇ ਆਗੂਆਂ ਨੇ ਤਾਰਿਕ ਰਹਿਮਾਨ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਐਤਕੀਂ ਚੋਣ ਮੈਦਾਨ ਵਿੱਚ ਨਹੀਂ ਸੀ, ਕਿਉਂਕਿ ਉਸ ਨੂੰ ਚੋਣਾਂ ਲੜਨ ਤੋਂ ਰੋਕ ਦਿੱਤਾ ਗਿਆ ਸੀ। ਦੇਸ਼ਿਵਆਪੀ ਪ੍ਰਦਰਸ਼ਨਾਂ ਦੌਰਾਨ ਸ਼ੇਖ ਹਸੀਨਾ ਨੂੰ ਅਗਸਤ 2024 ਵਿੱਚ ਸੱਤਾ ’ਚੋਂ ਲਾਂਭੇ ਕੀਤੇ ਜਾਣ ਮਗਰੋਂ ਬੰਗਲਾਦੇਸ਼ ਵਿਚ ਇਹ ਪਹਿਲੀਆਂ ਚੋਣਾਂ ਸਨ। ਬੰਗਲਾਦੇਸ਼ ਦੇ ਲੋਕਾਂ ਨੇ ਵੀਰਵਾਰ ਨੂੰ ਸੰਸਦੀ ਚੋਣਾਂ ਦੇ ਨਾਲ 84 ਨੁਕਾਤੀ ਸੁਧਾਰ ਪੈਕੇਜ ’ਤੇ ਰਾਇਸ਼ੁਮਾਰੀ ਲਈ ਵੀ ਵੋਟਾਂ ਪਾਈਆਂ ਸਨ। ਸੰਸਦੀ ਚੋਣਾਂ ਨੂੰ ਬੀ ਐੱਨ ਪੀ ਅਤੇ ਇਸ ਦੇ ਸਾਬਕਾ ਭਾਈਵਾਲ ਜਮਾਤ-ਏ-ਇਸਲਾਮੀ ਦਰਮਿਆਨ ਸਿੱਧੇ ਮੁਕਾਬਲੇ ਵਜੋਂ ਦੇਖਿਆ ਜਾ ਰਿਹਾ ਸੀ। ਬੀ ਐੱਨ ਪੀ ਇਸ ਤੋਂ ਪਹਿਲਾਂ 2001 ਤੇ 2006 ਦਰਮਿਆਨ ਸੱਤਾ ਵਿੱਚ ਸੀ ਅਤੇ ਉਦੋਂ ਜਮਾਤ ਉਸ ਦੀ ਅਹਿਮ ਭਾਈਵਾਲ ਸੀ। ਇਸ ਦੌਰਾਨ ਜਮਾਤ ਨੇ ਚੋਣ ਨਤੀਜਿਆਂ ਵਿਚ ‘ਅਸਾਧਾਰਨ ਦੇਰੀ’ ਅਤੇ ‘ਨਤੀਜਿਆਂ ਨਾਲ ਛੇੜਛਾੜ’ ਦੇ ਦੋਸ਼ ਲਗਾਉਂਦਿਆਂ ਚਿਤਾਵਨੀ ਦਿੱਤੀ ਹੈ ਕਿ ਜੇ ਜਨਤਕ ਫ਼ਤਵਾ ‘ਖੋਹਣ ਦੀ ਕੋਸ਼ਿਸ਼’ ਕੀਤੀ ਗਈ ਤਾਂ ਉਹ ਸਖ਼ਤ ਅੰਦੋਲਨ ਸ਼ੁਰੂ ਕਰੇਗਾ। ਚੋਣ ਕਮਿਸ਼ਨ ਨੇ ਇਹ ਦੋਸ਼ ਖਾਰਜ ਕਰ ਦਿੱਤੇ ਹਨ।
