ਚੰਡੀਗਡ਼੍ਹ: ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਅੱਜ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ‘ਗਰਾਊਂਡ ਜ਼ੀਰੋ’ ’ਤੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੀ ਮਦਦ ਲਈ ਪਾਰਟੀ ਤਰਫ਼ੋਂ ਹਰ ਹਲਕੇ ’ਚ ਤਕਨੀਕੀ ਸਹਾਇਕ ਤਾਇਨਾਤ ਕਰ ਦਿੱਤੇ ਗਏ ਹਨ। ਹਲਕੇ ’ਚ ਸਰਕਾਰੀ ਸਕੀਮਾਂ ਅਤੇ ਪਾਰਟੀ/ਸਰਕਾਰ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਦੀ ਇਹ ਤਕਨੀਕੀ ਸਹਾਇਕ ਪੂਰੀ ਸੂਚਨਾ ਤਿਆਰ ਕਰਨਗੇ। ਹਲਕੇ ਦੀ ਹਰ ਤਰ੍ਹਾਂ ਦੀ ਸੂਚਨਾ ਪਾਰਟੀ ਮੰਚ ’ਤੇ ਦੇਣਗੇ ਅਤੇ ਵਿਧਾਇਕਾਂ ਦੇ ਮਦਦਗਾਰ ਬਣਨਗੇ, ਜਿਨ੍ਹਾਂ ਹਲਕਿਆਂ ’ਚ ਪਾਰਟੀ ਦਾ ਵਿਧਾਇਕ ਨਹੀਂ, ਉੱਥੇ ਹਲਕਾ ਇੰਚਾਰਜ ਨਾਲ ਤਕਨੀਕੀ ਸਹਾਇਕ ਰਹੇਗਾ। ‘ਆਪ’ ਦੇ ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆ ਨੇ ਅੱਜ ਮੋਗਾ ਰੈਲੀ ਮਗਰੋਂ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੀ ਪੈਲੇਸ ’ਚ ਮੀਟਿੰਗ ਕੀਤੀ, ਜਿੱਥੇ ਅਗਲੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਸਮਝਾਈ ਗਈ। ਸੂਤਰਾਂ ਅਨੁਸਾਰ ਵਿਧਾਇਕਾਂ ਨੂੰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਤੇ ਯੁੱਧ ਨਸ਼ਿਆਂ ਵਿਰੁੱਧ ਨੂੰ ਘਰ ਘਰ ਪਹੁੰਚਾਉਣ ਲਈ ਕਿਹਾ।
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹਰ ਹਲਕੇ ’ਚੋਂ ਵੱਧ ਤੋਂ ਵੱਧ ਯਾਤਰੀਆਂ ਨੂੰ ਭੇਜਣ ਲਈ ਕਿਹਾ ਗਿਆ। ਕੁਝ ਵਿਧਾਇਕਾਂ ਨੇ ਪਾਰਟੀ ਮੰਚ ’ਤੇ ਕੁਝ ਮੁੱਦੇ ਵੀ ਉਠਾਏ। ਮੋਗਾ ਰੈਲੀ ਖ਼ਤਮ ਹੋਣ ਮਗਰੋਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਚਲੇ ਗਏ ਸਨ। ਮੋਗਾ ਰੈਲੀ ’ਚ ਅੱਜ ਪਹਿਲੀ ਵਾਰ ਪਾਰਟੀ ਦੇ ਸਾਰੇ ਵਜ਼ੀਰਾਂ, ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੂੰ ਮੁੱਖ ਸਟੇਜ ’ਤੇ ਥਾਂ ਦਿੱਤੀ ਗਈ। ਵਿਧਾਇਕਾਂ ਨੇ ਸਟੇਜ ’ਤੇ ਥਾਂ ਨਾ ਮਿਲਣ ਦਾ ਮਾਮਲਾ ਪਾਰਟੀ ਕੋਲ ਉਠਾਇਆ ਸੀ। ਮੋਗਾ ਰੈਲੀ ਲਈ ਸਾਰੇ ਵਿਧਾਇਕ ਆਪੋ ਆਪਣੇ ਹਲਕੇ ’ਚੋਂ ਬੱਸਾਂ ਲੈ ਕੇ ਗਏ ਸਨ। ਰੈਲੀ ਮਗਰੋਂ ਮੀਟਿੰਗ ’ਚ ਵਿਧਾਇਕਾਂ ਨੇ ਆਪੋ ਆਪਣੀ ਸਿਆਸੀ ਹਾਜ਼ਰੀ ਵੀ ਲਵਾਈ। ਪਾਰਟੀ ਦੇ ਸੂਤਰਾਂ ਨੇ ਇਹ ਵੀ ਰੈਲੀ ’ਚ ਨੋਟਿਸ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਭਾਸ਼ਣ ਮੌਕੇ ਪੰਡਾਲ ’ਚ ਨਾਅਰਿਆਂ ਦੀ ਗੂੰਜ ਪੈਂਦੀ ਰਹੀ। ਮੁੱਖ ਮੰਤਰੀ ਨੇ ਅੱਜ ਰੈਲੀ ’ਚ ਅਸਿੱਧੇ ਤਰੀਕੇ ਨਾਲ ਬਿਕਰਮ ਸਿੰਘ ਮਜੀਠੀਆ ਨੂੰ ਮੁੜ ਨਿਸ਼ਾਨੇ ’ਤੇ ਲਿਆ। ਰੈਲੀ ਅੱਜ ਨਿਰਧਾਰਿਤ ਸਮੇਂ ਤੋਂ ਕਾਫ਼ੀ ਪਛੜ ਕੇ ਸ਼ੁਰੂ ਹੋਈ।
ਐੱਸ ਆਈ ਆਰ ਤੋਂ ਵਿਧਾਇਕਾਂ ਨੂੰ ਸੁਚੇਤ ਕੀਤਾ
‘ਆਪ’ ਨੇ ਅੱਜ ਆਪਣੇ ਸਾਰੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੂੰ ਚੋਣਾਂ ਵਾਲੇ ਸੂਬੇ ਵਿੱਚ ਖਾਸ ਤੌਰ ’ਤੇ ਕੀਤੀ ਜਾ ਰਹੀ ਵਿਸ਼ੇਸ਼ ਵਿਆਪਕ ਸੁਧਾਈ ਦੌਰਾਨ ਚੌਕਸ ਰਹਿਣ ਲਈ ਕਿਹਾ ਹੈ। ਐੱਸ ਆਈ ਆਰ ਦਾ ਮੁੱਦਾ ਅੱਜ ਮੋਗਾ ਵਿੱਚ ਕਰਵਾਈ ਗਈ ਰੈਲੀ ਤੋਂ ਬਾਅਦ ਹੋਈ ਪਾਰਟੀ ਦੇ ਸਾਰੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੀ ਮੀਟਿੰਗ ਵਿੱਚ ਉਠਾਇਆ ਗਿਆ। ਘੱਟਗਿਣਤੀ ਵੋਟਰਾਂ ਦੇ ਵੋਟ ਅਧਿਕਾਰ ਖੋਹਣ ਦੇ ਖਦਸ਼ੇ ਕਾਰਨ ਇਹ ਹਦਾਇਤ ਦਿੱਤੀ ਗਈ ਹੈ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਇਸ ਸੁਧਾਈ ਦੌਰਾਨ ਸਾਵਧਾਨ ਰਹਿਣ ਤਾਂ ਜੋ ਇਸ ਨਾਲ ਵਿਰੋਧੀ ਪਾਰਟੀਆਂ ਨੂੰ ਫ਼ਾਇਦਾ ਨਾ ਹੋਵੇ।
