ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਕੈਬਨਿਟ ਨੇ ਕੇਰਲਾ ਸੂਬੇ ਦਾ ਨਾਮ ਬਦਲ ਕੇ ਕੇਰਲਮ ਰੱਖਣ ਸਬੰਧੀ ਕੇਰਲਾ ਸਰਕਾਰ ਦੀ ਤਜਵੀਜ਼ ਮਨਜ਼ੂਰ ਕਰ ਲਈ ਹੈ। ਕੇਂਦਰੀ ਵਜ਼ਾਰਤ ਦੀ ਮੋਹਰ ਮਗਰੋਂ ਭਾਰਤ ਦੇ ਰਾਸ਼ਟਰਪਤੀ ਵੱਲੋਂ ਕੇਰਲਾ (ਨਾਮ ਤਬਦੀਲੀ) ਬਿੱਲ-2026, ਕੇਰਲਾ ਦੀ ਸੂਬਾਈ ਅਸੈਂਬਲੀ ਨੂੰ ਭੇਜਿਆ ਜਾਵੇਗਾ। ਅਸੈਂਬਲੀ ਭਾਰਤ ਦੇ ਸੰਵਿਧਾਨ ਦੀ ਧਾਰਾ 3 ਵਿਚਲੀਆਂ ਵਿਵਸਥਾਵਾਂ ਤਹਿਤ ਆਪਣੇ ਵਿਚਾਰ ਰੱਖੇਗੀ। ਕੇਰਲਾ ਅਸੈਂਬਲੀ ਨੇ ਨਾਮ ਤਬਦੀਲੀ ਸਬੰਧੀ ਮਤਾ 24 ਜੂਨ 2024 ਨੂੰ ਪਾਸ ਕੀਤਾ ਸੀ। ਕੇਂਦਰੀ ਕੈਬਨਿਟ ਦਾ ਇਹ ਫ਼ੈਸਲਾ ਕੇਰਲ ਵਿੱਚ ਅਗਾਮੀ ਅਸੈਂਬਲੀ ਚੋਣਾਂ ਤੋਂ ਪਹਿਲਾਂ ਆਇਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਜ਼ਾਰਤੀ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਰਾਜ ਦੇ ਲੋਕਾਂ ਦੀ ਇੱਛਾ ਨੂੰ ਦਰਸਾਉਂਦਾ ਹੈ। ਉਨ੍ਹਾਂ ਐਕਸ ’ਤੇ ਪਾਈ ਪੋਸਟ ਵਿੱਚ ਕਿਹਾ, ‘‘ਇਹ ਸਾਡੇ ਸ਼ਾਨਦਾਰ ਸੱਭਿਆਚਾਰ ਨਾਲ ਸਾਂਝ ਨੂੰ ਮਜ਼ਬੂਤ ਕਰਨ ਦੀਆਂ ਸਾਡੀਆਂ ਕੋਸ਼ਿਸ਼ਾਂ ਮੁਤਾਬਕ ਹੈ।’’ ਕੇਰਲਾ ਵਿੱਚ ਅਸੈਂਬਲੀ ਚੋਣਾਂ ਅਪਰੈਲ ਵਿੱਚ ਹਨ ਅਤੇ 140 ਮੈਂਬਰੀ ਮੌਜੂਦਾ ਅਸੈਂਬਲੀ ਦੀ ਮਿਆਦ 23 ਮਈ ਨੂੰ ਖ਼ਤਮ ਹੋ ਰਹੀ ਹੈ। ਉਧਰ, ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਸ ਫ਼ੈਸਲੇ ਦਾ ਅਗਾਮੀ ਅਸੈਂਬਲੀ ਚੋਣਾਂ ਨਾਲ ਕੋਈ ਲਾਗਾ ਦੇਗਾ ਨਹੀਂ। ਇਸ ਦੇ ਨਾਲ ਹੀ ਆਰਥਿਕ ਮਾਮਲਿਆਂ ਬਾਰੇ ਕੇਂਦਰੀ ਕੈਬਨਿਟ ਕਮੇਟੀ (ਸੀ ਸੀ ਈ ਏ) ਨੇ 9,072 ਕਰੋੜ ਦੀ ਲਾਗਤ ਵਾਲੇ ਤਿੰਨ ਰੇਲਵੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਕਿਹਾ ਕਿ ਇਹ ਤਿੰਨ ਪ੍ਰਾਜੈਕਟ ਮਹਾਰਾਸ਼ਟਰ, ਮੱਧ ਪ੍ਰਦੇਸ਼, ਬਿਹਾਰ ਤੇ ਝਾਰਖੰਡ ਦੇ ਅੱਠ ਜ਼ਿਲ੍ਹਿਆਂ ਨੂੰ ਕਵਰ ਕਰਨਗੇ ਤੇ ਇਸ ਨਾਲ ਭਾਰਤੀ ਰੇਲਵੇ ਦਾ ਮੌਜੂਦਾ ਨੈੱਟਵਰਕ 307 ਕਿਲੋਮੀਟਰ ਦੇ ਕਰੀਬ ਵਧ ਜਾਵੇਗਾ।
ਕੈਬਨਿਟ ਨੇ ਮਾਰਕੀਟਿੰਗ ਸੀਜ਼ਨ 2026-27 ਲਈ ਕੱਚੇ ਪਟਸਨ (ਸਣ) ਲਈ 5925 ਰੁਪਏ ਪ੍ਰਤੀ ਕੁਇੰਟਲ ਦੀ ਐੱਮ ਐੱਸ ਪੀ ਮਨਜ਼ੂਰ ਕਰ ਲਈ ਹੈ। ਪਿਛਲੇ ਸੀਜ਼ਨ ਨਾਲੋਂ ਭਾਅ ਵਿੱਚ 275 ਰੁਪਏ ਦਾ ਇਜ਼ਾਫਾ ਕੀਤਾ ਗਿਆ ਹੈ।
ਕੇਂਦਰੀ ਵਜ਼ਾਰਤ ਨੇ ਇਕ ਹੋਰ ਫ਼ੈਸਲੇ ਵਿੱਚ ਸ੍ਰੀਨਗਰ ਕੌਮਾਂਤਰੀ ਹਵਾਈ ਅੱਡੇ ਉੱਤੇ ਸਿਵਲ ਐਨਕਲੇਵ ਦੇ ਵਿਸਤਾਰ ਨੂੰ ਵੀ ਹਰੀ ਝੰਡੀ ਦੇ ਦਿੱਤੀ। ਅਧਿਕਾਰਤ ਰਿਲੀਜ਼ ਮੁਤਾਬਕ 1677 ਕਰੋੜ ਦੀ ਅਨੁਮਾਨਿਤ ਲਾਗਤ ਵਾਲਾ ਪ੍ਰਾਜੈਕਟ ਕਸ਼ਮੀਰ ਵਾਦੀ ਵਿੱਚ ਹਵਾਬਾਜ਼ੀ ਬੁਨਿਆਦੀ ਢਾਂਚੇ ਤੇ ਕੁਨੈਕਟੀਵਿਟੀ ਵਿੱਚ ਅਹਿਮ ਮੀਲਪੱਥਰ ਹੋਵੇਗਾ। ਕੈਬਨਿਟ ਨੇ ਗੁਜਰਾਤ ਮੈਟਰੋ ਦੇ ਮੌਜੂਦਾ ਉੱਤਰੀ-ਦੱਖਣੀ ਕੌਰੀਡੋਰ ਦੀ ਗਿਫਟ ਸਿਟੀ ਤੋਂ ਸ਼ਾਹਪੁਰ ਤੱਕ 3.33 ਕਿਲੋਮੀਟਰ ਦੇ ਵਾਧੇ ਨੂੰ ਵੀ ਮਨਜ਼ੂਰ ਕਰ ਲਿਆ। ਕੈਬਨਿਟ ਨੇ ਸਰਕਾਰੀ ਮਾਲਕੀ ਵਾਲੀ ਐਂਟਰਪ੍ਰਾਈਜ਼ ਪਾਵਰਗਰਿੱਡ ਵਿੱਚ ਇਕੁਇਟੀ ਨਿਵੇਸ਼ ਪ੍ਰਤੀ ਸਬਸਿਡਰੀ 5000 ਕਰੋੜ ਤੋਂ ਵਧਾ ਕੇ 7000 ਕਰੋੜ ਰੁਪਏ ਕਰਨ ਦੀ ਖੁੱਲ੍ਹ ਦੇ ਦਿੱਤੀ।
ਤੀਰਥ ਸੇਵਾ ਤੋਂ ਕੀਤਾ ਹਰ ਫ਼ੈਸਲਾ ‘ਨਾਗਰਿਕ ਦੇਵੋ ਭਵ’ ਤੋਂ ਪ੍ਰੇਰਿਤ
ਕੇਂਦਰੀ ਕੈਬਨਿਟ ਨੇ ਨਵੇਂ ਪੀ ਐੱਮ ਓ ਕੰਪਲੈਕਸ ‘ਸੇਵਾ ਤੀਰਥ’ ਵਿੱਚ ਆਪਣੀ ਪਲੇਠੀ ਬੈਠਕ ਦੌਰਾਨ ਅਹਿਦ ਲਿਆ ਕਿ ਇਸ ਅਹਾਤੇ ਵਿੱਚ ਕੀਤਾ ਗਿਆ ਹਰ ਫ਼ੈਸਲਾ ‘ਨਾਗਰਿਕ ਦੇਵੋ ਭਵ’ ਦੀ ਭਾਵਨਾ ਤੋਂ ਪ੍ਰੇਰਿਤ ਹੋਵੇਗਾ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਹ ਤਾਕਤ ਦੇ ਮੁਜ਼ਾਹਰੇ ਦਾ ਨਹੀਂ ਬਲਕਿ ਹਰੇਕ ਭਾਰਤੀ ਦੇ ਸ਼ਕਤੀਕਰਨ ਦਾ ਕੇਂਦਰ ਹੋਵੇਗਾ। ਸੇਵਾ ਤੀਰਥ ਤੋਂ ਕੀਤੀ ਜਾਣ ਵਾਲੀ ਸ਼ਾਸਨ ਦੀ ਹਰੇਕ ਕੋਸ਼ਿਸ਼ ਦੇਸ਼ ਦੇ ਆਖ਼ਰੀ ਵਿਅਕਤੀ ਦੇ ਜੀਵਨ ਨੂੰ ਸੌਖਾ ਬਣਾਉਣ ਦੀ ਭਾਵਨਾ ਨਾਲ ਜੁੜੇ ਰਹੇਗੀ। ਸੇਵਾ ਤੀਰਥ ਦਾ ਕੰਮ ਸੱਭਿਆਚਾਰ ਸੰਵਿਧਾਨ ਦੇ ਮੂਲ ਸਿਧਾਂਤਾਂ ਦੀ ਭਾਵਨਾ ਤੋਂ ਸੇਧਿਤ ਅਤੇ ਹਰ ਫ਼ੈਸਲਾ ਲੋਕਾਂ ਦੀਆਂ ਇੱਛਾਵਾਂ ਪ੍ਰਤੀ ਜਵਾਬਦੇਹ ਹੋਵੇਗਾ।

