ਨਸ਼ਾ ਵਿਰੋਧੀ ਮੁਹਿੰਮ ਲੋਕਾਂ ਦੀ ਮੁਹਿੰਮ ਬਣੀ: ਕਟਾਰੀਆ

ਨਸ਼ਾ ਵਿਰੋਧੀ ਮੁਹਿੰਮ ਲੋਕਾਂ ਦੀ ਮੁਹਿੰਮ ਬਣੀ: ਕਟਾਰੀਆ

ਮੁਕੇਰੀਆਂ: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਰਾਜ ਸਰਕਾਰ ਦੀ ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੌਰਾਨ ਮੁਕੇਰੀਆਂ ਵਿੱਚ ‘ਨਸ਼ਿਆਂ ਖ਼ਿਲਾਫ਼ ਪੈਦਲ ਯਾਤਰਾ’ ਅਧੀਨ ਜਾਗਰੂਕਤਾ ਰੈਲੀ ਕੀਤੀ ਗਈ। ਤਹਿਸੀਲ ਕੰਪਲੈਕਸ, ਮੁਕੇਰੀਆਂ ਤੋਂ ਸ਼ੁਰੂ ਹੋਈ ਯਾਤਰਾ ਦਾ ਆਰੰਭ ਐੱਨ ਸੀ ਸੀ ਕੈਡੇਟਸ ਦੇ ਬੈਂਡ ਦੀ ਅਗਵਾਈ ਵਿੱਚ ਕੀਤਾ ਗਿਆ। ਗੁਬਾਰੇ ਛੱਡ ਕੇ ਅਤੇ ਖੇਡ ਪ੍ਰਤਿਭਾਵਾਂ ਵੱਲੋਂ ਮਸ਼ਾਲ ਜਗਾ ਕੇ ਨਸ਼ਿਆਂ ਵਿਰੁੱਧ ਸੰਘਰਸ਼ ਦਾ ਸੰਦੇਸ਼ ਦਿੱਤਾ ਗਿਆ।

‘ਮਦਰਜ਼ ਅਗੇਂਸਟ ਡਰੱਗਜ਼’ ਥੀਮ ’ਤੇ ਕੀਤੀ ਪੈਦਲ ਯਾਤਰਾ ਵਿੱਚ ਰਾਜਨੀਤਿਕ, ਪ੍ਰਸ਼ਾਸਨਿਕ, ਸਮਾਜਿਕ, ਧਾਰਮਿਕ ਸੰਗਠਨਾਂ, ਵਿਦਿਆਰਥੀਆਂ, ਵਪਾਰੀਆਂ, ਐੱਨ ਜੀ ਓਜ਼ ਅਤੇ ਨਾਗਰਿਕਾਂ ਨੇ ਹਿੱਸਾ ਲਿਆ। ਪੈਦਲ ਯਾਤਰਾ ਦੌਰਾਨ ਸਕੂਲ-ਕਾਲਜ ਦੇ ਵਿਦਿਆਰਥੀਆਂ, ਐੱਨ ਸੀ ਸੀ- ਐੱਨ ਐੱਸ ਐੱਸ ਵਾਲੰਟੀਅਰਜ਼, ਰੈੱਡ ਰਿਬਨ ਕਲੱਬ, ਵੀ ਡੀ ਸੀ ਮੈਂਬਰਾਂ ਅਤੇ ਸਿਵਲ ਡਿਫੈਂਸ ਵਾਲੰਟੀਅਰਜ਼ ਨੇ ਮਨੁੱਖੀ ਲੜੀ ਬਣਾ ਕੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਦਾ ਸੰਦੇਸ਼ ਦਿੱਤਾ। ਵੱਖ-ਵੱਖ ਥਾਵਾਂ ‘ਤੇ ਸਮਾਜਿਕ ਸੰਸਥਾਵਾਂ ਅਤੇ ਸੰਗਠਨਾਂ ਵੱਲੋਂ ਰਾਜਪਾਲ ਦਾ ਸਵਾਗਤ ਕੀਤਾ ਗਿਆ ਅਤੇ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਤਿੰਨ ਕਿਲੋਮੀਟਰ ਲੰਬੀ ਇਸ ਪੈਦਲ ਯਾਤਰਾ ਦੀ ਸਮਾਪਤੀ ਦਸ਼ਮੇਸ਼ ਗਰਲਜ਼ ਕਾਲਜ, ਚੱਕ ਅੱਲਾ ਬਖ਼ਸ਼ ਵਿਖੇ ਹੋਈ। ਇੱਥੇ ਸ਼ਿਵੀ ਸ਼ਿਵਾਏ ਵੈਲਫੇਅਰ ਸੁਸਾਇਟੀ ਵੱਲੋਂ ਨੁੱਕੜ ਨਾਟਕ ਦੇ ਜ਼ਰੀਏ ਨਸ਼ੇ ਦੇ ਮਾੜੇ ਪ੍ਰਭਾਵ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ।

ਰਾਜਪਾਲ ਨੇ ਕਿਹਾ ਕਿ ਨਸ਼ਾ ਸਮਾਜ, ਪਰਿਵਾਰ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਕਮਜ਼ੋਰ ਕਰਦਾ ਹੈ। ਸੂਬਾ ਸਰਕਾਰ ਦੀ ਨਸ਼ੇ ਖ਼ਿਲਾਫ਼ ਸੂਬਾ ਵਿਆਪੀ ਮੁਹਿੰਮ ਨੂੰ ਕਾਫੀ ਸਫਲਤਾ ਮਿਲੀ ਹੈ। ਇਸ ਮੌਕੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਐੱਸ ਐੱਸ ਪੀ ਸੰਦੀਪ ਕੁਮਾਰ ਮਲਿਕ, ਏ ਡੀ ਸੀ ਨਿਕਾਸ ਕੁਮਾਰ, ਐੱਸ ਡੀ ਐੱਮ ਮੁਕੇਰੀਆਂ ਓਇਸ਼ੀ ਮੰਡਲ, ਪੰਜਾਬ ਲਿਟ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਲੇਖਕ ਖੁਸ਼ਵੰਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਰਵਿੰਦਰ ਸਿੰਘ ਚੱਕ, ਬਿਕਰਮ ਸਿੰਘ ਅੱਲਾ ਬਖ਼ਸ਼ ਅਤੇ ਵਿਧਾਇਕ ਜੰਗੀ ਲਾਲ ਮਹਾਜਨ ਹਾਜ਼ਰ ਸਨ।

Share: