ਫਰਾਂਸ ਤੋਂ 114 ਰਾਫੇਲ ਜਹਾਜ਼ਾਂ ਦੀ ਖ਼ਰੀਦ ਨੂੰ ਮਨਜ਼ੂਰੀ

ਫਰਾਂਸ ਤੋਂ 114 ਰਾਫੇਲ ਜਹਾਜ਼ਾਂ ਦੀ ਖ਼ਰੀਦ ਨੂੰ ਮਨਜ਼ੂਰੀ

ਨਵੀਂ ਦਿੱਲੀ: ਰੱਖਿਆ ਖੇਤਰ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਕਦਮ ਵਜੋਂ ਭਾਰਤ ਨੇ ਅੱਜ ਫਰਾਂਸ ਨਾਲ ਸਰਕਾਰੀ ਪੱਧਰ ’ਤੇ 114 ਰਾਫੇਲ ਜੰਗੀ ਜਹਾਜ਼ਾਂ ਦੀ ਖਰੀਦ ਦੀ ਲੰਮੇ ਸਮੇਂ ਤੋਂ ਲਟਕ ਰਹੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਯੋਜਨਾ ਭਾਰਤੀ ਹਵਾਈ ਸੈਨਾ ਦੀ ਜੰਗੀ ਸਮਰੱਥਾ ਨੂੰ ਵਧਾਉਣ ਲਈ ਲਗਪਗ ਦੋ ਦਹਾਕੇ ਪਹਿਲਾਂ ਉਲੀਕੀ ਗਈ ਸੀ।

ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਰੱਖਿਆ ਪ੍ਰਾਪਤੀ ਕੌਂਸਲ (ਡੀ ਏ ਸੀ) ਦੀ ਮੀਟਿੰਗ ਵਿੱਚ ਕੁੱਲ 3.60 ਲੱਖ ਕਰੋੜ ਰੁਪਏ ਦੇ ਫੌਜੀ ਸਾਜ਼ੋ-ਸਾਮਾਨ ਦੀ ਖਰੀਦ ਨੂੰ ਹਰੀ ਝੰਡੀ ਦਿੱਤੀ ਗਈ। ਇਸ ਵਿੱਚ ਭਾਰਤੀ ਜਲ ਸੈਨਾ ਲਈ ਅਮਰੀਕਾ ਵਿੱਚ ਬਣੇ ਛੇ ਵਾਧੂ ਬੋਇੰਗ ਪੀ 8-1 ਨਿਗਰਾਨੀ ਜਹਾਜ਼ ਵੀ ਸ਼ਾਮਲ ਹਨ। ਮਲਟੀ-ਰੋਲ ਫਾਈਟਰ ਏਅਰਕ੍ਰਾਫਟ (ਐੱਮ ਆਰ ਐੱਫ ਏ) ਪ੍ਰਾਜੈਕਟ ਤਹਿਤ 18 ਜਹਾਜ਼ ਫਰਾਂਸੀਸੀ ਕੰਪਨੀ ਦਾਸੋ ਐਵੀਏਸ਼ਨ ਵੱਲੋਂ ਸਿੱਧੇ ਤਿਆਰ ਹਾਲਤ ਵਿੱਚ ਸਪਲਾਈ ਕੀਤੇ ਜਾਣਗੇ। ਬਾਕੀ ਜਹਾਜ਼ ਭਾਰਤ ਵਿੱਚ ਹੀ ਬਣਾਏ ਜਾਣਗੇ ਜਿਨ੍ਹਾਂ ਵਿੱਚ ਪੜਾਅਵਾਰ 50 ਫੀਸਦ ਤੋਂ ਵੱਧ ਸਵਦੇਸ਼ੀ ਸਮੱਗਰੀ ਦੀ ਵਰਤੋਂ ਕੀਤੀ ਜਾਵੇਗੀ; ਹਾਲਾਂਕਿ ਰੱਖਿਆ ਮੰਤਰਾਲੇ ਨੇ ਅਧਿਕਾਰਤ ਲਾਗਤ ਦਾ ਖੁਲਾਸਾ ਨਹੀਂ ਕੀਤਾ, ਪਰ ਇਸ ਦੇ 2.90 ਲੱਖ ਕਰੋੜ ਤੋਂ 3.15 ਲੱਖ ਕਰੋੜ ਰੁਪਏ ਵਿਚਕਾਰ ਹੋਣ ਦੀ ਉਮੀਦ ਹੈ। ਇਹ ਮਨਜ਼ੂਰੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਦੇ ਭਾਰਤ ਦੌਰੇ ਤੋਂ ਸਿਰਫ਼ ਚਾਰ ਦਿਨ ਪਹਿਲਾਂ ਆਈ ਹੈ। ਸੰਭਾਵਨਾ ਹੈ ਕਿ ਉਨ੍ਹਾਂ ਦੇ ਦੌਰੇ ਦੌਰਾਨ ਦੋਵੇਂ ਦੇਸ਼ ਇਸ ਪ੍ਰਾਜੈਕਟ ਬਾਰੇ ਅੰਤਰ-ਸਰਕਾਰੀ ਸਮਝੌਤੇ (ਆਈ ਜੀ ਏ) ’ਤੇ ਦਸਤਖ਼ਤ ਕਰ ਸਕਦੇ ਹਨ।

ਕੀਮਤ ਬਾਰੇ ਗੱਲਬਾਤ ਅਜੇ ਬਾਕੀ

ਇਸ ਤਜਵੀਜ਼ ਨੂੰ ਹੁਣ ਜਲਦੀ ਹੀ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਾਲੀ ਸੁਰੱਖਿਆ ਬਾਰੇ ਕੈਬਨਿਟ ਕਮੇਟੀ (ਸੀ ਸੀ ਐੱਸ) ਕੋਲ ਭੇਜਿਆ ਜਾਵੇਗਾ। ਅੰਤਿਮ ਕੀਮਤਾਂ ਅਤੇ ਹਥਿਆਰਾਂ ਦੇ ਪੈਕੇਜ ਬਾਰੇ ਗੱਲਬਾਤ ਅਜੇ ਬਾਕੀ ਹੈ, ਜਿਸ ਕਰ ਕੇ ਰਸਮੀ ਇਕਰਾਰਨਾਮਾ ਸਾਲ ਦੇ ਅਖ਼ੀਰ ਤੱਕ ਹੋਣ ਦੀ ਸੰਭਾਵਨਾ ਹੈ। ਅਪਰੈਲ 2019 ਵਿੱਚ ਭਾਰਤੀ ਹਵਾਈ ਸੈਨਾ ਨੇ ਲਗਪਗ 18 ਅਰਬ ਅਮਰੀਕੀ ਡਾਲਰ ਦੀ ਲਾਗਤ ਨਾਲ 114 ਐੱਮ ਆਰ ਐੱਫ ਏ ਖਰੀਦਣ ਲਈ ਆਰ ਐੱਫ ਆਈ ਜਾਂ ਸ਼ੁਰੂਆਤੀ ਟੈਂਡਰ ਜਾਰੀ ਕੀਤਾ ਸੀ। ਇਸ ਨੂੰ ਹਾਲ ਦੇ ਸਾਲਾਂ ’ਚ ਦੁਨੀਆ ਦੇ ਸਭ ਤੋਂ ਵੱਡੇ ਫੌਜੀ ਖਰੀਦ ਪ੍ਰੋਗਰਾਮਾਂ ’ਚੋਂ ਇੱਕ ਵਜੋਂ ਦੇਖਿਆ ਗਿਆ ਸੀ।

Share: