ਲਿਬੀਆ ’ਚ ਕਿਸ਼ਤੀ ਡੁੱਬਣ ਕਾਰਨ 53 ਮੌਤਾਂ

ਕਾਹਿਰਾ: ਲਿਬੀਆ ਵਿਚ ਪਰਵਾਸੀ ਮਜ਼ਦੂਰਾਂ ਨੂੰ ਲਿਜਾ ਰਹੀ ਕਿਸ਼ਤੀ ਡੁੱਬ ਗਈ ਜਿਸ ਕਾਰਨ 53 ਜਣੇ ਮਾਰੇ ਗਏ। ਜਾਣਕਾਰੀ ਅਨੁਸਾਰ 55 ਅਫਰੀਕੀ ਪਰਵਾਸੀਆਂ ਨੂੰ ਲੈ ਕੇ ਇਹ ਕਿਸ਼ਤੀ ਜ਼ਾਵੀਆ ਤੋਂ ਰਵਾਨਾ ਹੋਈ ਸੀ। ਇਹ ਕਿਸ਼ਤੀ ਪਾਣੀ ਭਰਨ ਕਾਰਨ ਪਲਟ ਗਈ। ਕੌਮਾਂਤਰੀ ਪਰਵਾਸ ਸੰਗਠਨ ਦੀ ਰਿਪੋਰਟ ਅਨੁਸਾਰ ਸਾਲ 2026 ਵਿੱਚ ਇਸ ਮਾਰਗ ’ਤੇ ਹੁਣ ਤੱਕ 484 ਪਰਵਾਸੀਆਂ ਦੇ ਮਰਨ ਜਾਂ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਪਿਛਲੇ ਸਾਲ ਇਸੇ ਮਾਰਗ ’ਤੇ 1,300 ਤੋਂ ਵੱਧ ਪਰਵਾਸੀ ਮਾਰੇ ਗਏ ਜਾਂ ਲਾਪਤਾ ਹੋਏ ਸਨ।

ਪਿਛਲੇ ਕੁਝ ਸਾਲਾਂ ਦੌਰਾਨ ਲਿਬੀਆ ਵਿੱਚ ਮਨੁੱਖੀ ਤਸਕਰਾਂ ਨੇ ਪਰਵਾਸੀਆਂ ਦੀ ਤਸਕਰੀ ਤੇਜ਼ ਕਰ ਦਿੱਤੀ ਹੈ। ਇਹ ਤਸਕਰ ਲਿਬੀਆ ਦੀਆਂ ਛੇ ਦੇਸ਼ਾਂ ਨਾਲ ਲੱਗਦੀਆਂ ਲੰਬੀਆਂ ਸਰਹੱਦਾਂ ਰਾਹੀਂ ਪਰਵਾਸੀਆਂ ਨੂੰ ਲਿਆਉਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਭੀੜ-ਭੜੱਕੇ ਵਾਲੀਆਂ ਅਤੇ ਅਸੁਰੱਖਿਅਤ ਬੇੜੀਆਂ ਰਾਹੀਂ ਸਮੁੰਦਰ ਪਾਰ ਕਰਨ ਲਈ ਮਜਬੂਰ ਕਰਦੇ ਹਨ। ਸੰਯੁਕਤ ਰਾਸ਼ਟਰ (UN) ਦੇ ਜਾਂਚਕਰਤਾਵਾਂ ਅਨੁਸਾਰ ਇਨ੍ਹਾਂ ਹਿਰਾਸਤੀ ਕੇਂਦਰਾਂ ਵਿੱਚ ਪਰਵਾਸੀਆਂ ਨਾਲ ਬੇਹੱਦ ਮਾੜਾ ਸਲੂਕ ਕੀਤਾ ਜਾਂਦਾ ਹੈ, ਜਿਸ ਵਿੱਚ ਜਬਰੀ ਮਜ਼ਦੂਰੀ, ਕੁੱਟਮਾਰ, ਜਬਰ ਜਨਾਹ ਆਦਿ ਸ਼ਾਮਲ ਹੈ। ਜਾਂਚਕਰਤਾਵਾਂ ਨੇ ਇਨ੍ਹਾਂ ਹਾਲਾਤ ਨੂੰ ਮਨੁੱਖਤਾ ਵਿਰੁੱਧ ਅਪਰਾਧ ਕਰਾਰ ਦਿੱਤਾ ਹੈ। ਅਕਸਰ ਇਹ ਤਸ਼ੱਦਦ ਪਰਵਾਸੀਆਂ ਦੇ ਪਰਿਵਾਰਾਂ ਤੋਂ ਪੈਸੇ ਵਸੂਲਣ ਲਈ ਕੀਤਾ ਜਾਂਦਾ ਹੈ ਅਤੇ ਪੈਸੇ ਮਿਲਣ ਤੋਂ ਬਾਅਦ ਹੀ ਉਨ੍ਹਾਂ ਨੂੰ ਤਸਕਰਾਂ ਦੀਆਂ ਬੇੜੀਆਂ ਰਾਹੀਂ ਲਿਬੀਆ ਛੱਡਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।-

Share: