ਪੁਲੀਸ ਮੁਲਾਜ਼ਮ ਕਤਲ ਕੇਸ ਦਾ ਮੁਲਜ਼ਮ ਮੁਕਾਬਲੇ ’ਚ ਹਲਾਕ

ਪੁਲੀਸ ਮੁਲਾਜ਼ਮ ਕਤਲ ਕੇਸ ਦਾ ਮੁਲਜ਼ਮ ਮੁਕਾਬਲੇ ’ਚ ਹਲਾਕ

ਗੁਰਦਾਸਪੁਰ: ਸਰਹੱਦੀ ਪਿੰਡ ਆਦੀਆਂ ਵਿੱਚ ਪੁਲੀਸ ਨਾਕੇ ’ਤੇ ਦੋ ਪੁਲੀਸ ਮੁਲਾਜ਼ਮਾਂ ਦੇ ਕਤਲ ਦੀ ਵਾਰਦਾਤ ’ਚ ਕਥਿਤ ਤੌਰ ’ਤੇ ਸ਼ਾਮਲ ਰਣਜੀਤ ਸਿੰਘ ਨਾਂ ਦਾ ਨੌਜਵਾਨ ਪੁਲੀਸ ਮੁਕਾਬਲੇ ਦੌਰਾਨ ਮਾਰਿਆ ਗਿਆ। ਪੁਲੀਸ ਮੁਤਾਬਕ ਵਾਰਦਾਤ ਦੇ ਤਾਰ ਸਰਹੱਦ ਪਾਰ ਜੁੜੇ ਹਨ। ਮੁਕਾਬਲੇ ਵਿੱਚ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ। ਪੁਲੀਸ ਨੇ ਮੌਕੇ ਤੋਂ 30 ਬੋਰ ਦਾ ਪਿਸਤੌਲ, ਚਾਰ ਖ਼ਾਲੀ ਕਾਰਤੂਸ, ਦੋ ਜ਼ਿੰਦਾ ਕਾਰਤੂਸ ਅਤੇ ਮੋਟਰ ਸਾਈਕਲ ਬਰਾਮਦ ਕੀਤਾ ਹੈ। ਡੀ ਆਈ ਜੀ ਸੰਦੀਪ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਦਿਲਾਵਰ ਸਿੰਘ (22) ਪਿੰਡ ਆਲ਼ੀ ਨੰਗਲ ਨੂੰ ਪੁਲੀਸ ਗ੍ਰਿਫ਼ਤਾਰ ਕਰ ਚੁੱਕੀ ਹੈ। ਵਾਰਦਾਤ ਲਈ ਦਿਲਾਵਰ ਸਿੰਘ ਦਾ ਮੋਟਰਸਾਈਕਲ ਵਰਤਿਆ ਗਿਆ ਸੀ। ਉਸ ਨੇ ਪੁਲੀਸ ਮੁਲਾਜ਼ਮਾਂ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਰਣਜੀਤ ਸਿੰਘ (19) ਤੇ ਇੰਦਰਜੀਤ ਸਿੰਘ (21) ਪਿੰਡ ਆਦੀਆਂ ਨੂੰ ਰਾਤ ਆਪਣੇ ਘਰ ਵਿੱਚ ਸ਼ਰਨ ਦਿੱਤੀ ਸੀ। ਮੁਲਜ਼ਮਾਂ ਦੇ ਤਾਰ ਸਰਹੱਦ ਪਾਰ ਜੁੜੇ ਸਨ ਤੇ ਪੈਸੇ ਦਾ ਲਾਲਚ ਦੇ ਕੇ ਇਹ ਕਤਲ ਕਰਵਾਇਆ ਗਿਆ ਸੀ।

ਡੀ ਆਈ ਜੀ ਸੰਦੀਪ ਗੋਇਲ ਮੁਤਾਬਕ ਰਣਜੀਤ ਸਿੰਘ ਨੂੰ ਜਦੋਂ ਹਿਰਾਸਤ ਵਿੱਚ ਲਿਆ ਤਾਂ ਉਸ ਨੇ ਮੰਨਿਆ ਕਿ ਵਾਰਦਾਤ ਲਈ ਵਰਤਿਆ ਹਥਿਆਰ ਉਸ ਨੇ ਥਾਣਾ ਬਹਿਰਾਮਪੁਰ ਦੇ ਇਲਾਕੇ ਵਿੱਚ ਲੁਕਾ ਕੇ ਰੱਖਿਆ ਹੈ। ਥਾਣਾ ਮੁਖੀ ਬਨਾਰਸੀ ਦਾਸ ਹਥਿਆਰ ਬਰਾਮਦਗੀ ਲਈ ਅੱਜ ਤੜਕੇ ਉਸ ਨੂੰ ਗੱਡੀ ਵਿੱਚ ਲਿਜਾ ਰਹੇ ਸਨ, ਪਿੰਡ ਗਾਲ੍ਹੜੀ ਵਿੱਚ ਸੰਘਣੀ ਧੁੰਦ ਕਰ ਕੇ ਗੱਡੀ ਪਲਟ ਗਈ ਤੇ ਰਣਜੀਤ ਸਿੰਘ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸੇ ਦੌਰਾਨ ਸੀ ਆਈ ਏ ਗੁਰਦਾਸਪੁਰ ਦੀ ਟੀਮ ਨੇ ਸਵੇਰੇ ਸਾਢੇ 6 ਵਜੇ ਦੇ ਕਰੀਬ ਮੋਟਰ ਸਾਈਕਲ ਸਵਾਰ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਗੋਲੀ ਚਲਾ ਦਿੱਤੀ। ਜਵਾਬੀ ਫਾਇਰਿੰਗ ਵਿੱਚ ਰਣਜੀਤ ਸਿੰਘ ਜ਼ਖ਼ਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਦੁਵੱਲੀ ਫਾਇਰਿੰਗ ’ਚ ਸੀ ਆਈ ਏ ਸਟਾਫ਼ ਦਾ ਇੰਚਾਰਜ ਗੁਰਮੀਤ ਸਿੰਘ ਵੀ ਜ਼ਖ਼ਮੀ ਹੋ ਗਿਆ।

ਪਰਿਵਾਰ ਨੇ ਪੁਲੀਸ ਕਾਰਵਾਈ ’ਤੇ ਉਂਗਲ ਚੁੱਕੀ

ਮ੍ਰਿਤਕ ਰਣਜੀਤ ਸਿੰਘ ਦੀ ਮਾਂ ਸੁਖਵਿੰਦਰ ਕੌਰ ਅਤੇ ਪੰਚ ਹਰਮੀਤ ਸਿੰਘ ਨੇ ਇਸ ਨੂੰ ਝੂਠਾ ਮੁਕਾਬਲਾ ਦੱਸਿਆ ਹੈ। ਉਨ੍ਹਾਂ ਪੁਲੀਸ ਕਾਰਵਾਈ ’ਤੇ ਉਂਗਲ ਚੁੱਕਦਿਆਂ ਕਿਹਾ ਕਿ ਪੁਲੀਸ ਰਣਜੀਤ ਨੂੰ ਘਰੋਂ ਪੁੱਛਗਿੱਛ ਲਈ ਲੈ ਕੇ ਗਈ ਸੀ। ਰਣਜੀਤ ਸਿੰਘ ਬੇਕਸੂਰ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਰਣਜੀਤ ਸਿੰਘ ਨੂੰ ਥਾਣੇ ਲਿਜਾਣ ਮਗਰੋਂ ਪੁਲੀਸ ਮੁਲਾਜ਼ਮ ਵਾਪਸ ਆਏ ਤੇ ਪਿੰਡ ਵਿੱਚ ਲੱਗੇ ਚਾਰ ਸੀ ਸੀ ਟੀ ਵੀ ਕੈਮਰੇ ਅਤੇ ਗੁਰਦੁਆਰੇ ਦਾ ਕੈਮਰਾ ਬੰਦ ਕਰ ਕੇ ਡੀ ਵੀ ਆਰ ਲੈ ਗਏ।

Share: